ਮਦਰਾਸ ਹਾਈ ਕੋਰਟ ਦੀ ਟਿੱਪਣੀ ਨੇ, ਹਿਲਾ'ਤੀਆਂ ਸਿਆਸੀ ਪਾਰਟੀਆਂ!! (ਨਿਊਜ਼ਨੰਬਰ ਖ਼ਾਸ ਖ਼ਬਰ)

ਪੱਛਮੀ ਬੰਗਾਲ ਵਿੱਚ ਵੋਟਾਂ ਪੈਣ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ, ਜਦੋਂਕਿ ਅਗਾਮੀ 6 ਅਪ੍ਰੈਲ ਨੂੰ ਤਾਮਿਲਨਾਡੂ ਵਿੱਚ ਵੋਟਿੰਗ ਸ਼ੁਰੂ ਹੋਣੀ ਹੈ। ਐਹੋ ਜਿਹੇ ਹਾਲਾਤਾਂ ਵਿੱਚ ਸਮੂਹ ਸਿਆਸੀ ਪਾਰਟੀਆਂ ਅਤੇ ਉਨ੍ਹਾਂ ਦੇ ਉਮੀਦਵਾਰ ਵੋਟਰਾਂ ਨੂੰ ਭਰਮਾਉਣ ਜਾਂ ਫਿਰ ਗੁੰਮਰਾਹ ਕਰਨ ਲਈ ਅਜੀਬੋ ਗ਼ਰੀਬ ਵਾਅਦੇ ਕਰ ਰਹੇ ਹਨ। ਇਹ ਵਾਅਦੇ ਕੋਈ ਛੋਟੇ ਮੋਟੇ ਨਹੀਂ, ਬਲਕਿ ਏਨੇ ਵੱਡੇ ਵੱਡੇ ਕੀਤੇ ਜਾ ਰਹੇ ਹਨ, ਜਿਵੇਂ ਉਮੀਦਵਾਰਾਂ ਨੇ ਅਸਮਾਨੋਂ ਡਿੱਗਿਆ ਪੈਸਾ ਜਨਤਾ ਦੇ ਵਿੱਚ ਵੰਡਣਾ ਹੋਵੇ। 

ਕਈ ਸਿਆਸੀ ਪਾਰਟੀਆਂ ਨੇ ਤਾਮਿਲਨਾਡੂ ਵਿੱਚ ਹੋਣ ਵਾਲੀਆਂ ਚੋਣਾਂ ਤੋਂ ਪਹਿਲੋਂ ਆਪਣੇ ਚੋਣ ਮਨੋਰਥ ਪੱਤਰ ਵਿੱਚ ਅਜਿਹੇ ਵਾਅਦੇ ਕੀਤੇ ਹਨ, ਜਿਨ੍ਹਾਂ ਨੂੰ ਪੜ੍ਹ ਕੇ ਅਤੇ ਸੁਣ ਕੇ, ਇਸ ਤਰ੍ਹਾਂ ਲੱਗਦਾ ਹੈ, ਜਿਵੇਂ ਸੱਚਮੁੱਚ ਹੀ ਸਾਡੇ ਮੁਲਕ ਦੇ ਅੰਦਰ ਬੇਰੁਜ਼ਗਾਰੀ, ਭੁੱਖਮਰੀ ਅਤੇ ਗ਼ਰੀਬੀ ਖ਼ਤਮ ਹੋ ਗਈ ਹੋਵੇ।

ਦਰਅਸਲ, ਇਸ ਵੇਲੇ ਮਿਲ ਰਹੀਆਂ ਖ਼ਬਰਾਂ ਦੀ ਮੰਨੀਏ ਤਾਂ, ਤਾਮਿਲਨਾਡੂ ਵਿੱਚ ਕਈ ਪਾਰਟੀਆਂ ਨੇ ਆਪਣੇ ਚੋਣ ਮੈਨੀਫ਼ੈਸਟੋ ਦੇ ਵਿੱਚ ਵੋਟਰਾਂ ਨੂੰ ਮੁਫ਼ਤ ਲੈਪਟਾਪ, ਟੀਵੀ, ਪੱਖੇ, ਮਿਕਸੀ ਅਤੇ ਹੋਰ ਕਈ ਚੀਜਾਂ ਦੇਣ ਦਾ ਵਾਅਦਾ ਕਰਿਆ ਹੈ। ਤਾਮਿਲਨਾਡੂ ਚੋਣਾਂ ਦੇ ਵਿੱਚ ਸਿਆਸੀ ਪਾਰਟੀਆਂ ਦੇ ਵੱਲੋਂ ਕੀਤੇ ਗਏ ਮੁਫ਼ਤ ਲੈਪਟਾਪ, ਟੀਵੀ, ਪੱਖੇ, ਮਿਕਸੀ ਅਤੇ ਹੋਰ ਕਈ ਚੀਜਾਂ ਦੇਣ ਦੇ ਇਨ੍ਹਾਂ ਚੋਣ ਲਭਾਊ ਵਾਅਦਿਆਂ 'ਤੇ ਮਦਰਾਸ ਹਾਈ ਕੋਰਟ ਨੇ ਤਿੱਖੀ ਟਿੱਪਣੀ ਕੀਤੀ ਹੈ।

ਮਦਰਾਸ ਹਾਈਕੋਰਟ ਦੇ ਬੈਂਚ ਨੇ ਪਿਛਲੇ ਦਿਨੀਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਕਿਹਾ ਕਿ, ਉਮੀਦਵਾਰਾਂ ਨੂੰ ਮੈਨੀਫੈਸਟੋ ਵਿੱਚ ਮੁਫ਼ਤ ਲੈਪਟਾਪ, ਟੀਵੀ, ਪੱਖੇ, ਮਿਕਸੀ ਅਤੇ ਹੋਰ ਚੀਜ਼ਾਂ ਦੀ ਬਿਜਾਏ, ਮੁੱਢਲੀਆਂ ਸਹੂਲਤਾਂ ਚੋਣ ਮੈਨੀਫੈਸਟੋ ਵਿੱਚ ਸ਼ਾਮਲ ਕਰਨੀਆਂ ਚਾਹੀਦੀਆਂ ਹਨ।

ਅਦਾਲਤ ਨੇ ਕਿਹਾ ਕਿ ਬਿਹਤਰ ਹੈ ਕਿ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰ ਅਜਿਹੇ ਮੁਫ਼ਤ ਮਾਲ ਦੇਣ ਦੇ ਵਾਅਦੇ ਦੀ ਬਿਜਾਏ, ਵੋਟਰਾਂ ਨੂੰ ਪਾਣੀ, ਬਿਜਲੀ, ਸਿਹਤ ਅਤੇ ਆਵਾਜਾਈ ਸਹੂਲਤਾਂ ਵਿੱਚ ਸੁਧਾਰ ਕਰਨ ਦੇ ਵਾਅਦੇ ਕਰਨ। ਨਾਲ ਹੀ, ਜੇਕਰ ਤੁਸੀਂ (ਉਮੀਦਵਾਰੋਂ) ਚੋਣ ਜਿੱਤ ਜਾਂਦੇ ਹੋ, ਤਾਂ ਉਨ੍ਹਾਂ ਵਾਅਦਿਆਂ ਨੂੰ ਪੂਰੇ ਕਰੋ। ਮਦਰਾਸ ਹਾਈਕੋਰਟ ਦੇ ਜੱਜਾਂ ਦਾ ਕਹਿਣਾ ਸੀ ਕਿ ਬੇਰੁਜ਼ਗਾਰੀ ਵੱਧ ਰਹੀ ਹੈ, ਜਿਸ ਵੱਲ ਕੋਈ ਸਿਆਸੀ ਪਾਰਟੀ ਧਿਆਨ ਨਹੀਂ ਦੇ ਰਹੀ।