ਭਾਜਪਾ ਵਿਧਾਇਕ ਦੀ ਕੁੱਟਮਾਰ ਮਗਰੋਂ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀਆਂ ਗੱਲਾਂ ਕਿਉਂ ਹੋ ਰਹੀਆਂ ਨੇ? (ਨਿਊਜ਼ਨੰਬਰ ਖ਼ਾਸ ਖ਼ਬਰ)

27 ਮਾਰਚ ਨੂੰ ਕੁੱਝ ਕੁ ਪ੍ਰਦਸ਼ਨਕਾਰੀਆਂ ਨੇ ਭਾਜਪਾ ਵਿਧਾਇਕ ਅਰੁਣ ਨਾਰੰਗ ਦੀ ਕੁੱਟਮਾਰ ਕੀਤੀ। ਇਹ ਕੁੱਟਮਾਰ ਦਾ ਮਾਮਲਾ ਬਹੁਤ ਜ਼ਿਆਦਾ ਗਰਮਾਇਆ ਪਿਆ ਹੈ। ਕੁੱਟਮਾਰ ਕਰਨ ਵਾਲਿਆਂ 'ਤੇ ਪੁਲਿਸ ਨੇ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ, ਜਦੋਂਕਿ ਪ੍ਰਦਰਸ਼ਨਕਾਰੀਆਂ ਦੀ ਕੋਈ ਵੀ ਗੱਲ ਪੁਲਿਸ ਸੁਣ ਨਹੀਂ ਰਹੀ। ਪ੍ਰਦਰਸ਼ਨਕਾਰੀਆਂ ਦਾ ਦੋਸ਼ ਹੈ ਕਿ ਜਿਨ੍ਹਾਂ ਕਿਸਾਨਾਂ 'ਤੇ ਦਰਜ ਕੀਤੇ ਗਏ ਧਾਰਾ 307 ਦੇ ਮਾਮਲਿਆਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਪੰਜਾਬ ਦੀ ਕੈਪਟਨ ਸਰਕਾਰ ਭਾਜਪਾ ਨਾਲ ਮਿਲੀ ਹੋਈ ਹੈ ਅਤੇ ਕੇਂਦਰ ਸਰਕਾਰ ਦੇ ਕਹਿਣ 'ਤੇ ਹੀ ਸਭ ਕੁੱਝ ਕਰ ਰਹੀ ਹੈ। 

ਇਸੇ ਮਾਮਲੇ ਨੂੰ ਲੈ ਕੇ 28 ਮਾਰਚ ਨੂੰ ਭਾਜਪਾ ਆਗੂਆਂ ਦਾ ਵਫ਼ਦ, ਜਿਹੜਾ ਕਿ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਨੂੰ ਮਿਲਿਆ, ਉਹਦੇ ਬਾਰੇ ਵਿੱਚ ਵਿਸੇਸ਼ ਚਰਚਾ ਕਰਨਾ ਬਣਦੀ ਹੈ। ਕਿਉਂਕਿ ਭਾਜਪਾ ਵਫ਼ਦ ਨੇ ਜਿਹੜੀ ਮੰਗ ਰਾਜਪਾਲ ਕੋਲ ਰੱਖੀ ਹੈ, ਉਹ ਪੰਜਾਬ ਨੂੰ ਉਜਾੜੇ ਵੱਲ ਤਾਂ ਧੱਕੇਗੀ ਹੀ, ਨਾਲ ਹੀ ਪੰਜਾਬ ਦੇ ਅੰਦਰ ਅਜਿਹਾ ਮਾਹੌਲ ਬਣ ਜਾਵੇਗਾ, ਜਿਸ ਦੇ ਨਾਲ ਪੰਜਾਬ ਬਰਬਾਦੀ ਦੇ ਵੱਲ ਵਧੇਗਾ ਅਤੇ ਕਿਸਾਨ ਅੰਦੋਲਨ ਵੀ ਖ਼ਤਮ ਹੋ ਜਾਵੇਗਾ। 

ਦਰਅਸਲ, ਭਾਜਪਾ ਵਫ਼ਦ ਨੇ ਰਾਜਪਾਲ ਕੋਲ ਮੰਗ ਰੱਖੀ ਕਿ, ਜਿਸ ਤਰ੍ਹਾਂ ਇਸ ਵੇਲੇ ਪੰਜਾਬ ਦੇ ਅੰਦਰ ਹਾਲਾਤ ਬਣ ਚੁੱਕੇ ਹਨ, ਇਸੇ ਨੂੰ ਵੇਖਦੇ ਹੋਏ ਕਾਂਗਰਸ ਸਰਕਾਰ ਨੂੰ ਬਰਖ਼ਾਸਤ ਕਰਕੇ ਸੂਬੇ ਵਿੱਚ ਕਾਨੂੰਨ ਵਿਵਸਥਾ ਨੂੰ ਬਹਾਲ ਕੀਤਾ ਜਾਣਾ ਚਾਹੀਦਾ ਹੈ ਅਤੇ ਰਾਸ਼ਟਰਪਤੀ ਰਾਜ ਲਾਗੂ ਕਰ ਦੇਣਾ ਚਾਹੀਦਾ ਹੈ। 

ਵੇਖਿਆ ਜਾਵੇ ਤਾਂ ਜਿਹੜੀ ਮੰਗ ਭਾਜਪਾ ਵਫ਼ਦ ਨੇ ਰੱਖੀ ਹੈ, ਉਹਨੂੰ ਕਿਸੇ ਨੇ ਵੀ ਖੋਖ਼ ਕੇ ਨਹੀਂ ਵੇਖਿਆ, ਕਿ ਆਖ਼ਰ ਭਾਜਪਾ ਅਜਿਹੀ ਮੰਗ ਕਰ ਕਿਉਂ ਰਹੀ ਹੈ, ਕਿ ਰਾਸ਼ਟਰਪਤੀ ਰਾਜ ਪੰਜਾਬ ਵਿੱਚ ਲਾਗੂ ਕਰ ਦਿੱਤਾ ਜਾਵੇ? ਅਸਲ ਸਚਾਈ ਦੇ ਵੱਲ ਨਿਗਾਹ ਮਾਰੀਏ ਤਾਂ, ਭਾਜਪਾ ਹਾਈ ਕਮਾਂਡ ਦੀ ਸੋਚ ਹੈ, ਕਿ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹੋਣ ਨੂੰ ਹਾਲੇ ਇੱਕ ਸਾਲ ਬਾਕੀ ਪਿਆ ਹੈ। ਕਿਸਾਨਾਂ ਦਾ ਅੰਦੋਲਨ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ, ਜਿਸ ਕਾਰਨ ਭਾਜਪਾ ਦੀ ਬਦਨਾਮੀ ਸਾਰੇ ਪਾਸੇ ਹੋ ਰਹੀ ਹੈ। ਕਿਸਾਨ ਅੰਦੋਲਨ ਸਰਕਾਰ ਦੀਆਂ ਜੜ੍ਹਾਂ ਵਿੱਚ ਬੈਠ ਗਿਆ ਹੈ।

ਇਸੇ ਤਰ੍ਹਾਂ ਹੀ ਕਿਹਾ ਜਾਵੇ ਤਾਂ, ਕਿਸਾਨ ਅੰਦੋਲਨ ਦੇ ਕਾਰਨ 5 ਸੂਬਿਆਂ ਵਿੱਚ ਚੋਣਾਂ ਵੀ ਪ੍ਰਭਾਵਿਤ ਹੋ ਰਹੀਆਂ ਹਨ ਅਤੇ ਭਾਜਪਾ ਨੂੰ ਹਾਰਨ ਦਾ ਡਰ ਸਤਾ ਰਿਹਾ ਹੈ। ਇਸੇ ਕਾਰਨ ਭਾਜਪਾ ਹਾਈ ਕਮਾਂਡ ਦੀ ਸੋਚ ਹੈ ਕਿ, ਪੰਜਾਬ ਦੇ ਕਿਸਾਨ ਜਿਹੜੇ ਕਿ ਮੁਲਕ ਭਰ ਦੇ ਵੱਖ ਵੱਖ ਸੂਬਿਆਂ ਦੇ ਕਿਸਾਨਾਂ, ਮਜ਼ਦੂਰਾਂ ਅਤੇ ਆਮ ਲੋਕਾਂ ਨੂੰ ਨਾਲ ਲੈ ਖੇਤੀ ਕਾਨੂੰਨਾਂ ਦੇ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਨ, ਉਨ੍ਹਾਂ ਦੇ ਪ੍ਰਦਰਸ਼ਨ ਨੂੰ ਫ਼ੇਲ੍ਹ ਕੀਤਾ ਜਾਵੇ।