ਸਿਆਸਤਦਾਨ ਨਹੀਂ ਖ਼ਤਮ ਕਰਨਾ ਚਾਹੁੰਦੇ ਪੰਜਾਬ 'ਚੋਂ ਨਸ਼ਾ? (ਨਿਊਜ਼ਨੰਬਰ ਖ਼ਾਸ ਖ਼ਬਰ)

ਚਿੱਟੇ ਨੇ ਕਈ ਘਰਾਂ ਵਿਚ ਹੁਣ ਤੱਕ ਸੱਥਰ ਵਿਛਾ ਕੇ ਰੱਖ ਦਿੱਤੇ ਹਨ। ਇਸ ਦਾ ਇਕੋਂ ਇਕ ਕਾਰਨ ਹੈ ਕਿ ਸਾਡੇ ਪੰਜਾਬ ਦੇ ਲੀਡਰਾਂ ਦੇ ਵਲੋਂ 'ਚਿੱਟੇ' ਦੇ ਮੁੱਦੇ 'ਤੇ ਸਿਰਫ਼ ਸਿਆਸਤ ਘੋਲੀ ਜਾ ਰਹੀ ਹੈ। ਜੇਕਰ ਚਿੱਟੇ ਦੇ ਮੁੱਦੇ 'ਤੇ ਲੀਡਰ ਦਿਲੋਂ ਕੰਮ ਕਰਨ ਤਾਂ ਚਿੱਟਾ ਤਾਂ ਕੀ ਚਿੱਟੇ ਦਾ ਬਾਪ ਵੀ ਚਾਰਾਂ ਦਿਨਾਂ ਦੇ ਅੰਦਰ ਅੰਦਰ ਪੰਜਾਬ ਦੇ ਵਿਚੋਂ ਖ਼ਤਮ ਹੋ ਸਕਦਾ ਹੈ। ਮੈਨੂੰ ਤਾਂ ਇੰਝ ਲੱਗਦਾ ਹੈ, ਕਿ ਜਿਵੇਂ ਲੀਡਰ ਪੰਜਾਬ ਦੇ ਵਿਚੋਂ 'ਚਿੱਟਾ' ਖਤਮ ਹੀ ਨਹੀਂ ਕਰਨਾ ਚਾਹੁੰਦੇ, ਕਿਉਂਕਿ ਜੇਕਰ ਚਿੱਟਾ ਖ਼ਤਮ ਹੋ ਗਿਆ ਤਾਂ ਲੀਡਰਾਂ ਦੇ ਮੁੱਦਿਆਂ ਵਿਚ ਕਮੀ ਆ ਜਾਵੇਗੀ। 

ਦੱਸ ਦਈਏ ਕਿ ਪੰਜਾਬ ਦੇ ਕਈ ਸਿਆਸਤਦਾਨ ਤਾਂ ਹੁਣ ਤੱਕ ਚਿੱਟੇ ਦੇ ਮਸਲੇ ਉਪਰ ਘਿਰ ਚੁੱਕੇ ਹਨ ਅਤੇ ਕਈਆਂ ਉਪਰ ਤਾਂ ਚਿੱਟੇ ਵੇਚਣ ਦਾ ਟੈਗ ਵੀ ਲੱਗ ਚੁੱਕਿਆ ਹੈ, ਪਰ ਅਫ਼ਸੋਸ ਹੁਣ ਤੱਕ ਕਿਸੇ ਵੀ ਲੀਡਰ ਵਿਰੁੱਧ ਕੋਈ ਵੀ ਕਾਰਵਾਈ ਨਹੀਂ ਹੋ ਸਕੀ। ਦੱਸਿਆ ਜਾਂਦਾ ਹੈ ਕਿ ਅਕਾਲੀ ਦਲ ਦੇ ਇਕ ਸੀਨੀਅਰ ਲੀਡਰ 'ਤੇ ਵੀ ਚਿੱਟਾ ਵੇਚਣ ਦਾ ਦੋਸ਼ ਲੱਗਿਆ ਸੀ, ਪਰ ਉਕਤ ਲੀਡਰ ਅਦਾਲਤੋਂ ਕਲੀਨ ਚਿੱਟ ਲੈ ਕੇ ਹੀ ਪਰਤਿਆ, ਕਿ ਵੇਖੋ ਜੀ ਮੈਂ ਤਾਂ ਚਿੱਟਾ ਵੇਚਦਾ ਹੀ ਨਹੀਂ ਸੀ। ਮੈਨੂੰ ਤਾਂ ਬਦਨਾਮ ਕਰਨ ਦੀਆਂ ਕੋਸ਼ਿਸ਼ ਕਰਦੇ ਰਹੇ, ਵਿਰੋਧੀ ਲੀਡਰ। 

ਚਲੋਂ ਖ਼ੈਰ.!! ਇਨ੍ਹਾਂ ਲੀਡਰਾਂ ਦਾ ਰੱਬ ਤਾਂ ਵੇਖਦਾ ਹੈ ਕਿ ਕੌਣ ਕਿੰਨਾ ਚਿੱਟਾ ਵੇਚਦਾ ਹੈ? ਇਨ੍ਹਾਂ ਲੀਡਰਾਂ ਦਾ ਕੋਈ ਗੁਰੂ ਪੀਰ ਨਹੀਂ ਹੈ। ਇਹ ਤਾਂ ਆਪਣਾ ਹੀ ਸਭ ਕੁਝ ਬਣਾ ਕੇ ਰੱਖਦੇ ਹਨ। ਖੁਦ ਦੋਸ਼ ਲਗਾ ਕੇ ਕਹਿਣਗੇ ਕਿ ਫਲਾਨਾਂ ਬੰਦਾ ਨਸ਼ਾ ਵੇਚਦਾ ਹੈ, ਪਰ ਜਦੋਂ ਉਕਤ ਬੰਦਾ ਉਨ੍ਹਾਂ ਦੀ ਪਾਰਟੀ ਦੇ ਵਿਚ ਸ਼ਾਮਲ ਹੋ ਜਾਂਦਾ ਹੈ ਤਾਂ ਫਿਰ ਉਹ ਦੁੱਧ ਦਾ ਧੋਤਾ ਬਣਾ ਜਾਂਦਾ ਹੈ। ਵੇਖਿਆ ਜਾਵੇ ਤਾਂ, ਉਹ ਬੰਦਾ ਦੁੱਧ ਦਾ ਧੋਤਾ ਕਿਵੇਂ ਬਣ ਸਕਦਾ ਹੈ, ਜਿਸ 'ਤੇ ਕਰੋੜਾਂ ਰੁਪਏ ਦਾ ਨਸ਼ਾ ਵੇਚਣ ਦੇ ਦੋਸ਼ ਲੱਗਦੇ ਰਹੇ ਹੋਣ?

ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਲੀਡਰ ਸਹੀ ਨੂੰ ਗਲਤ ਅਤੇ ਗਲਤ ਨੂੰ ਸਹੀ ਕਰਨ ਲੱਗਿਆ ਮਿੰਟ ਲਾਉਂਦੇ ਹਨ। ਪੰਜਾਬ ਦੇ ਅੱਜ ਹਾਲ ਵੇਖੀਏ ਤਾਂ ਇਨ੍ਹੇਂ ਕੁ ਜ਼ਿਆਦਾ ਮਾੜੇ ਹੋ ਚੁੱਕੇ ਹਨ ਕਿ ਕੋਈ ਕਹਿਣ ਦੀ ਹੱਦ ਨਹੀਂ। ਪੰਜਾਬ ਦੇ ਅੰਦਰ 117 ਵਿਧਾਨ ਸਭਾ ਹਲਕੇ ਹਨ। ਇਨ੍ਹਾਂ 117 ਵਿਧਾਨ ਸਭਾ ਹਲਕਿਆਂ ਦੇ ਵਿਚ ਕੋਈ ਵੀ ਹਲਕਾ ਅਜਿਹਾ ਨਹੀਂ ਹੋਣਾ, ਜਿਥੋਂ ਦੇ ਮੁੰਡੇ ਨਸ਼ੇ ਦੇ ਕਾਰਨ ਨਾ ਮਰੇ ਹੋਣ। ਹਰ ਵਿਧਾਨ ਸਭਾ ਹਲਕੇ ਦੇ ਵਿਚ ਹੁਣ ਤੱਕ ਦਰਜਨਾਂ ਦੀ ਗਿਣਤੀ ਵਿਚ ਨੌਜ਼ਵਾਨ ਨਸ਼ੇ ਦੇ ਕਾਰਨ ਮਰ ਚੁੱਕੇ ਹਨ। 

ਜਦੋਂ ਵਿਧਾਨ ਸਭਾ ਸ਼ੈਸ਼ਨ ਸ਼ੁਰੂ ਹੁੰਦਾ ਹੈ ਤਾਂ ਉਦੋਂ ਸਭ ਲੀਡਰ ਰੌਲਾ ਪਾਉਂਦੇ ਹਨ ਕਿ ਪੰਜਾਬ ਨੂੰ ਨਸ਼ਾ ਖਾ ਗਿਆ, ਪਰ ਕੋਈ ਵੀ ਲੀਡਰ ਇਸ ਦੀ ਅਸਲੀਅਤ ਦੇ ਵੱਲ ਨਿਗਾਹ ਨਹੀਂ ਮਾਰਦਾ ਕਿ ਇਹ ਨਸ਼ਾ ਆ ਕਿਥੋਂ ਰਿਹਾ ਹੈ? ਅਸਲ ਨਸ਼ੇ ਦਾ ਮਾਸਟਰਮਾਈਡ ਕੌਣ ਹੈ, ਜੋ ਪੰਜਾਬ ਦੇ ਅੰਦਰ ਨਸ਼ਾ ਵੇਚ ਰਿਹਾ ਹੈ? ਸਿਆਸਤਦਾਨ ਤਾਂ ਇਕ ਦੂਜੇ ਉਪਰ ਬਸ ਇਹ ਹੀ ਦੋਸ਼ ਲਗਾਉਂਦੇ ਹਮੇਸ਼ਾਂ ਨਜ਼ਰੀ ਆਉਂਦੇ ਹਨ ਕਿ ''ਇਹ ਲੀਡਰ ਨਸ਼ਾ ਵੇਚ ਗਿਆ, ਔਂਹ ਲੀਡਰ ਨਸ਼ਾ ਵੇਚ ਗਿਆ''। ਪਰ ਕਦੇ ਵੀ ਇਹ ਲੀਡਰ ਆਪਣੇ ਅੰਦਰ ਝਾਤ ਨਹੀਂ ਮਾਰਦੇ, ਕਿ ਉਹ ਕਿੰਨਾ ਨਸ਼ਾ ਵੇਚ ਗਏ। 

ਵੇਖਿਆ ਜਾਵੇ ਤਾਂ, ਪੰਜਾਬ ਦੇ ਅੰਦਰ ਕੋਈ ਵੀ ਬੁੱਧੀਜੀਵੀ, ਪੱਤਰਕਾਰ ਜਾਂ ਫਿਰ ਸਮਾਜ ਸੇਵੀ ਨਸ਼ੇ ਦਾ ਮੁੱਦਾ ਚੁੱਕਦਾ ਹੈ ਤਾਂ ਉਸ 'ਤੇ ਦੰਗਾ ਭੜਕਾਉਣ ਜਿਵੇਂ ਮਾਮਲੇ ਦਰਜ ਕਰਕੇ ਉਸ ਦੀ ਅਵਾਜ ਨੂੰ ਦਬਾ ਦਿੱਤਾ ਜਾਂਦਾ ਹੈ। ਨਸ਼ੇ ਦੇ ਮੁੱਦੇ 'ਤੇ ਕਈ ਪੱਤਰਕਾਰ ''ਅੰਦਰ'' ਦੀਆਂ ਸਟੋਰੀਆਂ ਛਾਪ ਚੁੱਕੇ ਹਨ, ਪਰ ਆਖ਼ਰ ਉਨ੍ਹਾਂ ਨੂੰ ਸਿਰਫ਼ ਤੇ ਸਿਰਫ਼ ਧਮਕੀਆਂ ਦਾ ਹੀ ਸਾਹਮਣਾ ਕਰਨਾ ਪਿਆ ਹੈ। ਸੋ ਦੋਸਤੋਂ, ਕਿਸੇ ਲੀਡਰ ਨੇ ਕੁਝ ਨਹੀਂ ਕਰਨਾ, ਇਸ ਲਈ ਸਮੂਹ ਪੰਜਾਬ ਵਾਸੀਆਂ ਨੂੰ ਲੀਡਰਾਂ ਤੋਂ ਖਹਿੜਾ ਛੁਡਾ ਕੇ ਖੁਦ ਮੈਦਾਨ ਵਿਚ ਉਤਰ ਕੇ ਹੀ ਨਸ਼ਾ ਖ਼ਤਮ ਕਰਨ ਵਿਚ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈ।