ਮਹਿੰਗੀ ਬਿਜਲੀ ਦੀ ਮਾਰ: ਕਈ ਡਰਦੇ-ਡਰਦੇ ਲਾਉਣ ਕੁੰਡੀ ਕਿਤੇ ਕੱਟੀ ਨਾ ਜਾਏ ਤਾਰ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Apr 01 2021 14:02
Reading time: 1 min, 37 secs

ਪੰਜਾਬ ਵਿੱਚ ਏਨੀਂ ਜ਼ਿਆਦਾ ਬਿਜ਼ਲੀ ਮਹਿੰਗੀ ਹੋਈ ਪਈ ਹੈ ਕਿ ਕੋਈ ਕਹਿਣ ਦੀ ਹੱਦ ਨਹੀਂ। ਲਗਾਤਾਰ ਪੰਜਾਬ ਸਰਕਾਰ ਦੁਆਰਾ ਬਿਜਲੀ ਰੇਟਾਂ ਵਿੱਚ ਵਾਧੇ ਕੀਤੇ ਜਾ ਰਹੇ ਹਨ, ਜਿਸ ਦੇ ਕਾਰਨ ਅਵਾਮ ਦੇ ਵਿੱਚ ਭਾਰੀ ਗੁੱਸਾ ਵੇਖਣ ਨੂੰ ਮਿਲ ਰਿਹਾ ਹੈ। ਦੱਸਦੇ ਚੱਲੀਏ ਕਿ ਜਦੋਂ ਤੋਂ ਕੈਪਟਨ ਸਰਕਾਰ ਸੱਤਾ ਵਿੱਚ ਆਈ ਹੈ ਕਰੀਬ 5 ਰੁਪਏ ਤੱਕ ਬਿਜਲੀ ਰੇਟ ਵਿੱਚ ਵਾਧਾ ਹੋ ਗਿਆ ਹੈ। ਪੰਜਾਬ ਦੇ ਲੋਕਾਂ ਦਾ ਖ਼ੂਨ ਨਚੋੜਣ 'ਤੇ ਜ਼ੋਰ ਦੇ ਰਹੀ ਪੰਜਾਬ ਸਰਕਾਰ ਨੂੰ ਹੁਣ ਪੰਜਾਬ ਦੇ ਲੋਕ ਸੱਤਾ ਵਿੱਚੋਂ ਬਾਹਰ ਕਰਨ ਨੂੰ ਉਤਾਵਲੇ ਹੋਏ ਬੈਠੇ ਹਨ। 

ਦੱਸ ਦਈਏ ਕਿ ਲੋਕਾਂ 'ਤੇ ਮਹਿੰਗੀ ਬਿਜਲੀ ਦੀ ਮਾਰ ਇਸ ਤਰ੍ਹਾਂ ਪੈ ਰਹੀ ਹੈ ਕਿ ਕਈ ਲੋਕ ਡਰਦੇ-ਡਰਦੇ ਕੁੰਡੀ ਲਗਾ ਰਹੇ ਹਨ, ਕਿ ਕਿਤੇ ਕੋਈ ਤਾਰ ਹੀ ਨਾ ਕੱਟ ਜਾਵੇ। ਪੰਜਾਬ ਵਿੱਚ ਦਿਨੋਂ ਦਿਨ ਵੱਧ ਰਹੀਆਂ ਬਿਜਲੀ ਦੀਆਂ ਕੀਮਤਾਂ ਦੇ ਵਿਰੁੱਧ 7 ਅਪ੍ਰੈਲ ਤੋਂ ਆਮ ਆਦਮੀ ਪਾਰਟੀ ਵੱਲੋਂ ਵੱਡਾ 'ਜਨ ਅੰਦੋਲਨ' ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਇਹ ਐਲਾਨ ਲੰਘੇ ਕੱਲ੍ਹ ਜਲੰਧਰ ਵਿੱਚ ਕੀਤਾ। 

ਆਪ ਆਗੂ ਨੇ ਕਿਹਾ ਕਿ, ਅਗਲੇ ਹਫਤੇ ਤੋਂ ਜਨ ਅੰਦੋਲਨ ਦੀ ਸ਼ੁਰੂਆਤ ਕੀਤੀ ਜਾਵੇਗੀ। ਇਹ ਅੰਦੋਲਨ ਹਰ ਗਲੀ, ਹਰ ਪਿੰਡ, ਸ਼ਹਿਰ, ਕਸਬੇ ਤੱਕ ਪਹੁੰਚੇਗਾ। ਉਨਾਂ ਕਿਹਾ ਕਿ ਸਾਡੇ ਵਾਲੰਟੀਅਰ, ਵਰਕਰ ਘਰ-ਘਰ ਜਾ ਕੇ ਬਿਜਲੀ ਬਿੱਲਾਂ ਸਬੰਧੀ ਜਾਣਕਾਰੀ ਲੈਣ। ਉਨਾਂ ਕਿਹਾ ਕਿ ਅੰਦੋਲਨ ਤਹਿਤ ਬਿਜਲੀ ਦੇ ਬਿੱਲਾਂ ਨੂੰ ਸਾੜਿਆ ਜਾਵੇਗਾ। ਉਨਾਂ ਕਿਹਾ ਕਿ ਪਹਿਲਾਂ ਅਕਾਲੀ ਦਲ ਦੀ ਸਰਕਾਰ ਅਤੇ ਹੁਣ ਕਾਂਗਰਸ ਨੇ ਆਪਣੇ ਨਿੱਜੀ ਹਿੱਤਾਂ ਨੂੰ ਰੱਖਦੇ ਹੋਏ ਪ੍ਰਾਈਵੇਟ ਕੰਪਨੀਆਂ ਨਾਲ ਮਹਿੰਗੇ ਮਹਿੰਗੇ ਸਮਝੌਤੇ ਕੀਤੇ ਗਏ ਹਨ। 

ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ, ਪੰਜਾਬ ਦੇ ਤਿੰਨ ਨਿੱਜੀ ਥਰਮਲਾਂ ਤੋਂ ਜੇਕਰ ਪੰਜਾਬ ਸਰਕਾਰ ਬਿਜਲੀ ਨਹੀਂ ਖਰੀਦੇਗੀ ਤਾਂ ਵੀ ਸਰਕਾਰ ਨੂੰ ਕੋਰੋੜਾਂ ਰੁਪਏ ਉਨ੍ਹਾਂ ਥਰਮਲਾਂ ਨੂੰ ਦੇਣਾ ਪਵੇਗਾ। ਪੰਜਾਬ ਵਿਚ ਬਿਜਲੀ ਪੈਦਾ ਕੀਤੀ ਜਾ ਰਹੀ ਹੈ, ਫਿਰ ਵੀ ਮਹਿੰਗੀ ਬਿਜਲੀ ਦਿੱਤੀ ਜਾ ਰਹੀ ਹੈ, ਜਦੋਂ ਕਿ ਦਿੱਲੀ ਵਿੱਚ ਆਪਣਾ ਕੋਈ ਥਰਮਲ ਨਹੀਂ ਬਾਹਰੋ ਬਿਜਲੀ ਖਰੀਦ ਕੇ ਵੀ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਲੋਕਾਂ ਨੂੰ ਮੁਫਤ ਬਿਜਲੀ ਦੇ ਰਹੀ ਹੈ। ਆਪ ਆਗੂਆਂ ਨੇ ਕਿਹਾ ਕਿ, ਉਹ 7 ਅਪ੍ਰੈਲ ਨੂੰ ਪੰਜਾਬ ਭਰ ਵਿੱਚ ਜਨ ਅੰਦੋਲਨ ਕਰਨਗੇ।