ਹਾਕਮਾਂ ਨੇ ਰੁਜ਼ਗਾਰ ਦੇਣ ਦੀ ਬਿਜਾਏ, ਧੱਕੇ ਮਾਰ ਕੇ ਕੱਢ'ਤਾ ਨੌਕਰੀਓਂ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Apr 03 2021 15:26
Reading time: 1 min, 41 secs

ਕੈਪਟਨ ਹਕੂਮਤ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲੋਂ ਘਰ ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ, ਪਰ ਉਕਤ ਵਾਅਦਾ ਹੁਣ ਤੱਕ ਵਫ਼ਾ ਨਹੀਂ ਹੋਇਆ, ਜਿਸ ਦੇ ਕਾਰਨ ਬੇਰੁਜ਼ਗਾਰਾਂ ਦੇ ਵਿੱਚ ਭਾਰੀ ਰੋਹ ਵੇਖਣ ਨੂੰ ਮਿਲ ਰਿਹਾ ਹੈ। ਮੁਲਾਜ਼ਮ ਜਥੇਬੰਦੀਆਂ ਦੇ ਵੱਲੋਂ ਸਰਕਾਰ ਦੁਆਰਾ ਬੇਰੁਜ਼ਗਾਰਾਂ ਨੂੰ ਘਰ ਘਰ ਨੌਕਰੀ ਦੇਣ ਦੇ ਝੂਠਾ ਕਰਾਰਦੇ ਹੋਏ ਸੰਘਰਸ਼ ਦਾ ਐਲਾਨ ਕਰਿਆ ਜਾ ਰਿਹਾ ਹੈ। 

ਦੂਜੇ ਪਾਸੇ ਰੁਜਗਾਰ ਦੀ ਮੰਗ ਨੂੰ ਲੈ ਕੇ ਬੇਰੁਜ਼ਗਾਰ ਈਟੀਟੀ ਅਧਿਆਪਕ ਇਸ ਵੇਲੇ ਪਟਿਆਲਾ ਵਿਖੇ ਸੰਘਰਸ਼ ਕਰ ਰਹੇ ਹਨ। ਇਸੇ ਦੇ ਨਾਲ ਹੀ ਜੇਕਰ ਵੇਖਿਆ ਜਾਵੇ ਤਾਂ, ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਵੱਲੋਂ ਮੁਲਾਜ਼ਮਾਂ ਨੂੰ ਬਿਨ੍ਹਾਂ ਕਰਨ ਦੱਸੇ ਛਾਂਟੀ ਕੀਤਾ ਜਾ ਰਿਹਾ ਹੈ ਅਤੇ ਮੁਲਾਜ਼ਮਾਂ ਨੂੰ ਨੌਕਰੀਓਂ ਕੱਢ ਕੇ, ਸਰਕਾਰ ਅਤੇ ਮੈਨੇਜਮੈਂਟ ਮੁਲਾਜ਼ਮਾਂ/ਨੌਜਵਾਨਾਂ ਦੇ ਨਾਲ ਧੋਖਾ ਕਰ ਰਹੀ ਹੈ। 

ਪਾਵਰਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜਮ ਯੂਨੀਅਨ ਪੰਜਾਬ ਵੱਲੋਂ ਪੰਜਾਬ ਸਰਕਾਰ ਅਤੇ ਪਾਵਰਕੌਮ ਦੀ ਮੈਨੇਜਮੈਂਟ ਦੀਆਂ ਗਲਤ ਨੀਤੀਆਂ ਪਾਲਸੀਆਂ ਕਾਰਨ ਪਹਿਲਾਂ ਹੀ ਠੇਕਾ ਕਾਮੇ ਤਾਪ ਹੰਢਾ ਰਹੇ ਹਨ, ਹੁਣ ਨਵੇਂ ਫੁਰਮਾਨਾਂ ਰਾਹੀਂ ਕੰਪਿਊਟਰ ਆਪਰੇਟਰ ਪੈਸਕੋ ਸਰਕੋ ਰਾਹੀਂ ਠੇਕਾ ਕਾਮਿਆਂ ਨੂੰ ਛਾਂਟੀ ਕਰਨ ਅਤੇ ਸੀ ਐੱਚ ਬੀ ਠੇਕਾ ਕਾਮਿਆਂ ਦੀ ਹਾਜ਼ਰੀ ਆਨਲਾਈਨ ਲੁਕੇਸ਼ਨ ਰਾਹੀਂ ਹਾਜ਼ਰੀ ਪਾਉਣ ਦੀ ਜਥੇਬੰਦੀ ਵੱਲੋਂ ਜੋਰਦਾਰ ਨਿਖੇਧੀ ਕੀਤੀ। 

ਲੰਘੀ ਦੇਰ ਸ਼ਾਮ 'ਨਿਊਜ਼ਨੰਬਰ' ਨਾਲ ਗੱਲਬਾਤ ਕਰਦਿਆਂ ਹੋਇਆ ਸੂਬਾ ਪ੍ਰਧਾਨ ਬਲਿਹਾਰ ਸਿੰਘ ਨੇ ਦੱਸਿਆ  ਕਿ ਪਾਵਰਕਾਮ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਪਾਲਸੀਆਂ ਕਰ ਵੱਖ ਵੱਖ ਕੈਟਾਗਿਰੀਆਂ ਰਾਹੀਂ ਰੱਖੇ ਠੇਕਾ ਕਾਮੇ ਪਹਿਲਾਂ ਹੀ ਨਿਗੂਣੀਆਂ ਤਨਖਾਹਾਂ ਤੇ ਕੰਮ ਕਰ ਰਹੇ ਹਨ। ਹੁਣ ਨਵੇਂ ਫੁਰਮਾਨਾਂ ਰਾਹੀਂ ਕੰਪਿਊਟਰ ਓਪਰੇਟਰ ਪੈਸਕੋ ਕੈਸ਼ੀਅਰ ਸਰਕੋ ਰਾਹੀਂ ਠੇਕਾ ਕਾਮਿਆਂ ਨੂੰ ਘਰਾਂ ਨੂੰ ਤੋਰਨ ਦੀ ਤਿਆਰੀ ਮੈਨੇਜਮੈਂਟ ਨੇ ਕਰ ਲਈ ਹੈ। 

ਨਾਲ ਹੀ ਸੀ ਐੱਚ ਬੀ ਠੇਕਾ ਕਾਮਿਆਂ ਨੂੰ ਆਨਲਾਈਨ ਐੱਪ ਸਿਸਟਮ ਰਾਹੀਂ ਸੀਐਚ ਵੀ ਠੇਕਾ ਕਾਮਿਆਂ ਨੂੰ ਹਾਜ਼ਰੀ ਲਗਾਉਣ ਬਾਰੇ ਕਿਹਾ ਜਾ ਰਿਹਾ ਹੈ, ਜੋ ਕਿ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਕੋਈ ਵੀ ਕਾਮਾ ਆਨਲਾਈਨ ਹਾਜ਼ਰੀ ਨਹੀਂ ਲਗਾਵੇਗਾ ਅਤੇ ਇਸ ਦੇ ਲਈ ਤਿੱਖਾ ਸੰਘਰਸ਼ ਵਿੱਢੇਗਾ।

ਪੰਜਾਬ ਸਰਕਾਰ ਅਤੇ ਮੈਨੇਜਮੈਂਟ ਸੀਐਚ ਵੀ ਠੇਕਾ ਕਾਮਿਆਂ ਦੀ ਆਨਲਾਈਨ ਹਾਜ਼ਰੀ ਕਰਕੇ ਉਨ੍ਹਾਂ ਦੇ ਰਿਕਾਰਡ ਖਤਮ ਕਰਨ ਰੌਲਾ ਰਾਹੀਂ ਪੈ ਰਹੀ ਹਾਜ਼ਰੀ ਨੂੰ ਖਤਮ ਕਰਨ ਪ੍ਰਿੰਸੀਪਲ ਅੰਪਾਲਾਇਰ ਦੀ ਜਿੰਮੇਵਾਰੀ ਨੂੰ ਖਤਮ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ, ਜੋ ਕਿ ਕਿਸੇ ਵੀ ਹਦ ਤਕ ਬਰਦਾਸ਼ਤ ਨਹੀਂ ਕੀਤੀ ਜਾਵੇਗੀ।