ਕੀ ਇਸੇ ਵਰ੍ਹੇ, ਪੱਕੇ ਹੋਣਗੇ ਕੱਚੇ ਕਾਮੇ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Apr 03 2021 15:27
Reading time: 1 min, 38 secs

ਪਿਛਲੇ ਕਈ ਸਾਲਾਂ ਤੋਂ ਪੱਕੀ ਨੌਕਰੀ ਲਈ ਸੰਘਰਸ਼ ਕਰ ਰਹੇ ਕੱਚੇ ਮੁਲਾਜ਼ਮਾਂ ਦਾ ਅੰਦੋਲਨ ਇਸ ਵੇਲੇ ਪੰਜਾਬ ਸਰਕਾਰ ਦੇ ਵਿਰੁੱਧ ਵਧਦਾ ਜਾ ਰਿਹਾ ਹੈ। ਇਹ ਅੰਦੋਲਨ ਅੱਜ ਤੋਂ ਨਹੀਂ, ਬਲਕਿ ਬਾਦਲਾਂ ਦੀ ਸਰਕਾਰ ਵੇਲੇ ਤੋਂ ਚੱਲਿਆ ਆ ਰਿਹਾ ਹੈ। ਪਰ ਸਰਕਾਰ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਬਿਜਾਏ, ਲਾਰੇ ਲੱਪੇ ਲਗਾ ਕੇ ਡੰਗ ਟਪਾ ਰਹੀ ਹੈ। ਕੱਚੇ ਮੁਲਾਜ਼ਮਾਂ ਨੂੰ ਸਰਕਾਰ ਦੁਆਰਾ ਪੱਕਿਆ ਤਾਂ ਕੀ ਕੀਤਾ ਜਾਣਾ ਹੈ, ਉਲਟਾ ਉਨ੍ਹਾਂ ਨੂੰ ਨੌਕਰੀਓਂ ਕੱਢਿਆ ਜਾ ਰਿਹਾ ਹੈ। 

ਮੁਲਾਜ਼ਮਾਂ ਦਾ ਜਿਸ ਪ੍ਰਕਾਰ ਅੰਦੋਲਨ ਚੱਲ ਰਿਹਾ ਹੈ, ਕੀ ਉਸ ਨੂੰ ਵੇਖ ਕੇ ਲੱਗਦਾ ਹੈ ਕਿ ਸਰਕਾਰ ਇਸੇ ਸਾਲ ਕੱਚੇ ਕਾਮਿਆਂ ਨੂੰ ਪੱਕਾ ਕਰ ਦੇਵੇਗੀ? ਖ਼ੈਰ, ਮੁਲਾਜ਼ਮ ਜਥੇਬੰਦੀਆਂ ਦਾ ਦਾਅਵਾ ਹੈ ਕਿ ਉਹ ਉਦੋਂ ਤੱਕ ਚੁੱਪ ਕਰਕੇ ਨਹੀਂ ਬੈਠਣੇ, ਜਦੋਂ ਤੱਕ ਉਨ੍ਹਾਂ ਨੂੰ ਪੱਕਾ ਰੁਜ਼ਗਾਰ ਨਹੀਂ ਮਿਲ ਜਾਂਦਾ। ਕੱਚੇ ਕਾਮਿਆਂ ਨੂੰ ਜਦੋਂ ਮਰਜ਼ੀ ਚਾਹੇ ਸਰਕਾਰ ਬਾਹਰ ਦਾ ਰਸਤਾ ਵਿਖਾ ਰਹੀ ਹੈ, ਜਦੋਂਕਿ ਨੌਕਰੀਆਂ 'ਤੇ ਮੌਜੂਦ ਕਾਮਿਆਂ ਦੇ ਨਾਲ ਇਹ ਸਰਾਸਰ ਧੱਕਾ ਹੈ। 

ਇਸ ਬਾਰੇ, ਜਾਣਕਾਰੀ ਦਿੰਦਿਆਂ ਹੋਇਆ ਪਨਬੱਸ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਦੱਸਿਆ ਕਿ ਪੰਜਾਬ ਸਰਕਾਰ ਨੂੰ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਪੰਜਾਬ ਦੇ ਸਾਰੇ ਵਿਭਾਗਾਂ ਵਿੱਚ ਰੱਖ ਕੱਚੇ ਮੁਲਾਜਮਾਂ ਨੂੰ ਪੱਕਾ ਨਹੀਂ ਕੀਤਾ ਗਿਆ, ਪੱਕਾ ਕਰਨਾ ਤਾਂ ਇੱਕ ਪਾਸੇ ਵਾਰ ਵਾਰ ਸਰਕਾਰ ਲਿਖਤੀ ਮੀਟਿੰਗ ਦੇ ਕੇ ਭੱਜ ਰਹੀ ਹੈ। ਜਿਸ ਕਾਰਨ ਮੋਰਚੇ ਵਲੋਂ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀਆਂ ਅਤੇ ਮੁੱਖ ਮੰਤਰੀ ਨੂੰ ਕਾਲੀਆ ਝੰਡੀਆਂ ਨਾਲ ਘੇਰ ਕੇ ਸਵਾਲ ਪੁੱਛਣ ਕਿ ਕੱਚੇ ਮੁਲਾਜਮਾਂ ਨੂੰ ਪੱਕਾ ਕਦੋਂ ਕਰੋਗੇ।

ਘਰ ਘਰ ਰੋਜਗਾਰ ਕਦੋਂ ਦਿਉਗੇ ਨਸ਼ਾ ਮੁਕਤ ਪੰਜਾਬ ਕਦੋਂ ਕਰੋਗੇ ਟਰਾਂਸਪੋਰਟ ਮਾਫੀਆ ਕਦੋਂ ਖਤਮ ਕਰੋਗੇ ਅਤੇ ਵਿਭਾਗਾਂ ਦਾ ਨਿੱਜੀਕਰਨ ਕਰਨਾ ਬੰਦ ਕਦੋਂ ਕਰੋਗੇ? ਸਾਰੇ ਵਿਭਾਗਾਂ ਨੂੰ ਬਚਾਉਣ ਲਈ ਤੇ ਲੋਕਾਂ ਨੂੰ ਸਹੂਲਤਾਂ ਦੇਣ ਲਈ ਕੀ ਉਪਰਾਲੇ ਕੀਤੇ ਹਨ? ਇਸ ਸਬੰਧੀ ਖੇਡ ਮੰਤਰੀ ਪੰਜਾਬ ਨਾਲ ਮੀਟਿੰਗ ਕਰਵਾਈ ਗਈ ਹੈ। ਮੋਰਚੇ ਦੀ ਟੀਮ ਨੇ ਪੰਜਾਬ ਵਿੱਚ ਵੱਖ ਵੱਖ ਵਿਭਾਗਾਂ ਦੇ ਕੱਚੇ ਮੁਲਾਜਮਾਂ ਨੂੰ ਪੱਕਾ ਕਰਨ ਦੀ ਮੰਗ ਕੀਤੀ ਅਤੇ ਹੱਲ ਨਾ ਕੱਢਣ ਕਾਰਨ ਮੁਲਾਜਮਾਂ ਦੀ ਨਰਾਜਗੀ ਜਤਾਈ। ਖੇਡ ਮੰਤਰੀ ਵਲੋਂ ਮੋਰਚੇ ਦੀ ਟੀਮ ਤੋਂ ਮੰਗ ਪੱਤਰ ਲਿਆ ਅਤੇ ਭਰੋਸਾ ਦਿੱਤਾ ਕਿ ਕੱਚੇ ਮੁਲਾਜਮਾਂ ਨੂੰ ਪੱਕਾ ਕਰਨ ਲਈ ਸਰਕਾਰ ਪਾਸੋਂ ਜਲਦੀ ਹੱਲ ਕੱਢਿਆ ਜਾਵੇਗਾ।