ਬੇਰੁਜ਼ਗਾਰ ਅਧਿਆਪਕਾਂ ਦੇ ਸੰਘਰਸ਼ ਨੂੰ ਨੱਪਣ ਲਈ ਹੁਕਮਰਾਨਾਂ ਦੀ ਨਵੀਂ ਚਾਲ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Apr 04 2021 15:11
Reading time: 1 min, 27 secs

ਸੰਗਰੂਰ ਵਿਖੇ ਲੰਘੇ ਕੱਲ੍ਹ ਰੁਜ਼ਗਾਰ ਮੰਗਦੇ ਬੇਰੁਜ਼ਗਾਰ ਅਧਿਆਪਕਾਂ 'ਤੇ ਕੁੱਝ ਗੁੰਡਿਆਂ ਦੇ ਵੱਲੋਂ ਸ਼ਰੇਆਮ ਹੀ ਹਮਲਾ ਕਰਕੇ, ਜ਼ਖ਼ਮੀ ਕੀਤਾ ਗਿਆ। ਦਰਅਸਲ, ਇਹ ਗੁੰਡਾਗਰਦੀ ਦਾ ਨੰਗਾ ਨਾਂਚ ਪੰਜਾਬ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੇ ਬਿਲਕੁਲ ਸਾਹਮਣੇ ਹੋਇਆ, ਪਰ ਸਿੰਗਲਾ ਸਾਹਿਬ ਗੁੰਡਾਗਰਦੀ ਕਰਨ ਵਾਲੇ ਗੁੰਡਿਆਂ ਨੂੰ ਰੋਕ ਨਹੀਂ ਸਕੇ। ਰੁਜ਼ਗਾਰ ਮੰਗਦੇ ਬੇਰੁਜ਼ਗਾਰਾਂ ਨੇ ਸਿੱਖਿਆ ਮੰਤਰੀ ਅਤੇ ਪੰਜਾਬ ਸਰਕਾਰ ਦੇ ਵਿਰੁੱਧ ਇੱਕ ਸਮਾਗਮ ਦੌਰਾਨ ਨਾਅਰੇਬਾਜ਼ੀ ਕੀਤੀ। 

ਉਕਤ ਸਮਾਗਮ ਵਿੱਚ ਸਿੱਖਿਆ ਮੰਤਰੀ ਵੀ ਪੁੱਜਿਆ ਹੋਇਆ ਸੀ। ਸਿੱਖਿਆ ਮੰਤਰੀ ਦੇ ਵਿਰੁੱਧ ਜਦੋਂ ਬੇਰੁਜ਼ਗਾਰਾਂ ਦੇ ਨਾਅਰੇ ਮੰਤਰੀ ਦੇ ਫ਼ੀਲਿਆਂ ਨੂੰ ਸੁਣੇ ਤਾਂ, ਉਨ੍ਹਾਂ ਨੇ ਤੁਰੰਤ ਦੋ ਅਧਿਆਪਕਾਂ 'ਤੇ ਹਮਲਾ ਕਰਦਿਆਂ ਹੋਇਆ ਕੁੱਟਮਾਰ ਕੀਤੀ ਅਤੇ ਸਮਾਗਮ ਵਿੱਚੋਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ। ਇੰਨਾ ਹੀ ਨਹੀਂ, ਬੇਰੁਜ਼ਗਾਰ ਅਧਿਆਪਕਾਂ 'ਤੇ ਪੁਲਿਸ ਨੇ ਵੀ ਤਸ਼ੱਦਦ ਢਾਹਿਆ ਅਤੇ ਪੁਲਿਸ ਬੇਰੁਜ਼ਗਾਰ ਅਧਿਆਪਕਾਂ ਨੂੰ ਚੁੱਕ ਕੇ ਥਾਣੇ ਲੈ ਗਈ। 

ਕਾਂਗਰਸ ਦਾ ਹੱਥ ਠੋਕਾ ਬਣੀ ਸੰਗਰੂਰ ਪੁਲਿਸ ਵੱਲੋਂ ਨੌਜਵਾਨਾਂ ਨੂੰ ਰਾਤ ਭਰ ਨਾਜਾਇਜ਼ ਹਿਰਾਸਤ ਵਿੱਚ ਰੱਖਣ ਦੀ ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਵੱਲੋਂ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਜਾਂਦੀ ਹੈ। 'ਨਿਊਜ਼ਨੰਬਰ' ਨਾਲ ਗੱਲਬਾਤ ਕਰਦਿਆਂ ਹੋਇਆ ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਸੂਬਾ ਕਨਵੀਨਰ ਭੁਪਿੰਦਰ ਸਿੰਘ ਲੌਂਗੋਵਾਲ ਅਤੇ ਜ਼ਿਲ੍ਹਾ ਆਗੂ ਜਸਦੀਪ ਸਿੰਘ ਬਹਾਦਰਪੁਰ ਨੇ ਕਿਹਾ ਕਿ ਕੈਪਟਨ ਦੁਆਰਾ ਘਰ ਘਰ ਨੌਕਰੀ ਦੇ ਦਾਅਵੇ ਫੋਕੇ ਸਾਬਤ ਹੋਏ ਹਨ।

ਸਰਕਾਰੀ ਸਕੂਲਾਂ ਵਿੱਚ ਹਜ਼ਾਰਾਂ ਪੋਸਟਾਂ ਖਾਲੀ ਪਈਆਂ ਹਨ ਅਤੇ ਪਿਛਲੇ 4 ਸਾਲਾਂ ਤੋਂ ਬੇਰੁਜ਼ਗਾਰ ਨੌਜਵਾਨ ਪੜ੍ਹ ਲਿਖ ਕੇ ਨੌਕਰੀ ਲਈ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹੋਣ ਦੇ ਬਾਵਜੂਦ ਰੁਜ਼ਗਾਰ ਲਈ ਦਰ-ਦਰ ਭਟਕ ਰਹੇ ਹਨ ਅਤੇ ਪਿਛਲੇ 10 ਦਿਨਾਂ ਵਿੱਚ ਇਨ੍ਹਾਂ ਬੇਰੁਜ਼ਗਾਰਾਂ ਦੀ ਕਰੀਬ ਤਿੰਨ ਵਾਰੀ ਵੱਖੋ ਵੱਖ ਥਾਵਾਂ 'ਤੇ ਕੁੱਟਮਾਰ ਹੋ ਚੁੱਕੀ ਹੈ। ਪਰ ਸਰਕਾਰ ਇਨ੍ਹਾਂ ਦੀ ਗੱਲ ਸੁਣ ਕੇ ਮਸਲਾ ਹੱਲ ਕਰਨ ਦੀ ਬਜਾਏ ਗੁੰਡਾਗਰਦੀ 'ਤੇ ਉਤਰ ਆਈ ਹੈ। ਆਗੂਆਂ ਨੇ ਮੰਗ ਕੀਤੀ ਕਿ ਬੇਰੁਜ਼ਗਾਰ ਨੌਜਵਾਨ ਮੁੰਡੇ ਕੁੜੀਆਂ ਦੀ ਕੁੱਟਮਾਰ ਕਰਨ ਵਾਲੇ ਗੁੰਡਿਆਂ 'ਤੇ ਪਰਚਾ ਦਰਜ ਕੀਤਾ ਜਾਵੇ ਅਤੇ ਨਾਜਾਇਜ਼ ਹਿਰਾਸਤ ਵਿੱਚ ਰੱਖਣ ਵਾਲੇ ਪੁਲਿਸ ਅਫ਼ਸਰਾਂ ਵਿਰੁੱਧ ਕਾਰਵਾਈ ਕੀਤੀ ਜਾਵੇ।