ਕੀ ਭਾਜਪਾ ਵਿਧਾਇਕ ਨਾਰੰਗ ਦੀ ਕੁੱਟਮਾਰ ਇੱਕ 'ਬਹਾਨਾ' ਸੀ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Apr 01 2021 14:01
Reading time: 1 min, 23 secs

ਲੰਘੇ ਮਹੀਨੇ ਦੀ 27 ਤਰੀਕ ਜਿਹੜਾ ਘਟਨਾਕ੍ਰਮ ਮਲੋਟ ਸ਼ਹਿਰ ਵਿਖੇ ਵਾਪਰਿਆ, ਉਹਨੇ ਪੰਜਾਬ ਦੀ ਸਿਆਸਤ ਨੂੰ ਗਰਮਾ ਦਿੱਤਾ ਹੈ। ਕਿਸਾਨ ਅੰਦੋਲਨ ਤੋਂ ਪੂਰੀ ਤਰ੍ਹਾਂ ਨਾਲ ਲੋਕਾਂ ਦਾ ਧਿਆਨ ਇਸੇ ਵੇਲੇ ਹੱਟ ਤਾਂ ਚੁੱਕਿਆ ਹੀ ਹੈ, ਨਾਲ ਹੀ ਸਾਰੇ ਲੋਕਾਂ ਦੇ ਮੂੰਹ 'ਤੇ ਮਲੋਟ ਵਾਲੀ ਘਟਨਾ ਚੜ ਗਈ ਹੈ। ਮਲੋਟ ਦੇ ਵਿੱਚ ਅਬੋਹਰ ਦੇ ਭਾਜਪਾਈ ਵਿਧਾਇਕ ਅਰੁਣ ਨਾਰੰਗ ਦੀ ਕੁੱਝ ਪ੍ਰਦਰਸ਼ਨਕਾਰੀਆਂ ਨੇ 27 ਮਾਰਚ 2021 ਨੂੰ ਪੁਲਿਸ ਦੀ ਮੌਜ਼ੂਦਗੀ ਵਿੱਚ ਕੁੱਟਮਾਰ ਕੀਤੀ। 

ਪੁਲਿਸ ਦਾ ਦਾਅਵਾ ਹੈ ਕਿ ਵਿਧਾਇਕ ਦੀ ਕੁੱਟਮਾਰ ਕਰਨ ਵਾਲੇ ਕਿਸਾਨ ਸਨ ਅਤੇ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਦੇ ਬਿਆਨਾਂ ਦੇ ਆਧਾਰ 'ਤੇ 300 ਦੇ ਕਰੀਬ ਕਿਸਾਨਾਂ ਅਤੇ ਲੋਕਾਂ ਦੇ ਵਿਰੁੱਧ ਪਰਚਾ ਵੀ ਦਰਜ ਕੀਤਾ ਗਿਆ ਹੈ। ਪਰ ਕੁੱਟਮਾਰ ਦਾ ਸ਼ਿਕਾਰ ਹੋਏ ਭਾਜਪਾ ਵਿਧਾਇਕ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਹੈ, ਕਿ ਉਹਦੀ ਕੁੱਟਮਾਰ ਕਰਨ ਵਾਲੇ ਕਿਸਾਨ ਨਹੀਂ ਸਨ, ਬਲਕਿ ਕੁੱਝ ਕੁ ਸ਼ਰਾਰਤੀ ਅਨਸਰ ਸਨ।

ਭਾਜਪਾ ਵਿਧਾਇਕ ਦਾ ਦੋਸ਼ ਇਹ ਵੀ ਹੈ ਕਿ, ਇਹ ਸ਼ਰਾਰਤੀ ਅਨਸਰ ਪੰਜਾਬ ਸਰਕਾਰ ਦੁਆਰਾ ਪਾਲੇ ਗਏ ਸ਼ਰਾਰਤੀ ਅਨਸਰ ਹਨ, ਜਿਹੜੇ ਲਗਾਤਾਰ ਭਾਜਪਾ ਆਗੂਆਂ ਨੂੰ ਨਿਸ਼ਾਨਾ ਬਣਾ ਰਹੇ ਹਨ। ਗੱਲਾਂ-ਗੱਲਾਂ ਦੇ ਵਿੱਚ ਭਾਜਪਾਈ ਵਿਧਾਇਕ ਇਹ ਚੁਆਤੀ ਵੀ ਲਗਾ ਗਏ ਕਿ, ਉਹਦੀ ਕੁੱਟਮਾਰ ਕਰਨ ਵਾਲੇ ਕਿਸਾਨ ਨਹੀਂ ਸਨ, ਪਰ ਦੂਜੇ ਪਾਸੇ ਭਾਜਪਾਈ ਵਿਧਾਇਕ ਮਾਮਲੇ ਨੂੰ ਵੀ ਗੋਲਮੋਲ ਕਰ ਗਏ। 

ਇੱਕ ਪਾਸੇ ਤਾਂ ਵਿਧਾਇਕ ਅਰੁਣ ਨਾਰੰਗ ਦੀ ਕੁੱਟਮਾਰ ਨੂੰ ਲੈ ਕੇ ਭਾਜਪਾ ਕਾਂਗਰਸ ਨੂੰ ਕੋਸ ਰਹੀ ਹੈ, ਦੂਜੇ ਪਾਸੇ ਨਿਸ਼ਾਨੇ ਪੰਜਾਬ ਦੇ ਅੰਦਰ ਰਾਸ਼ਟਰਪਤੀ ਰਾਜ ਲਾਗੂ ਕਰਨ ਦੇ ਲਗਾਏ ਜਾ ਰਹੇ ਹਨ। ਬੁੱਧੀਜੀਵੀ ਲੋਕਾਂ ਦਾ ਦਾਅਵਾ ਹੈ ਕਿ ਭਾਜਪਾ ਆਪਣੇ ਵਿਧਾਇਕਾਂ ਨੂੰ ਜਾਣ ਬੁੱਝ ਕੇ ਦੂਜੇ ਹਲਕਿਆਂ ਵਿੱਚ ਭੇਜ ਕੇ ਮਾਹੌਲ ਖ਼ਰਾਬ ਕਰ ਰਹੀ ਹੈ ਅਤੇ ਪੰਜਾਬ ਦੇ ਅੰਦਰ ਅਸ਼ਾਂਤੀ ਫ਼ੈਲਾ ਰਹੀ ਹੈ। ਅੱਕੇ ਲੋਕ ਵਿਧਾਇਕਾਂ ਦੀ ਕੁੱਟਮਾਰ ਕਰ ਰਹੇ ਹਨ ਅਤੇ ਭਾਜਪਾ ਵਿਧਾਇਕ ਦੀ ਕੁੱਟਮਾਰ ਦੀ ਆੜ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਵਾਉਣ ਨੂੰ ਉਤਾਵਲੀ ਹੋਈ ਪਈ ਹੈ।