ਕੀ ਆਮ ਆਦਮੀ ਪਾਰਟੀ ਨੇ ਕਰਵਾਇਆ ਭਾਜਪਾ ਵਿਧਾਇਕ 'ਤੇ ਹਮਲਾ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Apr 06 2021 18:14
Reading time: 1 min, 30 secs

ਲੰਘੇ ਕੱਲ੍ਹ ਇੱਕ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਇੱਕ ਆਗੂ ਦਾ ਬਿਆਨ ਆਇਆ ਕਿ, 27 ਮਾਰਚ 2021 ਨੂੰ ਮਲੋਟ ਵਿਖੇ ਭਾਜਪਾ ਵਿਧਾਇਕ ਅਰੁਣ ਨਾਰੰਗ 'ਤੇ ਆਮ ਆਦਮੀ ਪਾਰਟੀ ਨੇ ਹਮਲਾ ਕਰਵਾਇਆ। ਇਸ ਬਿਆਨ ਦੀ ਪੁਸ਼ਟੀ ਅਸੀਂ ਤਾਂ ਨਹੀਂ ਕਰਦੇ, ਪਰ ਦੋਸ਼ ਭਾਜਪਾ ਲੀਡਰਾਂ ਦਾ ਹੈ ਕਿ 'ਆਪ' ਦੇ ਆਗੂਆਂ ਅਤੇ ਵਰਕਰਾਂ ਨੇ ਭਾਜਪਾ ਵਿਧਾਇਕ 'ਤੇ ਹਮਲਾ ਕਰਕੇ, ਉਸ ਨੂੰ ਜ਼ਖਮੀ ਕਰਕੇ, ਪ੍ਰੋਟੋਕਾਲ ਦੀ ਉਲੰਘਨਾ ਕੀਤੀ ਅਤੇ ਚੁਣੇ ਹੋਏ ਨੁਮਾਇੰਦੇ ਦੀ ਬੇਇੱਜਤੀ ਕੀਤੀ। 

ਆਮ ਆਦਮੀ ਪਾਰਟੀ ਦੇ ਵੱਲੋਂ ਭਾਜਪਾ ਆਗੂ ਦੇ ਇਸ ਬਿਆਨ ਨੂੰ ਨਕਾਰਦੇ ਹੋਏ ਕਿਹਾ ਹੈ, ਕਿ ਉਨ੍ਹਾਂ ਦੇ ਕਿਸੇ ਵੀ ਵਰਕਰ ਜਾਂ ਫਿਰ ਆਗੂ ਨੇ ਭਾਜਪਾ ਵਿਧਾਇਕ 'ਤੇ ਹਮਲਾ ਨਹੀਂ ਕੀਤਾ। ਦੱਸਦੇ ਚੱਲੀਏ ਕਿ, ਇਸੇ ਮਾਮਲੇ ਨੂੰ ਲੈ ਕੇ, 28 ਮਾਰਚ ਨੂੰ ਭਾਜਪਾ ਦੇ ਸੀਨੀਅਰ ਲੀਡਰ, ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਨੂੰ ਮਿਲੇ।

ਘਟਨਾ ਦੀ ਰਾਜਪਾਲ ਵੀਪੀ ਸਿੰਘ ਬਦਨੌਰ ਨੇ ਨਿੰਦਾ ਕੀਤੀ ਅਤੇ ਤੁਰੰਤ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਗੱਲਬਾਤ ਕਰਕੇ, ਕਾਰਵਾਈ ਕਰਨ ਲਈ ਆਖਿਆ। ਰਾਜਪਾਲ ਦੇ ਆਦੇਸ਼ ਮਗਰੋਂ ਕੈਪਟਨ ਨੇ ਵੀ ਘਟਨਾ ਦੀ ਨਿੰਦਾ ਕੀਤੀ ਅਤੇ ਡੀਸੀ ਤੋਂ ਇਲਾਵਾ ਐਸਐਸਪੀ ਨੂੰ ਨਿਰਦੇਸ਼ ਦਿੱਤੇ, ਕਿ ਭਾਜਪਾ ਵਰਕਰਾਂ ਦੇ ਪ੍ਰਦਰਸ਼ਨ ਵਾਲੀ ਜਗ੍ਹਾ 'ਤੇ ਸੁਰੱਖਿਆ ਮੁਕੰਮਲ ਕੀਤੀ ਜਾਵੇ।

ਖ਼ੈਰ, ਕੈਪਟਨ ਦੇ ਨਾਲ ਨਾਲ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦੇ ਵੱਲੋਂ ਵੀ ਉਕਤ ਘਟਨਾ ਦੀ ਨਿੰਦਾ ਕੀਤੀ ਗਈ ਹੈ। ਪਰ, ਇੱਥੇ ਸਵਾਲ ਉੱਠਦਾ ਹੈ ਕਿ ਇੱਕੋ ਦਮ ਇਹ ਸਭ ਕੁੱਝ ਕਿਵੇਂ ਹੋ ਗਿਆ? ਕੀ ਇਹ ਸਭ ਕੁੱਝ ਪਲਾਨ ਕੀਤਾ ਹੋਇਆ ਹੋਇਆ ਮਸਲਾ ਸੀ? ਕੀ ਕਿਸਾਨ ਅੰਦੋਲਨ ਨੂੰ ਢਾਹ ਲਗਾਉਣ ਦੇ ਲਈ ਸਰਕਾਰ ਦੀ ਇਹ ਸੋਚੀ ਸਮਝੀ ਸਾਜ਼ਿਸ਼ ਸੀ?

ਕੀ ਕਿਸਾਨਾਂ ਹੀ ਸਨ ਵਿਧਾਇਕ 'ਤੇ ਹਮਲਾ ਕਰਨ ਵਾਲੇ? ਅਜਿਹੇ ਅਨੇਕਾਂ ਸਵਾਲ ਹਨ, ਪਰ ਕਿਸਾਨ ਆਗੂਆਂ ਦੇ ਬਿਆਨ ਵੀ ਇਸ ਘਟਨਾ 'ਤੇ ਸਾਹਮਣੇ ਆਏ ਹਨ, ਜਿਸ ਵਿੱਚ ਕਿਸਾਨ ਆਗੂ ਇਸ ਘਟਨਾ ਦੀ ਨਿੰਦਾ ਤਾਂ ਕਰ ਹੀ ਰਹੇ ਹਨ, ਨਾਲ ਹੀ ਕਹਿ ਰਹੇ ਹਨ ਕਿ ਕੁੱਟਮਾਰ ਕਿਸਾਨਾਂ ਨੇ ਨਹੀਂ ਕੀਤੀ, ਬਲਕਿ ਕਾਲੀਆਂ ਝੰਡੀਆਂ ਨਾਲ ਕਿਸਾਨਾਂ ਨੇ ਸਿਰਫ਼ ਵਿਧਾਇਕ ਦਾ ਵਿਰੋਧ ਕੀਤਾ ਹੈ।