ਵਿੱਦਿਅਕ ਸੰਸਥਾਵਾਂ ਬੰਦ ਕਰਨ ਵਿਰੁੱਧ ਅਵਾਮ! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Apr 03 2021 15:24
Reading time: 1 min, 19 secs

ਪੰਜਾਬ ਸਰਕਾਰ ਦੁਆਰਾ ਕੋਰੋਨਾ ਦਾ ਬਹਾਨਾ ਬਣਾ ਕੇ ਪੰਜਾਬ ਦੀਆਂ ਵਿੱਦਿਅਕ ਸੰਸਥਾਵਾਂ ਨੂੰ ਲੰਘੇ ਮਹੀਨੇ ਮੁਕੰਮਲ ਤੌਰ 'ਤੇ ਬੰਦ ਕਰ ਦਿੱਤਾ ਗਿਆ ਸੀ ਅਤੇ ਵਿਦਿਆਰਥੀਆਂ ਨੂੰ ਡਰਾ ਦਿੱਤਾ ਸੀ ਕਿ ਜੇਕਰ ਸਕੂਲ ਕਾਲਜ ਖੁੱਲ੍ਹੇ ਰਹੇ ਤਾਂ ਕੋਰੋਨਾ ਵਾਇਰਸ ਜ਼ਿਆਦਾ ਫ਼ੈਲ ਜਾਊ, ਇਸ ਲਈ ਵਿਦਿਅਕ ਸੰਸਥਾਨ ਬੰਦ ਕਰਨੇ ਜ਼ਰੂਰੀ। ਭਾਵੇਂ ਹੀ ਕੈਪਟਨ ਸਰਕਾਰ ਦੁਆਰਾ ਲਏ ਗਏ ਇਸ ਫ਼ੈਸਲੇ ਦਾ, ਸਮਾਜ ਕਾਰਕੁੰਨਾਂ ਨੇ ਵਿਰੋਧ ਕੀਤਾ। 

ਪਰ, ਦੂਜੇ ਪਾਸੇ ਪਾੜ੍ਹਿਆਂ ਅਤੇ ਸਿੱਖਿਆ ਦੇਣ ਵਾਲੇ ਅਧਿਆਪਕਾਂ ਨੇ ਵੀ ਸਮਾਜ ਕਾਰਕੁੰਨਾਂ ਦੇ ਹੱਕ ਵਿੱਚ ਨਾਅਰਾ ਮਾਰਦਿਆਂ ਹੋਇਆ ਬੰਦ ਵਿਦਿਅਕ ਸੰਸਥਾਵਾਂ ਦਾ ਵਿਰੋਧ ਕੀਤਾ। ਦਰਅਸਲ, ਪੰਜਾਬ ਦੀਆਂ ਨੌਂ ਵਿਦਿਆਰਥੀਆਂ ਜਥੇਬੰਦੀਆਂ, ਇਸ ਵੇਲੇ ਇੱਕ ਮੰਚ 'ਤੇ ਇਕੱਠਾ ਹੋ ਕੇ ਪੰਜਾਬ ਸਰਕਾਰ ਦੇ ਵਿਰੁੱਧ ਸੰਘਰਸ਼ ਕਰ ਰਹੀਆਂ ਹਨ ਅਤੇ ਮੰਗ ਕਰ ਰਹੀਆਂ ਹਨ ਕਿ ਵਿੱਦਿਅਕ ਸੰਸਥਾਨ ਖੋਲ੍ਹੇ ਜਾਣ। 

ਦੱਸਦੇ ਚੱਲੀਏ ਕਿ, ਵਿਦਿਆਰਥੀਆਂ ਜਥੇਬੰਦੀਆਂ ਦੇ ਨਾਲ ਮੁਲਾਜ਼ਮ ਅਤੇ ਅਧਿਆਪਕ ਜਥੇਬੰਦੀਆਂ ਨੇ ਸਕੂਲ ਕਾਲਜ ਯੂਨੀਵਰਸਿਟੀਆਂ ਬੰਦ ਕਰਨ ਦੇ ਫੁਰਮਾਨ ਖਿਲਾਫ ਰੋਸ ਹਫਤਾ ਮਨਾਉਂਦੇ ਹੋਏ 8 ਅਪ੍ਰੈਲ ਨੂੰ ਵਿਦਿਆਰਥੀ ਵਿਰੋਧੀ ਫੁਰਮਾਨਾਂ ਦੀਆਂ ਕਾਪੀਆਂ ਸਾੜਨ ਦਾ ਕੀਤਾ ਐਲਾਨ ਕੀਤਾ ਹੈ। 'ਨਿਊਜ਼ਨੰਬਰ' ਨਾਲ ਗੱਲਬਾਤ ਕਰਦਿਆਂ ਹੋਇਆ ਵਿਦਿਆਰਥੀ ਜਥੇਬੰਦੀਆਂ ਦੇ ਆਗੂਆਂ ਨੇ ਸਕੂਲ ਕਾਲਜ ਬੰਦ ਕਰਨ ਦੇ ਫ਼ਰਮਾਨ ਦੀ ਨਿਖੇਧੀ ਕੀਤੀ। 

ਉਨ੍ਹਾਂ ਕਿਹਾ ਕਿ, ਪੰਜਾਬ ਸਰਕਾਰ ਕੋਰੋਨਾ ਬਹਾਨੇ ਵਿੱਦਿਅਕ ਸੰਸਥਾਵਾਂ ਬੰਦ ਕਰਨਾ ਜਾਰੀ ਰੱਖ ਕੇ ਕੇਂਦਰ ਦੀ ਮੋਦੀ ਸਰਕਾਰ ਦੇ ਇਸ਼ਾਰਿਆਂ 'ਤੇ ਨਵੀਂ ਸਿੱਖਿਆ ਨੀਤੀ ਲਾਗੂ ਕਰਨਾ ਚਾਹੁੰਦੀ ਹੈ ਅਤੇ ਵਿਦਿਆਰਥੀਆਂ ਦੇ ਭਵਿੱਖ ਨੂੰ ਛਿੱਕੇ ਟੰਗਿਆ ਜਾ ਰਿਹਾ ਹੈ, ਜਿਸ ਨੂੰ ਪੰਜਾਬ ਦੇ ਵਿਦਿਆਰਥੀ ਅਤੇ ਅਧਿਆਪਕ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰਨਗੇ।

ਸਰਕਾਰ ਦੇ ਇਸ ਵਤੀਰੇ ਖਿਲਾਫ, ਸ਼ਹੀਦ ਭਗਤ ਸਿੰਘ ਦੇ ਅਸੰਬਲੀ ਬੰਬ ਐਕਸ਼ਨ ਨੂੰ ਸਮਰਪਿਤ 8 ਅਪ੍ਰੈਲ ਤੱਕ ਰੋਸ ਹਫਤਾ ਮਨਾਉਂਦੇ ਹੋਏ, ਇਸ ਦਿਨ ਕਈ ਕੇਂਦਰਾਂ 'ਤੇ ਮਾਰਚ ਕਰਦੇ ਹੋਏ ਲਾਕਡਾਊਨ ਲਗਾਉਣ ਦੇ ਫੁਰਮਾਨ ਅਤੇ ਨਵੀਂ ਸਿੱਖਿਆ ਨੀਤੀ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ।