ਕੋਰੋਨਾ ਲਾਕਡਾਊਨ ਦੌਰਾਨ ਅਵਾਮ ਨੂੰ ਮਿੱਠੀਆਂ ਗੋਲੀਆਂ ਹੀ ਮਿਲੀਆਂ, ਜਦੋਂ ਕਾਰਪੋਰੇਟ ਘਰਾਣੇ ਰੱਜਦੇ ਰਹੇ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Apr 07 2021 14:48
Reading time: 1 min, 18 secs

ਕਿਸਾਨਾਂ ਦੀ ਛੋਟੀ ਜਿਹੀ ਮੰਗ ਨੂੰ ਹੁਕਮਰਾਨ ਮੰਨ ਨਹੀਂ ਰਿਹਾ ਅਤੇ ਲਗਾਤਾਰ ਅੜੀ ਫੜ ਕੇ ਬੈਠਾ ਹੈ। ਲੋਕ ਅਤੇ ਕਿਸਾਨ ਮਾਰੂ ਖੇਤੀ ਕਾਨੂੰਨ ਕੋਰੋਨਾ ਕਹਿਰ ਦੇ ਉਸ ਵੇਲੇ ਵਿੱਚ ਪਾਸ ਕੀਤੇ ਗਏ, ਜਦੋਂ ਅਵਾਮ ਘਰਾਂ ਵਿੱਚ ਤੜੀ ਹੋਈ ਸੀ। ਅਵਾਮ ਦੀ ਆਵਾਜ਼ ਤਾਂ ਅੰਦਰੋਂ ਰੋਟੀ ਲਈ ਆਉਂਦੀ ਸੀ, ਪਰ ਹੁਕਮਰਾਨ, ਉਨ੍ਹਾਂ ਨੂੰ ਅਜਿਹੀ ਮਿੱਠੀ ਗੋਲੀ ਦਿੰਦੇ ਰਹੇ, ਜਿਨ੍ਹਾਂ ਅੱਜ ਜ਼ਿਕਰ ਕਰਿਆ ਜਾਵੇ ਤਾਂ, ਕਈਆਂ ਦੇ ਪੋਤੜੇ ਢਿੱਲ ਹੋ ਜਾਣਗੇ। 

ਕੋਰੋਨਾ ਵਾਇਰਸ ਦੀ ਆੜ ਵਿੱਚ ਲਗਾਏ ਗਏ ਬੇਲੋੜੇ ਲਾਕਡਾਊਨ ਅਤੇ ਕਰਫ਼ਿਊ ਵਿੱਚ ਹੀ ਹੁਕਮਰਾਨਾਂ ਨੇ ਕਿਰਤ ਕਾਨੂੰਨ ਵਿੱਚ ਸੋਧ ਕਰਦਿਆਂ ਹੋਇਆ, ਬਿਜਲੀ ਸੋਧ ਬਿੱਲ-2020 ਵੀ ਪਾਸ ਕਰ ਦਿੱਤਾ। ਇਹਦੇ ਤੋਂ ਇਲਾਵਾ ਪੁਰਾਣੀ ਸਿੱਖਿਆ ਨੀਤੀ ਨੂੰ ਖ਼ਤਮ ਕਰਦਿਆਂ, ਨਵੀਂ ਸਿੱਖਿਆ ਨੀਤੀ-2020 ਪਾਸ ਕਰਕੇ ਲਾਗੂ ਕਰ ਦਿੱਤੀ। 

ਇਹ ਸਭ ਕੁੱਝ ਜੋ ਵੀ ਹੁਕਰਮਾਨਾਂ ਨੇ ਕੀਤਾ, ਇਹ ਲੋਕ ਵਿਰੋਧੀ ਸੀ ਅਤੇ ਇਸੇ ਕਾਰਨ ਹੀ ਅੱਜ ਮੁਲਕ ਵਿੱਚ ਹੁਕਮਰਾਨਾਂ ਦੇ ਇਨ੍ਹਾਂ ਲੋਕ ਵਿਰੋਧੀ ਫ਼ੈਸਲਿਆਂ ਖ਼ਿਲਾਫ਼ ਪ੍ਰਦਰਸ਼ਨ ਚੱਲ ਰਹੇ ਹਨ। ਹੁਕਮਰਾਨਾਂ ਦੀਆਂ ਜੋ ਚਾਲਾਂ ਮੁਲਕ ਨੂੰ ਵੇਚਣ ਦੀਆਂ ਸਨ, ਉਨ੍ਹਾਂ ਨੂੰ ਸੰਘਰਸ਼ੀ ਲੋਕਾਂ ਨੇ ਬੇਨਕਾਬ ਕਰ ਦਿੱਤਾ ਹੋਇਆ ਹੈ। ਜਿਹੜੇ ਹੁਕਮਰਾਨ ਲੰਘੇ 7 ਸਾਲਾਂ ਤੋਂ ਝੂਠ 'ਤੇ ਝੂਠ ਬੋਲ ਕੇ, ਮੁਲਕ ਨੂੰ ਝੂਠੀਆਂ ਬੁਲੰਦੀਆਂ ਵੱਲ ਲਿਜਾਉਣ ਦੀਆਂ ਗੱਲਾਂ ਕਰਦੇ ਆ ਰਹੇ ਸਨ, ਉਨ੍ਹਾਂ ਨੂੰ ਨੰਗਾ ਭਾਰਤੀ ਅਵਾਮ ਨੇ ਇਸ ਵੇਲੇ ਕਰ ਦਿੱਤਾ ਹੈ। 

ਬੇਸ਼ੱਕ ਅਵਾਮ ਦੀ ਗੱਲ ਹੁਕਰਮਾਨ ਨਹੀਂ ਸੁਣ ਰਹੇ ਅਤੇ ਸੰਘਰਸ਼ ਨੂੰ ਦਰਕਿਨਾਰ ਕਰ ਰਹੇ ਹਨ, ਪਰ ਹੁਕਮਰਾਨਾਂ ਦੀ ਇਸ ਫ਼ਿਰਕੂ ਚਾਲ ਦਾ ਹੁਕਮਰਾਨਾਂ ਨੂੰ ਹੀ ਖ਼ਮਿਆਜ਼ਾ ਆਗਾਮੀ ਸਮੇਂ ਵਿੱਚ ਭੁਗਤਣਾ ਪਵੇਗਾ ਅਤੇ ਕਈ ਜਗ੍ਹਾਵਾਂ 'ਤੇ ਭੁਗਤਣਾ ਵੀ ਪੈ ਰਿਹਾ ਹੈ। ਮੁਲਕ ਦੇ ਸਰਕਾਰੀ ਵਿਭਾਗਾਂ ਅਤੇ ਕੰਪਨੀਆਂ ਨੂੰ ਵੇਚਦੇ ਹੋਏ, ਹੁਕਮਰਾਨ ਵਿਦੇਸ਼ੀ ਸੈਰਾਂ 'ਤੇ ਨਿਕਲ ਪਏ ਹਨ ਅਤੇ ਪਹਿਲੀ ਸੈਰ ਮੁਲਕ ਦੇ ਪ੍ਰਧਾਨ ਸੇਵਕ ਨੇ ਬੰਗਲਾਦੇਸ਼ ਤੋਂ ਸ਼ੁਰੂ ਕੀਤੀ ਹੈ।