ਭਾਜਪਾ ਬਣਾ ਪਾਵੇਗੀ ਪੰਜਾਬ ਵਿੱਚ ਆਪਣੀ ਸਰਕਾਰ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Apr 04 2021 15:13
Reading time: 1 min, 26 secs

ਕਿਸਾਨ ਮੋਰਚੇ ਦੇ ਨਾਲ ਜਿਹੜੇ ਹਾਲ ਇਸ ਵੇਲੇ ਪੰਜਾਬ ਦੇ ਅੰਦਰ ਭਾਰਤੀ ਜਨਤਾ ਪਾਰਟੀ ਦੇ ਬਣ ਚੁੱਕੇ ਹਨ, ਉਹਦੇ ਤੋਂ ਇੱਕ ਗੱਲ ਤਾਂ ਸਾਫ਼ ਹੈ ਕਿ ਆਗਾਮੀ 2022 ਦੀਆਂ ਚੋਣਾਂ ਦੇ ਵਿੱਚ ਭਾਜਪਾ ਨੂੰ ਇੱਕ ਵੀ ਪੂਰੀ ਸੀਟ ਪ੍ਰਾਪਤ ਨਹੀਂ ਹੋ ਸਕਦੀ। ਪਰ ਭਾਜਪਾ ਦੇ ਇਸ ਮਾੜੇ ਹਾਲ ਨੂੰ ਭਾਜਪਾ ਦੇ ਸੀਨੀਅਰ ਲੀਡਰ ਮੰਨ ਨਹੀਂ ਰਹੇ। ਭਾਜਪਾ ਦੇ ਸੀਨੀਅਰ ਲੀਡਰ ਤਾਂ ਆਗਾਮੀ 2022 ਦੀਆਂ ਚੋਣਾਂ ਅਕਾਲੀ ਦਲ ਤੋਂ ਵੱਖ ਹੋ ਕੇ ਲੜਨ ਦਾ ਐਲਾਨ ਕਰ ਚੁੱਕੇ ਹਨ। 

ਇਸ ਤੋਂ ਇਲਾਵਾ ਭਾਜਪਾ ਦੇ ਸੀਨੀਅਰ ਲੀਡਰ ਇਹ ਵੀ ਦਾਅਵਾ ਠੋਕ ਚੁੱਕੇ ਹਨ ਕਿ ਅਸੀਂ ਹੀ '2022 ਦੀਆਂ ਵਿਧਾਨ ਸਭਾ ਚੋਣਾਂ' ਪੰਜਾਬ ਵਿੱਚ ਜਿੱਤਾਂਗੇ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਭਾਜਪਾ ਲੀਡਰ ਇਹ ਦਾਅਵਾ ਕੀ ਕੁੱਝ ਵੇਖ ਕੇ ਕਰ ਰਹੇ ਹਨ? ਕੀ ਭਾਜਪਾ ਕਿਸੇ ਸਿਆਸੀ ਪਾਰਟੀ ਦੇ ਨਾਲ ਗੱਠਜੋੜ ਕਰਕੇ, ਪੰਜਾਬ ਦੇ ਵਿੱਚ ਸੱਤਾ ਹਾਸਲ ਕਰਨਾ ਚਾਹੁੰਦੀ ਹੈ, ਜਾਂ ਫਿਰ ਭਾਜਪਾ ਦਾ ਏਜੰਡਾ ਕਿਸਾਨਾਂ ਨੂੰ ਦਸੰਬਰ 2021 ਤੱਕ ਬਿਠਾ ਕੇ, ਉਹਦੇ ਤੋਂ ਬਾਅਦ ਕਾਨੂੰਨ ਰੱਦ ਕਰਨ ਦਾ ਹੈ? 

ਭਾਜਪਾ ਦੀ ਅੰਦਰਲੀ ਚਾਲ ਕੀ ਹੈ, ਇਹਦੇ ਬਾਰੇ ਵਿੱਚ ਪਤਾ ਲਗਾਉਣਾ ਬਾਕੀ ਹੈ। ਪਰ ਲੰਘੇ ਕੱਲ੍ਹ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਆਪਣੇ ਵਰਕਰਾਂ ਨੂੰ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਮੈਦਾਨ ਵਿੱਚ ਡਟਣ ਦਾ ਸੱਦਾ ਦਿੰਦਿਆਂ ਕਿਹਾ ਕਿ ਭਾਜਪਾ ਪਹਿਲੀ ਵਾਰ ਆਪਣੇ ਬਲਬੂਤੇ 'ਤੇ 117 ਵਿਧਾਨ ਸਭਾ ਸੀਟਾਂ 'ਤੇ ਚੋਣ ਲੜ ਰਹੀ ਹੈ। ਇਸ ਦੇ ਲਈ, ਹਰ ਵਰਕਰ ਦਾ ਸਹਿਯੋਗ ਜਰੂਰੀ ਹੈ। 

ਇੱਕ ਛਪੀ ਖ਼ਬਰ ਦੇ ਮੁਤਾਬਿਕ, ਅਸ਼ਵਨੀ ਸ਼ਰਮਾ ਆਪਣੇ ਹਰ ਵਰਕਰ ਨੂੰ ਕਹਿ ਰਹੇ ਹਨ ਕਿ, ਵਰਕਰਾਂ ਨੂੰ ਆਪਣੇ ਖੇਤਰ ਦੇ ਲੋਕਾਂ ਨੂੰ ਕੇਂਦਰ ਦੀ ਮੋਦੀ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ ਅਤੇ ਸੂਬੇ ਦੀ ਭ੍ਰਿਸ਼ਟ ਕਾਂਗਰਸ ਸਰਕਾਰ ਦੀ ਲੋਕ ਵਿਰੋਧੀ ਸੋਚ ਬਾਰੇ ਜਾਣਕਾਰੀ ਦੇ ਕੇ ਭਾਜਪਾ ਨੂੰ ਹੋਰ ਮਜਬੂਤ ਕਰਨਾ ਚਾਹੀਦਾ ਹੈ। ਅਸ਼ਵਨੀ ਨੇ ਦਾਅਵਾ ਕੀਤਾ ਕਿ, ਪੰਜਾਬ ਅੰਦਰ 2022 ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨੀ ਤੈਅ ਹੈ।