ਪੰਜਾਬ ਦੀਆਂ ਕੁੱਝ ਵਿਦਿਆਰਥੀ ਅਤੇ ਮੁਲਾਜ਼ਮ ਜਥੇਬੰਦੀਆਂ ਦਾ ਦਾਅਵਾ ਹੈ ਕਿ ਸਰਕਾਰ ਦੁਆਰਾ ਕੋਰੋਨਾ ਦਾ ਬਹਾਨਾ ਬਣਾ ਕੇ ਵਿੱਦਿਅਕ ਸੰਸਥਾਵਾਂ ਨੂੰ ਲੰਘੇ ਮਹੀਨੇ ਮੁਕੰਮਲ ਤੌਰ 'ਤੇ ਬੰਦ ਕਰ ਦਿੱਤਾ ਗਿਆ ਸੀ ਅਤੇ ਵਿਦਿਆਰਥੀਆਂ ਨੂੰ ਡਰਾ ਦਿੱਤਾ ਸੀ ਕਿ ਜੇਕਰ ਸਕੂਲ ਕਾਲਜ ਖੁੱਲ੍ਹੇ ਰਹੇ ਤਾਂ ਕੋਰੋਨਾ ਵਾਇਰਸ ਜ਼ਿਆਦਾ ਫ਼ੈਲ ਜਾਊ। ਇਸ ਲਈ ਵਿੱਦਿਅਕ ਸੰਸਥਾਨ ਬੰਦ ਕਰਨੇ ਜ਼ਰੂਰੀ। ਭਾਵੇਂ ਹੀ ਸਰਕਾਰ ਦੁਆਰਾ ਲਏ ਗਏ ਇਸ ਫ਼ੈਸਲੇ ਦਾ, ਸਮਾਜ ਕਾਰਕੁੰਨਾਂ ਨੇ ਵਿਰੋਧ ਕੀਤਾ।
ਪਰ, ਦੂਜੇ ਪਾਸੇ ਪਾੜ੍ਹਿਆਂ ਅਤੇ ਸਿੱਖਿਆ ਦੇਣ ਵਾਲੇ ਅਧਿਆਪਕਾਂ ਨੇ ਵੀ ਸਮਾਜ ਕਾਰਕੁੰਨਾਂ ਦੇ ਹੱਕ ਵਿੱਚ ਨਾਅਰਾ ਮਾਰਦਿਆਂ ਹੋਇਆ ਬੰਦ ਵਿੱਦਿਅਕ ਸੰਸਥਾਵਾਂ ਦਾ ਵਿਰੋਧ ਕੀਤਾ। ਦਰਅਸਲ, ਪੰਜਾਬ ਦੀਆਂ 9 ਵਿਦਿਆਰਥੀਆਂ ਜਥੇਬੰਦੀਆਂ, ਇਸ ਵੇਲੇ ਇੱਕ ਮੰਚ 'ਤੇ ਇਕੱਠਾ ਹੋ ਕੇ ਸਰਕਾਰ ਦੇ ਵਿਰੁੱਧ ਸੰਘਰਸ਼ ਕਰ ਰਹੀਆਂ ਹਨ ਅਤੇ ਮੰਗ ਕਰ ਰਹੀਆਂ ਹਨ ਕਿ ਵਿੱਦਿਅਕ ਸੰਸਥਾਨ ਖੋਲ੍ਹੇ ਜਾਣ।
ਵਿਦਿਆਰਥੀਆਂ ਦੇ ਮਾਪਿਆਂ, ਅਧਿਆਪਨ ਅਤੇ ਗੈਰ-ਅਧਿਆਪਨ ਅਮਲੇ ਨੇ ਪੂਰੇ ਅਨੁਸਾਸ਼ਨ ਅਤੇ ਜਬਤ ਵਿੱਚ ਰਹਿੰਦੇ ਹੋਏ ਸਕੂਲਾਂ ਨੂੰ ਜਲਦੀ ਤੋਂ ਜਲਦੀ ਖੋਲ੍ਹਣ ਲਈ 'ਕੋਰੋਨਾ ਤਾਂ ਇੱਕ ਬਹਾਨਾ ਹੈ, ਅਸਲੀ ਹੋਰ ਨਿਸ਼ਾਨਾ ਹੈ' ਵਰਗੇ ਨਾਅਰਿਆਂ ਨਾਲ ਸਰਕਾਰ ਨੂੰ ਜਗਾਉਣ ਦਾ ਯਤਨ ਕਰ ਰਹੇ ਹਨ। ਭਾਵੇਂ ਕੋਰੋਨਾ ਵਾਈਰਸ ਇੱਕ ਖਤਰਨਾਕ ਵਾਇਰਸ ਹੈ, ਪਰ ਸਕੂਲ ਬੰਦ ਕਰਨਾ, ਇਸ ਦਾ ਹੱਲ ਨਹੀਂ ਹੈ।
ਕਿਉਂਕਿ ਬੱਚੇ ਲਗਾਤਾਰ ਬਜ਼ਾਰਾਂ, ਖ਼ੁਸ਼ੀ-ਗਮੀ ਦੇ ਸਮਾਗਮਾਂ, ਰਿਸ਼ਤੇਦਾਰੀਆਂ ਆਦਿ ਵਿੱਚ ਵਿਚਰ ਰਹੇ ਹਨ। ਕੁੱਝ ਧਿਰਾਂ ਸਰਕਾਰ ਨੂੰ ਸਵਾਲ ਕਰ ਰਹੀਆਂ ਹਨ ਕਿ, ਇਸ ਗੱਲ ਦੀ ਕੀ ਗਾਰੰਟੀ ਹੈ ਕਿ ਕੁੱਝ ਸਮੇਂ ਲਈ ਸਕੂਲ ਬੰਦ ਕਰਕੇ ਇਸ ਵਾਇਰਸ ਦਾ ਇਲਾਜ ਹੋ ਜਾਵੇਗਾ? ਸਰਕਾਰ ਨੇ ਜਿਸ ਤਰ੍ਹਾਂ ਕੁੱਝ ਸ਼ਰਤਾਂ ਸਮੇਤ ਬਾਕੀ ਸਭ ਕੁੱਝ ਖੋਲ੍ਹਿਆ ਹੋਇਆ ਹੈ, ਉਸੇ ਤਰ੍ਹਾਂ ਕੋਵਿਡ-19 ਦੇ ਫੈਲਾਓ ਨੂੰ ਰੋਕਣ ਲਈ ਕੁੱਝ ਪਾਬੰਦੀਆਂ ਲਗਾ ਕੇ ਸਕੂਲ ਖੋਲ੍ਹਣ ਦੀ ਆਗਿਆ ਦੇਣੀ ਚਾਹੀਦੀ ਹੈ।