ਕੀ ਸਰਕਾਰ ਖੋਲ੍ਹੇਗੀ ਵਿੱਦਿਅਕ ਅਦਾਰੇ? (ਨਿਊਜ਼ਨੰਬਰ ਖ਼ਾਸ ਖ਼ਬਰ)

ਕੋਰੋਨਾ ਸਾਡੇ ਮੁਲਕ ਵਿੱਚ ਲੰਘੇ ਸਾਲ ਜਨਵਰੀ 2020 ਵਿੱਚ ਆਇਆ। ਪਰ ਮੋਦੀ ਸਰਕਾਰ ਨੇ ਲਾਕਡਾਊਨ ਅਤੇ ਕਰਫ਼ਿਊ ਮਾਰਚ 2020 ਦੇ ਅਖ਼ੀਰਲੇ ਹਫ਼ਤੇ ਲਗਾਇਆ, ਆਖ਼ਰ ਕਿਉਂ? ਜਨਵਰੀ ਮਹੀਨੇ ਵਿੱਚ ਲਾਕਡਾਊਨ ਕਿਉਂ ਨਹੀਂ ਲਗਾਇਆ ਗਿਆ, ਇਹ ਸਵਾਲ ਮੋਦੀ ਸਰਕਾਰ 'ਤੇ ਉੱਠਦਾ ਹੈ। ਦੇਸ਼ ਦੇ ਵਿਦਿਆਰਥੀਆਂ ਦੀਆਂ ਮਾਰਚ ਮਹੀਨੇ ਵਿੱਚ ਪ੍ਰੀਖਿਆਵਾਂ ਹੁੰਦੀਆਂ ਹਨ, ਪਰ ਪ੍ਰੀਖਿਆਵਾਂ ਦੇ ਦਿਨਾਂ ਵਿੱਚ ਹੀ ਪਿਛਲੇ ਸਾਲ ਲਾਕਡਾਊਨ ਲਗਾ ਦਿੱਤਾ ਗਿਆ ਅਤੇ ਨਤੀਜਾ ਅਧਿਆਪਕਾਂ ਦੁਆਰਾ ਅੰਦਾਜ਼ੇ ਨਾਲ ਤਿਆਰ ਕਰਕੇ, ਵਿਦਿਆਰਥੀਆਂ ਨੂੰ ਪਾਸ ਕਰ ਦਿੱਤਾ ਗਿਆ। 

ਕਰੀਬ 6 ਮਹੀਨੇ ਵਿਦਿਆਰਥੀਆਂ ਦੀਆਂ ਦੁਬਾਰਾ ਕਲਾਸਾਂ ਸ਼ੁਰੂ ਹੋਈਆਂ ਅਤੇ ਅਗਸਤ ਸਤੰਬਰ ਦੇ ਵਿੱਚ ਸਰਕਾਰ ਨੇ ਲਾਕਡਾਊਨ ਅਤੇ ਕਰਫ਼ਿਊ ਵਿੱਚ ਥੋੜ੍ਹੀ ਢਿੱਲ ਦਿੱਤੀ। ਇਸ ਢਿੱਲ ਦੇ ਦੌਰਾਨ ਪੰਜਾਬ ਸਰਕਾਰ ਨੇ ਸਤੰਬਰ ਅਕਤੂਬਰ ਮਹੀਨੇ ਵਿੱਚ ਵਿੱਦਿਅਕ ਅਦਾਰੇ ਖੋਲ੍ਹ ਦਿੱਤੇ ਗਏ। ਸਰਕਾਰ ਦਾ ਦਾਅਵਾ ਸੀ ਕਿ ਕੋਰੋਨਾ ਦੇ ਮਰੀਜ਼ ਘਟਣ ਕਾਰਨ, ਸਕੂਲ ਖੋਲ੍ਹਣੇ ਬਣਦੇ ਵੀ ਸਨ, ਕਿਉਂਕਿ ਵਿਦਿਆਰਥੀਆਂ ਦੀ ਪੜ੍ਹਾਈ ਖ਼ਰਾਬ ਹੋ ਰਹੀ ਸੀ। 

ਸਰਕਾਰ ਦੇ ਤਰਕ ਨੂੰ ਕਈਆਂ ਨੇ ਸਲਾਇਆ ਅਤੇ ਕਈਆਂ ਨੇ ਨਿੰਦਿਆਂ। ਪਰ ਜਦੋਂ ਸਾਰੇ ਵਿੱਦਿਅਕ ਅਦਾਰੇ ਖੁੱਲ੍ਹ ਗਏ ਤਾਂ, ਇਸੇ ਸਾਲ ਜਨਵਰੀ ਫਰਵਰੀ ਵਿੱਚ ਫਿਰ ਕੋਰੋਨਾ ਦਾ ਰੌਲਾ ਪੈਣ ਲੱਗ ਪਿਆ। ਇਸ ਵੇਲੇ ਪੰਜਾਬ ਦੇ ਵਿੱਦਿਅਕ ਅਦਾਰੇ ਸਰਕਾਰ ਦੁਆਰਾ ਬੰਦ ਕਰਵਾ ਦਿੱਤੇ ਗਏ ਹਨ, ਜਿਸ ਦੇ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਤਾਂ ਹੋ ਹੀ ਰਿਹਾ ਹੈ, ਨਾਲ ਹੀ ਅਧਿਆਪਕਾਂ 'ਤੇ ਤਾਨਾਸ਼ਾਹੀ ਫ਼ਰਮਾਨ ਸਰਕਾਰ ਨੇ ਜਾਰੀ ਕਰਕੇ, ਅਧਿਆਪਕਾਂ ਨੂੰ ਸਕੂਲ ਬੁਲਾਇਆ ਜਾ ਰਿਹਾ ਹੈ। 

ਕੋਰੋਨਾ ਦੀ ਆੜ ਵਿੱਚ ਬੰਦ ਕੀਤੇ ਵਿੱਦਿਅਕ ਅਦਾਰਿਆਂ ਨੂੰ ਖੁਲ੍ਹਵਾਉਣ ਲਈ ਅਤੇ ਸਾਂਝਾ ਵਿਦਿਆਰਥੀ ਮੋਰਚਾ ਪੰਜਾਬ ਵੱਲੋਂ ਭਲਕੇ 30 ਮਾਰਚ ਨੂੰ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਪ੍ਰਸਾਸ਼ਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪ ਕੇ ਮੰਗ ਕੀਤੀ ਜਾਵੇਗੀ ਕਿ, ਵਿੱਦਿਅਕ ਅਦਾਰਿਆਂ ਨੂੰ ਖੁੱਲ੍ਹਵਾਇਆ ਜਾਵੇ। ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਮੋਹਨ ਸਿੰਘ ਔਲਖ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਕਰੋਨਾ ਦੀ ਆੜ ਹੇਠ ਵਿੱਦਿਅਕ ਅਦਾਰੇ ਕਰ ਦਿੱਤੇ ਗਏ ਹਨ। 

ਸਰਕਾਰ ਵੱਲੋਂ ਕੋਰੋਨਾ ਦਾ ਬਹਾਨਾ ਬਣਾ ਕੇ, ਵਿਦਿਆਰਥੀਆਂ ਦੀ ਪੜ੍ਹਾਈ ਵਿੱਚੋਂ ਦਿਲਚਸਪੀ ਖ਼ਤਮ ਕੀਤੀ ਜਾ ਰਹੀ ਹੈ, ਜਦਕਿ ਦੇਸ਼ ਦੀਆਂ ਬਾਕੀ ਸੰਸਥਾਵਾਂ ਬਿਨ੍ਹਾਂ ਕਿਸੇ ਰੁਕਾਵਟ ਤੋਂ ਚਾਲੂ ਹਨ। ਪੰਜਾਬ ਸਰਕਾਰ ਦੇ ਫੈਸਲੇ ਤੋਂ ਸਪੱਸ਼ਟ ਹੁੰਦਾ ਹੈ ਕਿ  ਸਿੱਖਿਆ ਲਈ ਬਹੁਤ ਹੀ ਅਵੇਸਲੀ ਹੈ ਅਤੇ ਵਿਦਿਆਰਥੀਆਂ ਦੇ ਭਵਿੱਖ ਨੂੰ ਲੈ ਕੇ ਬਿਲਕੁੱਲ ਵੀ ਚਿੰਤਤ ਨਹੀਂ ਹਨ।

ਆਨਲਾਈਨ ਕਲਾਸਾਂ ਦੇ ਨਾਂਅ 'ਤੇ ਵਿਦਿਆਰਥੀਆਂ ਦੇ ਭਵਿੱਖ ਨਾਲ ਖੇਡ ਰਹੀ ਹੈ, ਇਸ ਤੋਂ ਪਹਿਲਾਂ ਨਾ ਤਾਂ ਅਧਿਆਪਕਾਂ ਦਾ ਆਨਲਾਈਨ ਪੜ੍ਹਾਈ ਕਰਵਾਉਣ ਦਾ ਕੋਈ ਤਜਰਬਾ ਸੀ, ਤੇ ਨਾ ਹੀ ਵਿਦਿਆਰਥੀਆਂ ਨੇ ਕਦੇ ਆਨਲਾਈਨ ਪੜ੍ਹਾਈ ਦੇ ਰਾਹੀਂ ਸਿੱਖਿਆ ਪ੍ਰਾਪਤ ਕੀਤੀ ਸੀ। ਇਸ ਕਰਕੇ ਪੜ੍ਹਾਈ ਦੇ ਸਿਸਟਮ ਦੁਆਰਾ ਵਿਦਿਆਰਥੀਆਂ ਦਾ ਮਾਨਸਿਕ ਪੱਧਰ ਨੀਵਾਂ ਹੁੰਦਾ ਜਾ ਰਿਹਾ ਹੈ ਅਤੇ ਦੇਸ਼ ਦਾ ਭਵਿੱਖ ਖ਼ਤਰੇ ਵਿੱਚ ਜਾ ਰਿਹਾ ਹੈ। ਵਿਦਿਆਰਥੀ ਆਗੂ ਨੇ ਅਪੀਲ ਕੀਤੀ ਕਿ, ਭਲਕੇ 30 ਮਾਰਚ ਨੂੰ ਸਾਰੇ ਲੋਕ, ਵਿੱਦਿਅਕ ਅਦਾਰੇ ਖੁੱਲ੍ਹਵਾਉਣ ਲਈ ਸੰਘਰਸ਼ ਵਿੱਚ ਹਿੱਸਾ ਪਾਉਣ।