ਅਧਿਆਪਕਾਂ ਦੀਆਂ ਬਦਲੀਆਂ ਦੇ ਪੁਆੜੇ ਕਿਉਂ? (ਨਿਊਜ਼ਨੰਬਰ ਖ਼ਾਸ ਖ਼ਬਰ)

ਪਿਛਲੇ ਕੁੱਝ ਕੁ ਦਿਨਾਂ ਤੋਂ ਅਧਿਆਪਕਾਂ ਦੀਆਂ ਬਦਲੀਆਂ ਦਾ ਬਾਹਲ਼ਾ ਰੱਫੜ ਪਿਆ ਹੋਇਆ ਹੈ। ਅਧਿਆਪਕਾਂ ਦੁਆਰਾ ਸਰਕਾਰ ਦੇ ਇਸ ਬਦਲੀ ਪ੍ਰਕ੍ਰਿਆ 'ਤੇ ਅਨੇਕਾਂ ਸਵਾਲ ਚੁੱਕੇ ਜਾ ਰਹੇ ਹਨ ਅਤੇ ਅਧਿਆਪਕਾਂ ਦੀਆਂ ਬਦਲੀਆਂ ਉਨ੍ਹਾਂ ਦੀ ਮਰਜ਼ੀ ਮੁਤਾਬਿਕ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਪਰ ਸਰਕਾਰ ਦਾ ਰਵੱਈਆ ਹੁਣ ਤੱਕ ਅਧਿਆਪਕ ਵਿਰੋਧੀ ਹੀ ਵੇਖਣ ਨੂੰ ਮਿਲ ਰਿਹਾ ਹੈ। 

ਪੰਜਾਬ ਸਰਕਾਰੀ ਸੀਨੀਅਰ ਸੈਕੰਡਰੀ, ਹਾਈ, ਮਿਡਲ ਤੇ ਪ੍ਰਾਇਮਰੀ ਸਕੂਲਾਂ ਵਿੱਚ ਕੰਮ ਕਰਦੇ  ਅਧਿਆਪਕਾਂ ਦੀਆਂ ਵੱਡੇ ਪੱਧਰ 'ਤੇ ਆਨਲਾਈਨ ਅਧਿਆਪਕਾਂ ਦੀਆਂ ਬਦਲੀਆਂ ਹੋਣ ਨਾਲ ਬਹੁਤ ਸਾਰੇ ਅਧਿਆਪਕਾਂ ਨਾਲ ਵਿਤਕਰਾ ਹੋ ਰਿਹਾ ਹੈ। ਅਧਿਆਪਕਾਂ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਅਤੇ ਸਿੱਖਿਆ ਦੁਆਰਾ ਅਧਿਆਪਕਾਂ ਦੀਆਂ ਬਦਲੀਆਂ ਵਿੱਚ ਬਦਲੇ ਦੀ ਨੀਤੀ ਅਪਣਾਈ ਜਾ ਰਹੀ ਹੈ। 

ਆਪਣੇ ਚਹੇਤਿਆਂ ਨੂੰ ਤਾਂ ਉੱਚ ਅਧਿਕਾਰੀ ਮੰਨ ਪਸੰਦ ਦੇ ਸਟੇਸ਼ਨ ਦੇ ਰਹੇ ਹਨ, ਜਦੋਂਕਿ ਬਾਕੀ ਅਧਿਆਪਕਾਂ ਦੇ ਨਾਲ ਮਾੜਾ ਸਲੂਕ ਕਰਿਆ ਜਾ ਰਿਹਾ ਹੈ। ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਆਗੂਆਂ ਦੀ ਮੰਨੀਏ ਤਾਂ, ਉਨ੍ਹਾਂ ਨੇ ਕਿਹਾ ਕਿ, ਬਹੁਤ ਸਾਰੇ ਅਧਿਆਪਕਾਂ ਨੇ ਬਦਲੀਆਂ ਕਰਨ ਲਈ ਈ-ਪੰਜਾਬ ਪੋਰਟਲ 'ਤੇ ਬਣਾਏ ਗਏ ਸਾਫਟਵੇਅਰ ਉੱਪਰ  ਕਈ ਕਿਸਮ ਦੇ ਇਤਰਾਜ਼ ਵੀ ਸਾਹਮਣੇ ਲਿਆਂਦੇ ਹਨ। 

ਉਨ੍ਹਾਂ ਕਿਹਾ ਕਿ, ਸਿੱਖਿਆ ਵਿਭਾਗ ਵੱਲੋਂ ਕਈ ਸਕੂਲਾਂ ਵਿਚ ਇੱਕ ਖਾਲੀ ਅਸਾਮੀ 'ਤੇ ਦੋ-ਦੋ ਅਧਿਆਪਕਾਂ ਦੇ ਬਦਲੀ ਦੇ ਹੁਕਮ ਜਾਰੀ ਕਰ ਦਿੱਤੇ ਹਨ। ਇਹਨਾਂ ਹੁਕਮਾਂ ਨੂੰ ਲਾਗੂ ਕਰਨ ਸਮੇਂ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਅਜਿਹੀਆਂ ਬਦਲੀਆਂ ਲਈ ਵੱਧ ਮੈਰਿਟ ਵਾਲੇ ਅਧਿਆਪਕਾਂ ਨੂੰ ਪਹਿਲ ਦਿੱਤੀ ਜਾਵੇ ਅਤੇ ਘੱਟ ਮੈਰਿਟ ਵਾਲੇ ਜੂਨੀਅਰ ਅਧਿਆਪਕਾਂ ਨੂੰ ਕਿਸੇ ਹੋਰ ਨੇੜਲੇ ਸਟੇਸ਼ਨ 'ਤੇ ਬਦਲੀ ਕਰਵਾਉਣ ਲਈ ਸਟੇਸ਼ਨ ਚੋਣ ਕਰਨ ਦਾ ਮੌਕਾ ਦਿੱਤਾ ਜਾਵੇ।