ਅਵਾਮ ਨੂੰ ਨਪੀੜ ਰਹੀ ਐ ਹਕੂਮਤ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Apr 02 2021 14:10
Reading time: 1 min, 19 secs

ਸੱਤਾ ਵਿੱਚ ਆਉਣ ਤੋਂ ਪਹਿਲੋਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਅਦਾ ਪ੍ਰਤੀ ਸਾਲ 2 ਕਰੋੜ ਨੌਕਰੀਆਂ ਦੇਣ ਦੇ ਨਾਲ ਨਾਲ ਦੇਸ਼ ਦੇ ਹਰ ਨਾਗਰਿਕ ਦੇ ਖ਼ਾਤੇ ਵਿੱਚ 15/20 ਲੱਖ ਰੁਪਏ ਪਾਉਣ ਦਾ ਵਾਅਦਾ ਕੀਤਾ ਸੀ। ਇਸ ਤੋਂ ਇਲਾਵਾ ਮੋਦੀ ਨੇ ਵਾਅਦਾ ਇਹ ਵੀ ਕੀਤਾ ਸੀ ਕਿ, ਮਹਿੰਗਾਈ ਘੱਟ ਕੀਤੀ ਜਾਵੇਗੀ, ਸਿੱਖਿਆ-ਸਿਹਤ ਸੁਵਿਧਾਵਾਂ ਦੇ ਵਿੱਚ ਸੁਧਾਰ ਕੀਤਾ ਜਾਵੇਗਾ। 

ਭਾਜਪਾ ਨੇ ਵਾਅਦਾ ਤਾਂ ਵਿਦੇਸ਼ਾਂ ਵਿੱਚੋਂ ਕਾਲਾ ਧਨ ਵਾਪਸ ਭਾਰਤ ਵਿੱਚ ਲਿਆਉਣ ਦਾ ਵੀ ਕੀਤਾ ਸੀ। ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਦੇ ਸਹੀ ਭਾਅ ਲਈ ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਦਾ ਵਾਅਦਾ ਕੀਤਾ ਸੀ, ਪਰ ਇਨ੍ਹਾਂ ਸਾਰੇ ਵਾਅਦਿਆਂ ਵਿੱਚੋਂ ਇੱਕ ਵੀ ਵਾਅਦਾ ਭਾਜਪਾ ਪੂਰਾ ਨਹੀਂ ਕਰ ਸਕੀ, ਜਦੋਂਕਿ ਨੋਟਬੰਦੀ ਜੀਐਸਟੀ ਜਿਹੇ ਵਾਅਦੇ ਜੋ ਜਨਤਾ ਦੇ ਨਾਲ ਕੀਤੇ ਹੀ ਨਹੀਂ ਸਨ ਗਏ। 

ਉਨ੍ਹਾਂ ਵਾਅਦਿਆਂ ਨੂੰ ਭਾਜਪਾ ਨੇ ਪੂਰਾ ਕਰਿਆ ਹੈ, ਜਿਸ ਦਾ ਖ਼ਮਿਆਜ਼ਾ ਇਸ ਵਕਤ ਵੀ ਲੋਕ ਭੁਗਤ ਰਹੇ ਹਨ। 2 ਕਰੋੜ ਪ੍ਰਤੀ ਸਾਲ ਨੌਕਰੀਆਂ ਦਾ ਵਾਅਦਾ ਹਵਾ ਦੇ ਬੁੱਲੇ ਵਿੱਚ ਉੱਡ ਪੁੱਡ ਗਿਆ ਹੈ। 15/20 ਲੱਖ ਰੁਪਏ ਹਰ ਨਾਗਰਿਕ ਦੇ ਖ਼ਾਤੇ ਵਿੱਚ ਪਾਉਣ ਦਾ ਵਾਅਦਾ ਕਰਨ ਵਾਲੀ ਭਾਜਪਾ, ਇਹ ਵਾਅਦਾ ਹੁਣ ਯਾਦ ਕਰਨ ਲਈ ਵੀ ਤਿਆਰ ਨਹੀਂ। ਮਹਿੰਗਾਈ ਬੇਲਾਗ਼ ਹੋ ਚੁੱਕੀ ਹੈ। 

ਸਿਹਤ ਸਿੱਖਿਆ ਸਭ ਬਰਬਾਦੀ ਵੱਲ ਹੈ, ਮੁਲਕ ਵਿੱਚ ਗ਼ਰੀਬੀ ਵੱਧ ਚੁੱਕੀ ਹੈ, ਪਰ ਸਰਕਾਰ ਆਪਣੇ ਐਸ਼ੋ ਅਰਾਮ 'ਤੇ ਜਨਤਾ ਦਾ ਦਿੱਤਾ ਗਿਆ ਟੈਕਸ ਰੂਪੀ ਪੈਸਾ ਖ਼ਰਚ ਕਰਕੇ, ਮੁਲਕ ਦੀਆਂ ਸਰਕਾਰੀ ਕੰਪਨੀਆਂ ਅਤੇ ਵਿਭਾਗਾਂ ਦਾ ਨਿੱਜੀਕਰਨ ਕਰਨ 'ਤੇ ਜ਼ੋਰ ਦੇ ਰਹੀ ਹੈ। ਹੁਣ ਸਵਾਲ ਆਖ਼ਰ 'ਤੇ ਇਹ ਪੈਦਾ ਹੁੰਦਾ ਹੈ ਕਿ ਅਵਾਮ ਨੂੰ ਝੂਠੇ ਵਾਅਦਿਆਂ ਦੇ ਵਿੱਚ ਕਦੋਂ ਤੱਕ ਸਰਕਾਰ ਰੱਖੇਗੀ? ਖ਼ੈਰ, ਭਾਜਪਾ ਲੰਘੇ ਕਰੀਬ 7 ਸਾਲਾਂ ਤੋਂ ਸੱਤਾ ਵਿੱਚ ਹੈ, ਪਰ ਸਰਕਾਰ ਵਾਅਦੇ 'ਤੇ ਵਾਅਦੇ ਚਾੜੀ ਜਾ ਰਹੀ ਹੈ, ਉਨ੍ਹਾਂ ਨੂੰ ਪੂਰਾ ਕਰਨ ਦਾ ਨਾਂਅ ਨਹੀਂ ਲੈ ਰਹੀ।