ਸਕੂਲਾਂ ਦੀ ਤਾਲਾਬੰਦੀ ਕਿਸੇ ਮਸਲੇ ਦਾ ਹੱਲ ਨਹੀਂ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Apr 05 2021 16:03
Reading time: 1 min, 22 secs

ਕੋਰੋਨਾ ਦੇ ਨਾਂਅ 'ਤੇ ਹੋ ਰਹੇ ਡਰਾਮੇ ਅਤੇ ਸਿੱਖਿਆ ਸੰਸਥਾਵਾਂ 'ਤੇ ਲਗਾਈ ਤਾਲਾਬੰਦੀ ਦੇ ਨਾਲ-ਨਾਲ ਮੌਜੂਦਾ ਵੇਲੇ ਦੀ ਜੇਕਰ ਗੱਲ ਕਰੀਏ ਤਾਂ, ਸਰਕਾਰ ਦਾ ਦਾਅਵਾ ਹੈ ਕਿ ਕੋਰੋਨਾ ਵਾਇਰਸ ਦੇ ਮਾਮਲੇ ਵੱਧ ਰਹੇ ਹਨ, ਇਸੇ ਲਈ ਦੇਸ਼ ਵਿੱਚ ਸਖ਼ਤੀ ਕੀਤੀ ਜਾ ਰਹੀ ਹੈ। ਪਰ ਦੂਜੇ ਪਾਸੇ ਵੇਖਿਆ ਜਾਵੇ ਤਾਂ ਸਰਕਾਰ ਇਸ ਸਖ਼ਤੀ ਅਤੇ ਕੋਰੋਨਾ ਦੀ ਆੜ ਵਿੱਚ ਵਿੱਦਿਅਕ ਸੰਸਥਾਵਾਂ ਨੂੰ ਬੰਦ ਕਰਵਾ ਰਹੀ ਹੈ। 

ਪਿਛਲੇ ਸਾਲ ਵੀ ਵਿਦਿਆਰਥੀਆਂ ਨੇ ਘਰੋਂ ਬੈਠ ਕੇ ਆਨਲਾਈਨ ਪੜ੍ਹਾਈ ਕੀਤੀ, ਜਦੋਂਕਿ ਇਸ ਵਾਰ ਵੀ ਅਜਿਹਾ ਹੀ ਹੋ ਰਿਹਾ ਹੈ। ਪਿਛਲੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਇਹ ਫ਼ੈਸਲਾ ਕੀਤਾ ਗਿਆ ਕਿ, ਅਗਲਾ ਸ਼ੈਸ਼ਨ 2021-22 ਵਿਦਿਆਰਥੀਆਂ ਦਾ ਆਨਲਾਈਨ ਹੀ ਸ਼ੁਰੂ ਹੋਵੇਗਾ, ਜੋ ਕਿ ਇੱਕ ਅਪ੍ਰੈਲ ਨੂੰ ਸ਼ੁਰੂ ਹੋ ਗਿਆ ਹੈ। ਪੰਜਾਬ ਦੇ ਵਿੱਦਿਅਕ ਅਦਾਰਿਆਂ ਨੂੰ ਬੰਦ ਕਰਕੇ ਸਰਕਾਰ ਪੂਰੀ ਤਰ੍ਹਾਂ ਨਾਲ ਘਿਰ ਚੁੱਕੀ ਹੈ। 

ਕਿਉਂਕਿ ਸਰਕਾਰ ਦੁਆਰਾ ਸ਼ਰਾਬ ਦੇ ਠੇਕੇ ਤਾਂ ਬੰਦ ਨਹੀਂ ਕਰਵਾਏ ਜਾ ਰਹੇ, ਪਰ ਸਕੂਲ ਕਾਲਜ ਬੰਦ ਕਰਵਾ ਦਿੱਤੇ ਗਏ ਹਨ। ਸਕੂਲਾਂ ਨੂੰ ਛੇਤੀ ਤੋਂ ਛੇਤੀ ਖੋਲ੍ਹਣ ਦੀ ਮੰਗ ਨੂੰ ਲੈ ਕੇ ਪੰਜਾਬ ਭਰ ਦੇ ਅੰਦਰ ਅੰਦੋਲਨ ਸ਼ੁਰੂ ਹੋ ਗਏ ਹਨ। ਵਿਦਿਆਰਥੀ ਜਥੇਬੰਦੀਆਂ ਦੇ ਨਾਲ ਨਾਲ ਕਿਸਾਨ, ਮਜ਼ਦੂਰ ਅਤੇ ਪ੍ਰਾਈਵੇਟ ਸਕੂਲ ਐਸੋਸੀਏਸ਼ਨਾਂ ਵੀ ਇਸ ਵੇਲੇ ਸਕੂਲ ਅਤੇ ਕਾਲਜ ਖੁੱਲ੍ਹਵਾਉਣ ਦੇ ਲਈ ਮੈਦਾਨ ਵਿੱਚ ਉੱਤਰ ਆਈਆਂ ਹਨ।

ਵਿਦਿਆਰਥੀਆਂ ਦੇ ਮਾਪੇ ਵੀ ਮੰਗ ਕਰ ਰਹੇ ਹਨ ਕਿ ਸਕੂਲ ਅਤੇ ਕਾਲਜ ਖੋਲ੍ਹੇ ਜਾਣ। ਇਸ ਤੋਂ ਇਲਾਵਾ ਸਰਕਾਰੀ ਅਧਿਆਪਕਾਂ ਦੀਆਂ ਜਥੇਬੰਦੀਆਂ ਵੀ ਸਕੂਲ ਖੋਲ੍ਹਣ ਦੀ ਮੰਗ ਕਰ ਰਹੀਆਂ ਹਨ। ਵੱਖ ਵੱਖ ਜਥੇਬੰਦੀਆਂ ਨੇ ਇੱਕੋ ਸੁਰ ਵਿੱਚ ਆਵਾਜ਼ ਦਿੰਦੇ ਹੋਏ ਕਿਹਾ ਕਿ, ਹੁਣ ਜਦੋਂ ਸਾਰੇ ਕੰਮ ਕਾਰ ਨਿਰਵਿਘਨ ਚੱਲ ਰਹੇ ਹਨ, ਤਾਂ ਸਕੂਲ ਬੰਦ ਹੋਣ ਨਾਲ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋ ਰਿਹਾ ਹੈ। ਪਿਛਲੇ ਸਾਲ ਵੀ ਸਕੂਲ ਬੰਦ ਰਹਿਣ ਕਾਰਨ ਭਾਵੇਂ ਆਨਲਾਈਨ ਪੜ੍ਹਾਈ ਕਰਵਾਈ ਗਈ, ਪਰ ਉਸ ਦੇ ਸਾਰਥਿਕ ਨਤੀਜੇ ਨਹੀਂ ਨਿਕਲੇ।