ਪੰਜਾਬ ਨੂੰ ਕੈਪਟਨ ਨੇ ਕਿਉਂ ਕਰਵਾਇਆ ਬੰਦ? (ਨਿਊਜ਼ਨੰਬਰ ਖ਼ਾਸ ਖ਼ਬਰ)

ਅੱਜ ਪੰਜਾਬ ਭਰ ਦੀਆਂ ਸੜਕਾਂ 11 ਵਜੇ ਤੋਂ 12 ਵਜੇ ਤੱਕ ਸੁੰਨਸਾਨ ਰਹੀਆਂ। ਪਰ ਕਿਉਂ? ਪੰਜਾਬ ਵਿੱਚ ਤਾਂ ਕਰਫ਼ਿਊ ਵੀ ਨਹੀਂ ਲਗਾਇਆ ਗਿਆ, ਫਿਰ ਵੀ ਕਿਉਂ ਸੜਕਾਂ ਸੁੰਨਸਾਨ ਰਹੀਆਂ? ਦਰਅਸਲ, ਇਸ ਦੇ ਪਿੱਛੇ ਇੱਕ ਕਾਰਨ ਹੈ ਕਿ ਕੋਰੋਨਾ ਕਾਰਨ ਜਾਨਾਂ ਗੁਆਉਣ ਵਾਲਿਆਂ ਨੂੰ ਸ਼ਰਧਾਂਜਲੀ ਦੇਣ ਦੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਪੀਲ ਕੀਤੀ ਗਈ ਸੀ। ਜਿਸ ਕਾਰਨ ਸਵੇਰੇ 11 ਵਜੇ ਤੋਂ ਦੁਪਹਿਰ 12 ਵਜੇ ਤੱਕ ਲੋਕਾਂ ਨੇ ਚੁੱਪੀ ਧਾਰੀ ਰੱਖੀ ਅਤੇ ਜ਼ਿਆਦਾਤਰ ਲੋਕ ਘਰਾਂ ਵਿੱਚ ਹੀ ਰਹੇ। 

'ਨਿਊਜ਼ਨੰਬਰ' ਨਾਲ ਗੱਲਬਾਤ ਕਰਦਿਆਂ ਹੋਇਆ ਜ਼ਿਲ੍ਹਾ ਪੁਲਿਸ ਮੁਖੀ ਭਾਗੀਰਥ ਮੀਨਾ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਅਤੇ ਡੀਜੀਪੀ ਪੰਜਾਬ ਦੇ ਹੁਕਮਾਂ ਤਹਿਤ ਲੰਘੇ ਸ਼ਾਮ ਹੀ ਲੋਕਾਂ ਨੂੰ ਅਪੀਲ ਕਰ ਦਿੱਤੀ ਗਈ ਸੀ ਕਿ ਉਹ ਸ਼ਨੀਵਾਰ ਨੂੰ, ਯਾਨੀਕਿ ਅੱਜ ਸਵੇਰੇ 11 ਤੋਂ 12 ਵਜੇ ਤੱਕ ਮੋਨ ਧਾਰ ਕੇ ਉਨ੍ਹਾਂ ਲੋਕਾਂ ਨੂੰ ਯਾਦ ਕਰਨ, ਜੋ ਕਰੋਨਾ ਖਿਲਾਫ ਜੰਗ ਦੌਰਾਨ ਇਸ ਫਾਨੀ ਦੁਨੀਆਂ ਤੋਂ ਚਲੇ ਗਏ ਹਨ। ਪੁਲਿਸ ਮੁਖੀ ਮੁਤਾਬਿਕ, ਉਨ੍ਹਾਂ ਅਪੀਲ ਕੀਤੀ ਸੀ ਕਿ ਲੋਕ ਸੜਕੀ ਆਵਾਜਾਈ ਕਰਨ ਤੋਂ ਵੀ ਗੁਰੇਜ ਕੀਤਾ ਜਾਵੇ। 

ਦਰਅਸਲ, ਸਰਕਾਰ ਦੇ ਹੁਕਮਾਂ ਦੀ ਕਈ ਜਗ੍ਹਾਵਾਂ 'ਤੇ ਤਾਂ ਪਾਲਣਾ ਹੋਈ ਅਤੇ ਲੋਕ ਘਰਾਂ ਦੇ ਅੰਦਰ ਹੀ ਰਹੇ, ਪਰ ਰੋਜ਼ਮਰਾ ਕਮਾ ਕੇ, ਖਾਣ ਵਾਲੇ ਜਦੋਂ 11 ਤੋਂ 12 ਵਜੇ ਤੱਕ ਸੜਕਾਂ 'ਤੇ ਦਿੱਸੇ ਤਾਂ, ਉਨ੍ਹਾਂ ਨੂੰ ਪੁਲਿਸ ਨੇ ਰੋਕ ਦਿੱਤਾ। ਗ਼ਰੀਬਾਂ ਦਾ ਦਾਣਾ ਪਾਣੀ ਬੰਦ ਕਰਕੇ, ਪੁਲਿਸ ਨੇ ਉਨ੍ਹਾਂ ਨੂੰ ਮੋਨ ਧਾਰਨ ਲਈ ਕਿਹਾ। ਗ਼ਰੀਬ ਵਿਚਾਰੇ ਕਰਦੇ ਤਾਂ ਕੀ ਕਰਦੇ, ਪੁਲਿਸ ਦੀ ਗੱਲ ਮੰਨ ਕੇ, ਨਾਕਿਆਂ 'ਤੇ ਹੀ ਮੋਨ ਧਾਰ ਕੇ ਖੜ੍ਹੇ ਰਹੇ। 

ਖ਼ਬਰਾਂ ਦੀ ਮੰਨੀਏ ਤਾਂ, ਪੰਜਾਬ ਵਿੱਚ ਕੁੱਝ ਥਾਵਾਂ 'ਤੇ ਪੰਜਾਬ ਸਰਕਾਰ ਦੀ ਇਸ ਅਪੀਲ ਦਾ ਅਸਰ ਦੇਖਣ ਨੂੰ ਮਿਲਿਆ, ਜਦੋਂਕਿ ਕਈ ਜਗ੍ਹਾਂਵਾਂ 'ਤੇ ਪੁਲਿਸ ਦੇ ਨਾਲ ਲੋਕ ਬਹਿਸਦੇ ਵੀ ਵਿਖਾਈ ਦਿੱਤੇ। ਬਠਿੰਡਾ, ਬਰਨਾਲਾ ਸਣੇ ਹੋਰ ਜ਼ਿਲ੍ਹਿਆਂ ਵਿੱਚ ਪੁਲਿਸ ਨੇ 11 ਵਜਦੇ ਹੀ ਟ੍ਰੈਫਿਕ ਰੋਕ ਦਿੱਤਾ। ਹਾਲਾਂਕਿ ਇਸ ਦੌਰਾਨ ਐਂਬੁੂਲੈਂਸ ਅਤੇ ਜ਼ਰੂਰੀ ਵਾਹਨਾਂ ਨੂੰ ਜਾਣ ਦਿੱਤਾ ਗਿਆ, ਉਥੇ ਪੁਲਿਸ ਵੱਲੋਂ ਟ੍ਰੈਫਿਕ ਰੋਕੇ ਜਾਣ ਕਾਰਨ ਲੋਕਾਂ ਨੇ ਜੰਮ ਕੇ ਪੁਲਿਸ ਪ੍ਰਸਾਸ਼ਨ ਅਤੇ ਪੰਜਾਬ ਸਰਕਾਰ ਦਾ ਵਿਰੋਧ ਕੀਤਾ।