ਕਿਰਤ ਕਾਨੂੰਨ ਖ਼ਿਲਾਫ਼ ਮੋਰਚਾ: ਅੱਠ ਦੀ ਬਿਜਾਏ ਬਾਰਾਂ ਘੰਟੇ ਦਿਹਾੜੀ ਦਾ ਵਿਰੋਧ!! (ਨਿਊਜ਼ਨੰਬਰ ਖ਼ਾਸ ਖ਼ਬਰ)

ਕਿਰਤ ਦੀ ਲੁੱਟ ਨੇ ਬੇਸ਼ੱਕ ਕਈ ਕਵੀਆਂ ਨੂੰ ਵੀ ਇਨਕਲਾਬੀ ਕਵਿਤਾਵਾਂ ਲਿਖਣ ਵਾਸਤੇ ਮਜ਼ਬੂਰ ਕੀਤਾ ਹੈ, ਪਰ ਇਨ੍ਹਾਂ ਇਨਕਲਾਬੀ ਕਵਿਤਾਵਾਂ ਨੂੰ ਹੁਕਮਰਾਨ ਬੈਨ ਕਰਵਾ ਦਿੰਦੇ ਰਹੇ ਹਨ। ਭਾਰਤ ਦੇ ਅੰਦਰ ਜੋ ਪਹਿਲੋਂ ਕਿਰਤ ਕਾਨੂੰਨ ਸੀ, ਉਹਦੇ ਵਿੱਚ ਪਿਛਲੇ ਸਾਲ ਕੋਰੋਨਾ ਦੀ ਆੜ ਵਿੱਚ ਸਰਕਾਰ ਦੁਆਰਾ ਸੋਧ ਕਰ ਦਿੱਤੀ ਗਈ। ਇਹ ਸੋਧ ਇਸ ਪ੍ਰਕਾਰ ਸਰਕਾਰ ਦੁਆਰਾ ਕੀਤੀ ਗਈ, ਕਿ ਕਿਰਤੀਆਂ ਦੀ ਲੁੱਟ ਹੋਵੇਗੀ।

ਜਦੋਂਕਿ ਕਾਰਪੋਰੇਟ ਘਰਾਣਿਆਂ ਨੂੰ ਇਹਦਾ ਫ਼ਾਇਦਾ ਮਿਲੇਗਾ। ਕਿਰਤੀਆਂ ਦੀ ਲੁੱਟ ਤਾਂ ਵੈਸੇ ਸਾਡੇ ਮੁਲਕ ਦੇ ਅੰਦਰ ਪਹਿਲੋਂ ਹੀ ਹੁੰਦੀ ਆ ਰਹੀ ਹੈ, ਪਰ ਉਨ੍ਹਾਂ ਨੂੰ ਉਨ੍ਹਾਂ ਦੇ ਪੂਰੇ ਹੱਕ ਨਹੀਂ ਮਿਲ ਰਹੇ। ਪਹਿਲੋਂ ਜਿੱਥੇ ਕਿਰਤੀ ਜਮਾਤ 8 ਘੰਟੇ ਡਿਊਟੀ ਕਰਨ ਮਗਰੋਂ, ਪੂਰੀ ਦਿਹਾੜੀ ਲੈਂਦਾ ਹੁੰਦਾ ਸੀ, ਉੱਥੇ ਹੀ ਸਰਕਾਰ ਦੁਆਰਾ ਸੋਧ ਗਏ ਕਿਰਤ ਕਾਨੂੰਨਾਂ ਦੇ ਮੁਤਾਬਿਕ, ਹੁਣ ਕਿਰਤੀ ਨੂੰ 8 ਘੰਟੇ ਦੀ ਬਿਜਾਏ, 12 ਘੰਟੇ ਕੰਮ ਕਰਨਾ ਪੈਣਾ ਹੈ। 

ਇਹ ਨਵਾਂ ਕਾਨੂੰਨ ਇਕੱਲੇ ਦਿਹਾੜੀਦਾਰ 'ਤੇ ਹੀ ਲਾਗੂ ਨਹੀਂ ਹੋਵੇਗਾ, ਬਲਕਿ ਹਰ ਉਸ ਨੌਕਰੀਪੇਸ਼ਾ ਵਿਅਕਤੀ ਜਾਂ ਫਿਰ ਔਰਤ 'ਤੇ ਲਾਗੂ ਵੀ ਹੋਵੇਗਾ, ਜੋ ਦਫ਼ਤਰੀ ਕਾਰੋਬਾਰ ਦੇ ਨਾਲ ਜੁੜੇ ਹੋਏ ਹਨ। ਸਰਕਾਰੀ ਮੁਲਾਜ਼ਮਾਂ 'ਤੇ ਵੀ ਇਸ ਕਾਨੂੰਨ ਦੀ ਮਾਰ ਪਵੇਗੀ। ਪਰ ਇਸ ਕਾਨੂੰਨ ਦਾ ਅੰਤਿਮ ਨੁਕਸਾਨ ਇਹ ਹੈ ਕਿ ਕਿਰਤੀ ਜਮਾਤ ਜਾਂ ਫਿਰ ਮੁਲਾਜ਼ਮ ਵਰਗ ਦੇ ਕੋਲੋਂ ਸਰਕਾਰ ਜਾਂ ਫਿਰ ਕਾਰਪੋਰੇਟ ਕੰਮ ਤਾਂ 8 ਦੀ ਬਿਜਾਏ 12 ਘੰਟੇ ਲਿਆ ਕਰੇਗੀ।

ਪਰ ਉਹਨੂੰ ਦਿਹਾੜੀ ਪੁਰਾਣੀ ਹੀ ਦਿੱਤੀ ਜਾਵੇਗੀ। ਇਸ ਦੇ ਨਾਲ ਜਿੱਥੇ ਕਿਰਤੀ ਜਮਾਤ 'ਤੇ ਭਾਰੀ ਬੋਝ ਪੈ ਜਾਵੇਗਾ, ਉੱਥੇ ਹੀ ਉਹ ਪ੍ਰੇਸ਼ਾਨ ਹੋ ਕੇ ਖ਼ੁਦਕੁਸ਼ੀਆਂ ਦੇ ਰਸਤੇ ਵੀ ਅਖ਼ਤਿਆਰ ਕਰ ਸਕਦਾ ਹੈ। ਦੱਸ ਦਈਏ ਕਿ ਬੀਤੇ ਦਿਨ ਕਿਰਤੀ ਕਿਸਾਨ ਜਥੇਬੰਦੀਆਂ ਨੇ ਇੱਕ ਜੁੱਟ ਹੋ ਕੇ ਪੰਜਾਬ ਭਰ ਵਿੱਚ ਨਵੇਂ ਕਿਰਤ ਕਾਨੂੰਨ ਦੇ ਵਿਰੁੱਧ ਪ੍ਰਦਰਸ਼ਨ ਕੀਤਾ ਅਤੇ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਕਿ, ਇਹ ਲੋਕ ਮਾਰੂ ਕਾਨੂੰਨ ਰੱਦ ਕੀਤੇ ਜਾਣ।