ਭਾਰਤ ਬੰਦ ਮਗਰੋਂ ਕਿਸਾਨਾਂ ਦੀ ਬਣੇਗੀ ਗੱਲ? (ਨਿਊਜ਼ਨੰਬਰ ਖ਼ਾਸ ਖ਼ਬਰ)

ਕੱਲ੍ਹ ਸੰਯੁਕਤ ਕਿਸਾਨ ਮੋਰਚੇ ਵੱਲੋਂ ਮੁਲਕ ਵਿਆਪੀ ਕਿਸਾਨ ਭਾਰਤ ਬੰਦ ਦੇ ਸੱਦੇ ਦਾ ਭਰਵਾਂ ਹੁੰਗਾਰਾ ਭਰਦਿਆ ਦੇਸ਼ ਭਰ ਦੇ ਆਮ ਲੋਕਾਂ ਨੇ ਕਿਸਾਨਾਂ ਦੇ ਨਾਲ ਰਲ ਮਿਲ ਕੇ, ਭਾਰਤ ਨੂੰ ਮੁਕੰਮਲ ਤੌਰ 'ਤੇ ਬੰਦ ਰੱਖਿਆ। ਇਸ ਭਾਰਤ ਬੰਦ ਦੌਰਾਨ ਅਹਿਮ ਗੱਲ ਇਹ ਵੇਖਣ ਨੂੰ ਮਿਲੀ ਕਿ, ਕਾਰੋਬਾਰੀਆਂ ਵੱਲੋਂ ਹਰ ਤਰ੍ਹਾਂ ਦੇ ਕਾਰੋਬਾਰ ਮੁਕੰਮਲ ਬੰਦ ਰੱਖੇ ਗਏ, ਜਿਸ ਕਾਰਨ ਗਹਿਮਾ ਗਹਿਮੀ ਰਹਿਣ ਵਾਲੇ ਬਜ਼ਾਰਾਂ ਵਿੱਚ ਸੁੰਨ ਪਸਰੀ ਵੇਖੀ ਗਈ। 

ਇੱਥੋਂ ਤੱਕ ਚਾਹ ਦੁੱਧ, ਫਲ ਸਬਜ਼ੀਆਂ ਅਤੇ ਦਵਾਈਆਂ ਦੀਆਂ ਦੁਕਾਨਾਂ, ਰੇਹੜੀਆਂ ਤੋਂ ਇਲਾਵਾ ਪੈਟਰੋਲ ਪੰਪ ਵੀ ਬੰਦ ਵਿਖਾਈ ਦਿੱਤੇ। ਦਰਅਸਲ, ਲੱਖਾਂ ਭਾਰਤ ਵਾਸੀਆਂ ਨੇ ਕੱਲ੍ਹ ਭਾਰਤ ਬੰਦ ਵਿੱਚ ਆਪਣਾ ਸਮਰਥਨ ਦਿੱਤਾ। ਪਰ ਸਵਾਲ ਇੱਥੇ ਇਹ ਪੈਦਾ ਹੁੰਦਾ ਹੈ ਕਿ ਭਾਰਤ ਬੰਦ ਕਰਨ ਮਗਰੋਂ ਕੀ ਕਿਸਾਨਾਂ ਦੀ ਗੱਲ ਬਣੇਗੀ? ਮਤਲਬ ਕਿ ਕੀ ਖੇਤੀ ਕਾਨੂੰਨਾਂ ਨੂੰ ਮੋਦੀ ਸਰਕਾਰ ਵਾਪਸ ਲਵੇਗੀ? 

ਕੀ ਕਿਸਾਨਾਂ ਦੀਆਂ ਹੋਰਨਾਂ ਮੰਗਾਂ ਦੇ ਵੱਲ ਸਰਕਾਰ ਗੌਰ ਕਰੇਗੀ? ਕਿਸਾਨ ਆਗੂਆਂ ਦਾ ਦੋਸ਼ ਹੈ ਕਿ ਭਾਰਤ ਬੰਦ ਨੇ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ ਹਨ, ਇਸੇ ਹੀ ਲਈ ਭਾਰਤ ਬੰਦ ਵਾਲੇ ਦਿਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਛੱਡ ਕੇ ਭੱਜ ਗਏ। ਕਿਸਾਨਾਂ ਮੁਤਾਬਿਕ, ਲੱਖਾਂ ਕਿਸਾਨਾਂ ਮਜ਼ਦੂਰ ਬੀਬੀਆਂ ਤੇ ਨੌਜਵਾਨਾਂ ਨੇ ਭਾਰਤ ਬੰਦ ਵਿੱਚ ਹਿੱਸਾ ਲਿਆ ਅਤੇ ਅਣਗਿਣਤ ਜਗ੍ਹਾਵਾਂ ਨੂੰ ਬੰਦ ਕਰਕੇ, ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। 

ਕਿਸਾਨਾਂ ਨੇ ਮਤੇ ਪਾਸ ਕਰਕੇ ਮੋਦੀ ਸਰਕਾਰ ਦੀ ਕਾਰਪੋਰੇਟ ਪੱਖੀ ਨੀਤੀ ਦੀ ਸਖ਼ਤ ਨਿੰਦਿਆ ਕਰਦਿਆਂ ਮੰਗ ਕੀਤੀ ਗਈ ਕਿ ਤਿੰਨੇ ਖੇਤੀ ਕਾਲੇ ਕਾਨੂੰਨ ਰੱਦ ਕੀਤੇ ਜਾਣ 23 ਫ਼ਸਲਾਂ ਦੀ ਖ਼ਰੀਦ ਦੀ ਗਾਰੰਟੀ ਵਾਲਾ ਕਾਨੂੰਨ ਬਣਾਇਆ ਜਾਵੇ। ਬਿਜਲੀ ਸੋਧ ਬਿੱਲ 2020 ਤੇ ਪ੍ਰਦੂਸ਼ਣ ਐਕਟ 2020 ਤਰੁੰਤ ਰੱਦ ਕੀਤਾ ਜਾਵੇ। ਸਾਰੇ ਕਿਸਾਨਾਂ ਉੱਤੇ ਕੀਤੇ ਪਰਚੇ ਰੱਦ ਕੀਤੇ ਜਾਣ, ਕਣਕ ਦੀ ਖ਼ਰੀਦ ਸਬੰਧੀ ਫ਼ਰਦਾਂ ਲੈਣ ਸਮੇਤ ਲਾਈਆਂ ਸਾਰੀਆਂ ਸ਼ਰਤਾਂ ਖ਼ਤਮ ਕੀਤੀਆਂ ਜਾਣ। ਕਰੋਨਾ ਦੇ ਨਾਮ ਉੱਤੇ ਜੁਰਮਾਨੇ ਅਤੇ ਚਲਾਨ ਕਰਨੇ ਬੰਦ ਕੀਤੇ ਜਾਣ।