ਇਸ ਵਾਰ ਦਾ ਮਈ ਮਹੀਨਾ ਹੋਊਗਾ ਮਜ਼ਦੂਰ ਕਿਸਾਨਾਂ ਦੇ ਨਾਂਅ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Apr 01 2021 14:05
Reading time: 1 min, 26 secs

ਲੰਘੇ ਕੱਲ੍ਹ ਸੰਯੁਕਤ ਕਿਸਾਨ ਮੋਰਚਾ ਵੱਲੋਂ ਕਿਸਾਨ ਮੋਰਚੇ ਨੂੰ ਅੱਗੇ ਵਧਾਉਂਦਿਆਂ ਹੋਇਆ ਇੱਕ ਨਵਾਂ ਐਲਾਨ ਕੀਤਾ ਕਿ, ਇਸ ਵਾਰ ਮਈ ਮਹੀਨੇ ਦੇ ਪਹਿਲੇ ਹਫ਼ਤੇ ਕਿਸਾਨ ਮਜ਼ਦੂਰ ਦਿੱਲੀ ਸਥਿਤ ਸੰਸਦ ਭਵਨ ਵੱਲ ਨੂੰ ਕੂਚ ਕਰਨਗੇ। ਇਹ ਕੂਚ ਉਦੋਂ ਸਮਾਪਤ ਹੋਵੇਗੀ, ਜਦੋਂ ਤੱਕ ਸੰਸਦ ਭਵਨ ਆ ਨਹੀਂ ਜਾਂਦਾ। ਮੋਰਚੇ ਦੇ ਆਗੂਆਂ ਨੇ ਸਪੱਸ਼ਟ ਕੀਤਾ ਕਿ, ਸੰਸਦ ਭਵਨ ਵੱਲ ਨੂੰ ਕੀਤੀ ਗਈ ਕੂਚ ਕੇਂਦਰ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਵੇਗੀ। 

ਸੰਯੁਕਤ ਕਿਸਾਨ ਮੋਰਚੇ ਦੇ ਆਗੂ ਗੁਰਨਾਮ ਸਿੰਘ ਚਡੂਨੀ ਨੇ ਕਿਹਾ ਕਿ, ਮਈ ਮਹੀਨੇ ਦੇ ਪਹਿਲੇ ਹਫ਼ਤੇ ਸੰਸਦ ਭਵਨ ਵੱਲ ਕੂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ, ਜਲਦ ਹੀ ਸੰਸਦ ਭਵਨ ਵੱਲ ਕੂਚ ਕਰਨ ਦੀ ਤਰੀਕ ਵੀ ਦੱਸ ਦਿੱਤੀ ਜਾਵੇਗੀ। ਇਸ ਮਾਰਚ ਵਿੱਚ ਮਜ਼ਦੂਰ, ਕਿਸਾਨ, ਨੌਜਵਾਨ, ਬਜ਼ੁਰਗ, ਬੀਬੀਆਂ ਬੱਚੇ ਆਦਿ ਵੱਡੀ ਗਿਣਤੀ ਵਿੱਚ ਸ਼ਾਮਲ ਹੋਵੇਗੀ ਅਤੇ ਇਹ ਸਾਰੇ ਜਣੇ ਸੰਸਦ ਭਵਨ ਵੱਲ ਪੈਦਲ ਮਾਰਨ ਕਰਦੇ ਹੋਏ ਜਾਣਗੇ। 

ਕਿਸਾਨ ਆਗੂ ਮੁਤਾਬਿਕ, ਸੰਸਦ ਭਵਨ ਵੱਲ ਕੀਤੇ ਜਾਣ ਵਾਲੇ ਮਾਰਚ ਸਬੰਧੀ ਟੀਮਾਂ ਦਾ ਗਠਨ ਕੀਤਾ ਜਾ ਰਿਹਾ ਹੈ ਤਾਂ, ਜੋ ਕੋਈ ਹਿੰਸਕ ਘਟਨਾ ਨਾ ਵਾਪਰੇ। ਸੰਯੁਕਤ ਕਿਸਾਨ ਮੋਰਚੇ ਦੇ ਹੋਰਨਾਂ ਆਗੂਆਂ ਨੇ ਦੱਸਿਆ ਕਿ ਸੰਵਿਧਾਨ ਦਿਵਸ ਹਰ ਸਾਲ 14 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ ਅਤੇ ਇਸੇ ਸਾਲ ਸੰਯੁਕਤ ਕਿਸਾਨ ਮੋਰਚਾ ਦਿੱਲੀ ਬਾਰਡਰ 'ਤੇ 14 ਅਪ੍ਰੈਲ ਨੂੰ ਸੰਵਿਧਾਨ ਦਿਵਸ ਮਨਾਏਗਾ ਅਤੇ ਸੰਵਿਧਾਨ ਨੂੰ ਬਚਾਉਣ ਲਈ ਸਹੁੰ ਖਾਏਗਾ। 

ਕਿਸਾਨ ਆਗੂਆਂ ਮੁਤਾਬਿਕ, 14 ਅਪ੍ਰੈਲ ਤੋਂ ਠੀਕ ਇੱਕ ਦਿਨ ਪਹਿਲੋਂ 13 ਅਪ੍ਰੈਲ ਨੂੰ ਵਿਸਾਖ਼ੀ ਵਾਲੇ ਦਿਨ, ਖਾਲਸਾਈ ਦਿਵਸ ਮਨਾਉਂਦੇ ਹੋਏ ਜਲ੍ਹਿਆਂਵਾਲੇ ਬਾਗ਼ ਦੇ ਸ਼ਹੀਦਾਂ ਨੂੰ ਯਾਦ ਕੀਤਾ ਜਾਵੇ। ਸੰਯੁਕਤ ਕਿਸਾਨ ਮੋਰਚੇ ਨੇ ਇਹ ਵੀ ਐਲਾਨ ਕੀਤਾ ਕਿ, ਭਾਰਤ ਭਰ ਦੇ ਕਰੀਬ 736 ਜ਼ਿਲ੍ਹਿਆਂ ਵਿੱਚ 5 ਅਪ੍ਰੈਲ ਨੂੰ 11 ਵਜੇ ਸਰਕਾਰ ਦਾ ਘਿਰਾਉ ਕੀਤਾ ਜਾਵੇਗਾ ਅਤੇ 10 ਅਪ੍ਰੈਲ ਨੂੰ ਪੂਰਾ ਦਿਨ ਕੇਐਮਪੀ ਜਾਮ ਕਰਿਆ ਜਾਵੇਗਾ। 1 ਮਈ ਨੂੰ ਮਜ਼ਦੂਰ ਦਿਵਸ ਮਨਾਇਆ ਜਾਵੇਗਾ ਅਤੇ 6 ਅਪ੍ਰੈਲ ਨੂੰ ਪੂਰੇ ਦੇਸ਼ ਤੋਂ ਮਿੱਟੀ ਲਿਆ ਕੇ, ਜੋ ਕਿਸਾਨ ਦਿੱਲੀ ਬਾਰਡਰ 'ਤੇ ਸ਼ਹੀਦ ਹੋਏ, ਉਨ੍ਹਾਂ ਦੀ ਸਮਾਰਕ ਬਣਾਈ ਜਾਵੇਗੀ।