ਕੋਰੋਨਾ ਤੋਂ ਵੀ ਕਿਤੇ ਵੱਧ ਖ਼ਤਰਨਾਕ ਹੈ ਤੰਬਾਕੂ, ਪਰ ਬੈਨ ਕਿਉਂ ਨਹੀਂ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Apr 06 2021 18:11
Reading time: 1 min, 23 secs

ਦਿੱਲੀ ਦੀਆਂ ਸਰਹੱਦਾਂ 'ਤੇ ਇੱਕ ਪਾਸੇ ਖੇਤੀ ਕਾਨੂੰਨਾਂ ਦੇ ਵਿਰੁੱਧ ਕਿਸਾਨਾਂ ਦਾ ਅੰਦੋਲਨ ਜਾਰੀ ਹੈ, ਉੱਥੇ ਹੀ ਦੂਜੇ ਪਾਸੇ ਸਰਕਾਰ ਸਰਕਾਰੀ ਵਿਭਾਗਾਂ ਅਤੇ ਸਰਕਾਰੀ ਕੰਪਨੀਆਂ ਨੂੰ 'ਸੇਲ' ਕਰੀ ਜਾ ਰਹੀ ਹੈ। ਕੋਰੋਨਾ ਦੀ ਆੜ ਵਿੱਚ ਅਣਗਿਣਤ ਸਰਕਾਰੀ ਕੰਪਨੀਆਂ ਨੂੰ ਸਰਕਾਰ ਨੇ ਵੇਚਿਆ ਹੈ ਅਤੇ ਕਈ ਬੈਂਕ ਵੀ ਹੁਣ ਸਰਕਾਰ ਨੇ ਵੇਚ ਦਿੱਤੇ ਹਨ। ਕੋਰੋਨਾ ਵਾਇਰਸ ਨੂੰ ਰੋਕਣ ਲਈ ਲਗਾਏ ਗਏ ਲਾਕਡਾਊਨ ਦੇ ਦੌਰਾਨ, ਬਹੁਤੇ ਗ਼ਰੀਬ ਮਜ਼ਦੂਰ ਲੋਕਾਂ ਨੂੰ ਤਾਂ ਰੋਟੀ ਵੀ ਨਾ ਮਿਲੀ। 

ਭਾਵੇਂ ਸਰਕਾਰ ਦਾਅਵਾ ਕਰਦੀ ਰਹੀ ਕਿ, ਕੋਈ ਭੁੱਖਾ ਨਹੀਂ ਮਰਨ ਦਿੱਤਾ ਜਾਵੇਗਾ, ਪਰ ਲੋਕ ਕੋਰੋਨਾ ਦੇ ਨਾਲ ਘੱਟ ਅਤੇ ਭੁੱਖ ਦੇ ਨਾਲ ਜ਼ਿਆਦਾ 'ਚੜ੍ਹਾਈ' ਕਰ ਗਏ। ਕੋਰੋਨਾ ਵਾਇਰਸ ਭਾਵੇਂ ਦੇ ਕੁੱਝ ਅਮੀਰਾਂ ਨੂੰ ਘਿਓ ਵਾਂਗ ਲੱਗਿਆ। ਉਕਤ ਅਮੀਰਾਂ ਦੀ ਕਮਾਈ ਲਾਕਡਾਊਨ ਅਤੇ ਕਰਫ਼ਿਊ ਦੇ ਦੌਰਾਨ ਵੀ ਦੁਗਣੀ ਤਿੱਗਣੀ ਹੋ ਗਈ। ਫੇਸਬੁੱਕ ਅਤੇ ਹੋਰਨਾਂ ਸੋਸ਼ਲ ਸਾਈਟਾਂ ਦੇ ਮਾਲਕ ਕੋਰੋਨਾ ਲਾਕਡਾਊਨ ਦੇ ਦੌਰਾਨ ਮਾਲਾ-ਮਾਲ ਹੋ ਗਏ। 

ਕੀ ਇਹ ਕੋਰੋਨਾ ਦਾ ਡਰਾਮਾ ਅਮੀਰਾਂ ਨੂੰ ਹੋਰ ਅਮੀਰ ਕਰਨ ਲਈ ਕੀਤਾ ਗਿਆ ਸੀ? ਆਖ਼ਰ ਅਮੀਰਾਂ ਦੀ ਕਮਾਈ ਸਭ ਕੁੱਝ ਬੰਦ ਹੋਣ ਦੇ ਬਾਵਜੂਦ ਵੀ ਕਿਵੇਂ ਵੱਧ ਗਈ ਇਹ ਇੱਕ ਆਪਣੇ ਆਪ ਵਿੱਚ ਵੱਡਾ ਸਵਾਲ ਹੈ? ਕੀ ਸਰਕਾਰਾਂ ਦੁਆਰਾ ਅਮੀਰਾਂ ਦੇ ਨਾਲ ਗਿੱਟ ਮਿਟ ਕਰਕੇ ਹੀ, ਕੋਰੋਨਾ ਦੀ ਆੜ ਵਿੱਚ ਸਖ਼ਤੀ ਕੀਤੀ ਅਤੇ ਪਾਬੰਦੀਆਂ ਮੜ੍ਹੀਆਂ? ਅਜਿਹੇ ਅਨੇਕਾਂ ਹੋਰ ਸਵਾਲ ਹਨ।

ਪਰ ਸਵਾਲ ਸਭ ਤੋਂ ਵੱਡਾ ਇਹ ਹੈ ਕਿ ਕੋਰੋਨਾ ਦੇ ਨਾਂਅ 'ਤੇ ਚੱਲ ਰਿਹਾ ਡਰਾਮਾ ਕਦੋਂ ਤੱਕ ਖ਼ਤਮ ਹੋਵੇਗਾ? ਕੀ ਸਾਡੇ ਮੁਲਕ ਦੇ ਅੰਦਰ ਕੋਰੋਨਾ ਤੋਂ ਖ਼ਤਰਨਾਕ ਬਿਮਾਰੀਆਂ ਦੇ ਨਾਲ ਮਰਦੇ ਲੋਕਾਂ ਨੂੰ ਸਰਕਾਰ ਬਚਾਉਣ ਦੀ ਕੋਸ਼ਿਸ਼ ਕਰੇਗੀ? ਕਿਉਂਕਿ ਹਰ ਸਾਲ ਲੱਖਾਂ ਲੋਕ ਤੰਬਾਕੂ ਦੇ ਨਾਲ ਸਾਡੇ ਮੁਲਕ ਦੇ ਅੰਦਰ ਤਾਂ ਮਰਦੇ ਹੀ ਹਨ, ਨਾਲ ਹੀ ਵਿਦੇਸ਼ਾਂ ਵਿੱਚ ਕਰੋੜਾਂ ਦੀ ਗਿਣਤੀ ਵਿੱਚ ਲੋਕ ਮੌਤ ਦੇ ਮੂੰਹ ਵਿੱਚ ਜਾਂਦੇ ਹਨ। ਕੀ ਸਰਕਾਰ ਤੰਬਾਕੂ ਨੂੰ ਬੈਨ ਕਰਕੇ, ਮੌਤ ਦੇ ਮੂੰਹ ਵਿੱਚ ਜਾ ਰਹੇ ਲੋਕਾਂ ਨੂੰ ਬਚਾਏਗੀ?