ਜਵਾਨੀ ਰੁਜ਼ਗਾਰ ਮੰਗੇ, ਹਾਕਮ ਲਾਠੀਆਂ ਦੇਣ!! (ਨਿਊਜ਼ਨੰਬਰ ਖ਼ਾਸ ਖ਼ਬਰ)

ਦੇਸ਼ ਦੀ ਜਵਾਨੀ ਇਸ ਵੇਲੇ ਰੁਜ਼ਗਾਰ ਦੀ ਮੰਗ ਕਰ ਰਹੀ ਹੈ, ਪਰ ਹੁਕਮਰਾਨ ਉਨ੍ਹਾਂ ਨੂੰ ਲਾਠੀਆਂ ਦੇ ਰਹੇ ਹਨ। ਜਵਾਨੀ ਉੱਪਰ ਲਗਾਤਾਰ ਦੇਸ਼ ਦੇ ਅੰਦਰ ਤਸ਼ੱਦਦ ਹੋ ਰਿਹਾ ਹੈ, ਜਿਸ ਦੇ ਕਾਰਨ ਜਵਾਨੀ ਵਿੱਚ ਬਹੁਤ ਜ਼ਿਆਦਾ ਰੋਹ ਵੇਖਣ ਨੂੰ ਮਿਲ ਰਿਹਾ ਹੈ। ਦਰਅਸਲ, ਦੇਸ਼ ਦੇ ਅੰਦਰ ਵੱਧ ਰਹੀ ਬੇਰੁਜ਼ਗਾਰੀ, ਭੁੱਖਮਰੀ ਅਤੇ ਗ਼ਰੀਬੀ ਦੇ ਵਿਰੁੱਧ ਇਸ ਵੇਲੇ ਭਾਰਤੀ ਅਵਾਮ ਤਾਂ ਹੈ ਹੀ, ਨਾਲ ਹੀ ਸਰਕਾਰ ਤੱਕ ਗੱਲ ਪਹੁੰਚਾਉਣ ਦੇ ਵਾਸਤੇ ਸੰਸਥਾਵਾਂ ਵੀ ਤਿਆਰ ਹੋ ਚੁੱਕੀਆਂ ਹਨ। 

ਪਰ ਸਰਕਾਰ, ਬੇਰੁਜ਼ਗਾਰਾਂ ਅਤੇ ਗ਼ਰੀਬਾਂ ਦੀ ਗੱਲ ਸੁਣਨ ਦੀ ਬਿਜਾਏ, ਆਪਣਾ ਹੀ ਝੂਠ ਦਾ ਝੰਡਾ ਝੁਲਾਈ ਜਾ ਰਹੀ ਹੈ। ਦੇਸ਼ ਦਾ ਕਿਸਾਨ ਇਸ ਵੇਲੇ ਸੜਕਾਂ 'ਤੇ ਹੈ, ਜਿਸ ਦੀ ਗੱਲ ਸੁਣਨ ਲਈ ਸਰਕਾਰ ਤਿਆਰ ਨਹੀਂ। 'ਨਿਊਜ਼ਨੰਬਰ' ਨਾਲ ਗੱਲਬਾਤ ਕਰਦਿਆਂ ਹੋਇਆ, ਅਗਾਂਹਵਧੂ ਨੌਜਵਾਨ ਉਂਮਕਾਰ ਸਿੰਘ ਨੇ ਦੱਸਿਆ ਕਿ ਖੇਤੀ ਮਾਰੂ ਤਿੰਨ ਕਾਲੇ ਕਾਨੂੰਨ ਸਾਡੇ ਲਈ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਨੂੰ ਬਰਬਾਦੀ ਦੇ ਰਾਹ ਲੈ ਜਾਣਗੇ। 

ਇਸ ਲਈ ਇਹ ਰੱਦ ਹੋਣੇ ਚਾਹੀਦੇ ਹਨ। ਦੂਜੇ ਪਾਸੇ ਆਉਣ ਵਾਲੀਆਂ ਪੀੜੀਆਂ ਦੇ ਸੁਨਹਿਰੀ ਭਵਿੱਖ ਲਈ ਸਿਧਾਂਤਕ ਸੰਘਰਸ਼ ਕਰਨਾ ਵੀ ਸਾਡੇ ਲਈ ਸਮੇਂ ਦੀ ਅਣ-ਸਰਦੀ ਲੋੜ ਬਣ ਜਾਂਦੀ ਹੈ। ਇਸ ਲਈ ਨੌਜਵਾਨੀ ਲਈ ਵੀ ਦੇਸ਼ ਦੀ ਪਾਰਲੀਮੈਂਟ ਵਿੱਚੋਂ ਭਗਤ ਸਿੰਘ ਦੇ ਨਾਮ 'ਤੇ, ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ (ਬਨੇਗਾ) ਪਾਸ ਹੋਣਾ ਚਾਹੀਦਾ ਹੈ। ਸਾਡੀ ਨੌਕਰੀ (ਰੁਜ਼ਗਾਰ) 'ਤੇ ਵੀ ਕਾਨੂੰਨ ਬਣਨਾ ਚਾਹੀਦਾ ਹੈ। 

ਨੌਜਵਾਨਾਂ ਨੂੰ ਰੁਜ਼ਗਾਰ ਦੀ ਗਰੰਟੀ ਕਾਨੂੰਨ ਦੁਆਰਾ ਹੋਵੇ, ਉਹ ਵੀ ਯੋਗਤਾ ਮੁਤਾਬਿਕ, ਜਿਵੇਂ ਕਿ ਯੋਗਤਾ ਮੁਤਾਬਿਕ ਕੰਮ ਮਿਲੇ ਅਤੇ ਕੰਮ ਮੁਤਾਬਿਕ ਉਜਰਤ (ਤਨਖਾਹ) ਮਿਲੇ। ਉਨ੍ਹਾਂ ਮੰਗ ਕਰੀ ਕਿ ਸਰਕਾਰ ਬੇਰੁਜ਼ਗਾਰਾਂ ਨੂੰ ਨੌਕਰੀਆਂ ਦੇਵੇ, ਤਿੰਨੇ ਖੇਤੀ ਕਾਨੂੰਨ ਰੱਦ ਕੀਤੇ ਜਾਣ, ਹਰ ਫਸਲ ਦਾ ਘੱਟੋ ਘੱਟ ਸਮਰਥਨ ਮੁੱਲ ਕਾਨੂੰਨੀ ਤੇ ਖਰੀਦ ਯਕੀਨੀ ਬਣਾਇਆ ਜਾਵੇ, ਬਿਜਲੀ ਸੋਧ ਬਿੱਲ ਵਾਪਸ ਲਿਆ ਜਾਵੇ, ਪਰਾਲੀ ਸਾੜਨ ਸਬੰਧੀ ਕਿਸਾਨ ਵਿਰੋਧੀ ਆਰਡੀਨੈਂਸ ਵਾਪਸ ਲਏ ਜਾਣ।