ਚੋਣ ਵਾਅਦੇ ਅਤੇ ਲੋਕਾਂ ਦੀਆਂ ਅਸਲ ਸਮੱਸਿਆਵਾਂ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Apr 03 2021 15:29
Reading time: 1 min, 32 secs

ਚੋਣਾਂ ਵੇਲੇ ਲੀਡਰਾਂ ਵੱਲੋਂ ਜੋ ਵਾਅਦੇ ਜਨਤਾ ਦੇ ਨਾਲ ਕੀਤੇ ਜਾਂਦੇ ਹਨ, ਉਨ੍ਹਾਂ ਨੂੰ ਕਦੇ ਪੂਰਿਆ ਨਹੀਂ ਕੀਤਾ ਜਾਂਦਾ, ਜਦੋਂਕਿ, ਜਨਤਾ ਦੀਆਂ ਅਸਲ ਸਮੱਸਿਆਵਾਂ ਨੂੰ ਵੀ ਲੀਡਰਾਂ ਵੱਲੋਂ ਨਕਾਰਿਆ ਜਾਂਦਾ ਰਿਹਾ ਹੈ। ਵੇਖਿਆ ਜਾਵੇ ਤਾਂ, ਅਸਲ ਦੇ ਵਿੱਚ ਲੋਕਾਂ ਨੂੰ ਚੰਗੀ ਪੜ੍ਹਾਈ ਦੇ ਨਾਲ ਨਾਲ ਸਿਹਤ ਸੁਵਿਧਾਵਾਂ ਅਤੇ ਰੁਜ਼ਗਾਰ ਦੀ ਲੋੜ ਹੈ, ਪਰ ਸਿਆਸੀ ਪਾਰਟੀਆਂ ਇਨ੍ਹਾਂ ਸਭ ਮੰਗਾਂ ਨੂੰ ਵਿਸਾਰਦੇ ਹੋਏ, ਐਹੋ ਜਿਹਾ ਸਮਾਨ ਜਨਤਾ ਨੂੰ ਵੰਡਣ ਦਾ ਵਾਅਦਾ ਕਰ ਰਹੀ ਹੈ, ਜਿਸ ਨੂੰ ਸੁਣ ਕੇ ਹੀ ਗੁੱਸਾ ਵੀ ਆਉਂਦਾ ਹੈ ਅਤੇ ਅਵਾਮ ਨੂੰ ਸਵਾਲ ਵੀ ਕਰਨੇ ਬਣਦੇ ਹਨ। 

ਕੀ ਲੋਕਾਂ ਨੂੰ ਮੁਫ਼ਤ ਲੈਪਟਾਪ, ਟੀਵੀ, ਪੱਖੇ, ਮਿਕਸੀ ਅਤੇ ਹੋਰ ਕਈ ਚੀਜਾਂ ਦੇਣ ਦੀ ਜ਼ਰੂਰਤ ਹੈ? ਇਸ ਸਵਾਲ ਦਾ ਜਵਾਬ ਇੱਕੋ ਹੀ ਹੈ ਕਿ ਲੋਕਾਂ ਨੂੰ ਇਹ ਸਭ ਕੁੱਝ ਮੁਫ਼ਤ ਦੇਣ ਦੀ ਬਿਜਾਏ, ਰੁਜ਼ਗਾਰ ਦੇ ਮੌਕੇ ਦਿੱਤੇ ਜਾਣ ਤਾਂ, ਜੋ ਲੋਕ ਆਪਣੀ ਮਿਹਨਤ ਦੇ ਨਾਲ ਇਹ ਸਭ ਚੀਜ਼ਾਂ ਖ਼ਰੀਦ ਸਕਣ। ਪਰ, ਸਿਆਸੀ ਪਾਰਟੀਆਂ ਨੂੰ ਤਾਂ ਵੋਟਾਂ ਦੇ ਨਾਲ ਮਤਲਬ ਹੈ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇੱਕ ਵਾਰ ਸੱਤਾ ਵਿੱਚ ਆਉਣ ਦੀ ਲੀਡਰਾਂ ਨੂੰ ਭੁੱਖ ਹੈ। 

ਲੀਡਰਾਂ ਨੂੰ ਕੁਰਸੀ ਦੀ ਇਹ ਭੁੱਖ ਕਰੋੜਾਂ ਲੋਕਾਂ ਕੋਲੋਂ ਰੋਟੀ ਤਾਂ ਖੋਹਦੀ ਹੀ ਹੈ, ਨਾਲ ਹੀ ਉਨ੍ਹਾਂ ਕੋਲੋਂ ਰੁਜ਼ਗਾਰ ਦੇ ਮੌਕੇ ਵੀ ਖੋਹ ਰਹੀ ਹੈ। ਸੱਤਾ ਹਾਸਲ ਕਰਨ ਵਾਸਤੇ ਲੀਡਰ ਚੋਣਾਂ ਵੇਲੇ ਅਣਗਿਣਤ ਵਾਅਦੇ ਤਾਂ ਕਰਦੇ ਹਨ, ਪਰ ਉਨ੍ਹਾਂ ਵਾਅਦਿਆਂ ਨੂੰ ਕਦੇ ਵੀ ਸਿਰੇ ਨਹੀਂ ਚਾੜਿਆ ਜਾਂਦਾ। ਲੋਕਾਂ ਨੂੰ ਜਾਗਣਾ ਹੋਵੇਗਾ ਅਤੇ ਆਪਣੀਆਂ ਅਸਲ ਮੰਗਾਂ ਨੂੰ ਪੂਰਾ ਕਰਨ ਦੇ ਲਈ ਸਰਕਾਰਾਂ ਨੂੰ ਮਜ਼ਬੂਰ ਕਰਨਾ ਹੋਵੇਗਾ। ਜੇਕਰ ਲੋਕ ਨਾ ਜਾਗੇ ਤਾਂ, ਉਹ ਫਿਰ ਤੋਂ ਗ਼ੁਲਾਮੀ ਵੱਲ ਧੱਕੇ ਜਾਣਗੇ। 

ਆਲਮ ਇਹ ਹੈ ਕਿ ਇੰਜੀਨੀਅਰਿੰਗ ਅਤੇ ਗੈ੍ਰਜੂਏਟ ਪਾਸ ਨੌਜਵਾਨ ਮੁੰਡੇ ਕੁੜੀਆਂ ਇਸ ਵੇਲੇ ਸਰਕਾਰੀ ਨੌਕਰੀਆਂ ਦੀ ਭਾਲ ਵਿੱਚ ਤੜਫ਼ ਤਾਂ ਰਹੇ ਹੀ ਹਨ, ਨਾਲ ਹੀ ਉਹ ਸਰਕਾਰੀ ਦਫ਼ਤਰਾਂ ਵਿੱਚ ਸਵੀਪਰ ਜਾਂ ਫਿਰ ਸੇਵਾਦਾਰ ਬਣਨ ਲਈ ਤਿਆਰ ਹਨ। ਵੇਖਿਆ ਜਾਵੇ ਤਾਂ, ਦੇਸ਼ ਦੀ ਅਵਾਮ ਨੂੰ ਵੀ ਜਾਗ ਕੇ, ਆਪਣੇ ਅਧਿਕਾਰਾਂ ਦੀ ਗੱਲ ਕਰਨੀ ਚਾਹੀਦੀ ਹੈ, ਨਾ ਕਿ ਸਿਆਸੀ ਪਾਰਟੀਆਂ ਦੇ ਝੂਠੇ ਵਾਅਦਿਆਂ 'ਤੇ ਡੁੱਲ ਕੇ, ਆਪਣਾ ਜ਼ਮੀਰ ਵੇਚਣਾ ਚਾਹੀਦਾ।