ਕਿਸਾਨ ਮੋਰਚਾ: ਪੰਜਾਬ ਵਿੱਚ ਭਾਜਪਾ ਲੀਡਰਾਂ ਦਾ ਹੀ ਏਨਾਂ ਵਿਰੋਧ ਕਿਉਂ? (ਨਿਊਜ਼ਨੰਬਰ ਖ਼ਾਸ ਖ਼ਬਰ)

ਕਿਸਾਨਾਂ ਦਾ ਮੋਰਚਾ ਜਦੋਂ ਤੋਂ ਖੇਤੀ ਕਾਨੂੰਨਾਂ ਦੇ ਵਿਰੁੱਧ ਸ਼ੁਰੂ ਹੋਇਆ ਹੈ, ਉਦੋਂ ਤੋਂ ਲੈ ਕੇ ਹੀ ਭਾਜਪਾਈ ਲੀਡਰਾਂ ਦਾ ਜ਼ਬਰਦਸਤ ਕਿਸਾਨ ਵਿਰੋਧ ਕਰ ਰਹੇ ਹਨ। ਕਿਸਾਨਾਂ ਦੀ ਮੰਗ ਕੇਂਦਰ ਸਰਕਾਰ ਮੰਨ ਨਹੀਂ ਰਹੀ, ਪਰ ਕਿਸਾਨਾਂ ਨੇ ਆਪਣੀ ਗੱਲ ਮਨਵਾਉਣ ਦਾ ਹੁਣ ਨਵਾਂ ਤਰੀਕਾ ਲੱਭ ਲਿਆ ਹੋਇਆ ਹੈ। ਕਿਸਾਨਾਂ ਦੁਆਰਾ ਭਾਰਤ ਦੇ ਵੱਖ ਵੱਖ ਸੂਬਿਆਂ ਵਿੱਚ ਜਿੱਥੇ ਕਿਤੇ ਵੀ ਭਾਜਪਾ ਲੀਡਰ, ਮੰਤਰੀ, ਸੰਸਦ ਮੈਂਬਰ ਜਾਂ ਫਿਰ ਵਿਧਾਇਕ ਆਦਿ ਪੁੱਜ ਰਹੇ ਹਨ, ਉਨ੍ਹਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। 

ਪੰਜਾਬ ਵਿੱਚ ਕਿਸਾਨਾਂ ਦੁਆਰਾ ਅੱਜ ਪਿੰਡ ਗੁੱਲਪੁਰ (ਨੇੜੇ ਬਲਾਚੌਰ) ਵਿਖੇ ਸਾਬਕਾ ਕੇਂਦਰੀ ਮੰਤਰੀ ਅਤੇ ਐਸ. ਸੀ. ਕਮਿਸ਼ਨ ਦੇ ਕੌਮੀ ਚੇਅਰਮੈਨ ਵਿਜੇ ਸਾਂਪਲਾ ਦਾ ਕਿਸਾਨਾਂ ਦੁਆਰਾ ਜੰਮ ਕੇ ਵਿਰੋਧ ਕੀਤਾ ਗਿਆ। ਜਾਣਕਾਰੀ ਮਿਲੀ ਹੈ ਕਿ ਵਿਜੇ ਸਾਂਪਲਾ ਜਦੋਂ ਵਿਖੇ ਆਪਣੇ ਵੱਡੇ ਵਡੇਰਿਆਂ ਦੇ ਅਸਥਾਨ 'ਤੇ ਪਹੁੰਚੇ ਤਾਂ ਇਸ ਗੱਲ ਦਾ ਪਤਾ ਕਿਸਾਨਾਂ ਨੂੰ ਲੱਗ ਗਿਆ ਅਤੇ ਫਿਰ ਵੱਡੀ ਗਿਣਤੀ ਵਿੱਚ ਕਿਸਾਨ ਉੱਥੇ ਪੁੱਜ ਗਏ। 

ਕਿਸਾਨਾਂ ਨੇ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਹੋਇਆ, ਵਿਜੇ ਸਾਂਪਲਾ ਵਿਰੁੱਧ ਵੀ ਬਹੁਤ ਕੁੱਝ ਬੋਲਿਆ। ਕਿਸਾਨਾਂ ਦੇ ਨਾਲ ਜਦੋਂ ਭਾਜਪਾ ਲੀਡਰਾਂ ਦੇ ਵਿਰੋਧ ਦੇ ਬਾਰੇ ਵਿੱਚ ਗੱਲਬਾਤ ਕੀਤੀ ਗਈ ਤਾਂ, ਉਨ੍ਹਾਂ ਕਿਹਾ ਕਿ, ਕੇਂਦਰ ਦੀ ਭਾਜਪਾ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਣ ਲਈ ਰਾਜ਼ੀ ਨਹੀਂ ਹੈ, ਇਸੇ ਲਈ ਕਿਸਾਨਾਂ ਵਿੱਚ ਬਹੁਤ ਜ਼ਿਆਦਾ ਗੁੱਸਾ ਹੈ ਅਤੇ ਕਿਸਾਨ ਲਗਾਤਾਰ ਭਾਜਪਾ ਲੀਡਰਾਂ ਦਾ ਵਿਰੋਧ ਕਰ ਰਹੇ ਹਨ। ਕਿਸਾਨਾਂ ਦੀ ਮੰਗ ਹੈ ਕਿ ਖੇਤੀ ਕਾਨੂੰਨ ਰੱਦ ਕੀਤੇ ਜਾਣ। 

ਪਰ ਸਰਕਾਰ ਦਾ ਰਵੱਈਆ ਹੁਣ ਤੱਕ ਕਿਸਾਨ ਵਿਰੋਧੀ ਹੀ ਰਿਹਾ ਹੈ। ਕਿਸਾਨਾਂ ਦਾ ਦੋਸ਼ ਹੈ ਕਿ ਜਦੋਂ ਕੰਪਨੀਆਂ ਸੰਸਦ ਚਲਾਉਣਗੀਆਂ ਤਾਂ ਅਜਿਹੀਆਂ ਸਰਕਾਰਾਂ ਗੱਲਬਾਤ ਨਹੀਂ ਕਰਦੀਆਂ, ਉਹ ਵਪਾਰ ਕਰਦੀਆਂ ਹਨ ਅਤੇ ਵਿਦੇਸ਼ੀ ਕੰਪਨੀਆਂ ਹਰ ਖੇਤਰ ਨੂੰ ਤਬਾਹ ਕਰ ਦੇਣਗੀਆਂ। ਉਨ੍ਹਾਂ ਦੋਸ਼ ਲਗਾਇਆ ਕਿ ਰੇਲਗੱਡੀ ਦੇ ਰੂਟ ਤੱਕ ਵੇਚੇ ਜਾ ਚੁੱਕੇ ਹਨ ਅਤੇ ਕੋਰੋਨਾ ਦਾ ਤਾਂ ਐਵੇਂ ਹੀ ਬਹਾਨਾ ਲਾਇਆ ਜਾ ਰਿਹਾ ਹੈ। ਕੇਂਦਰ ਸਰਕਾਰ ਛੋਟੇ ਅਤੇ ਦਰਮਿਆਨੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਜਮੀਨਾਂ ਦੇ ਹੱਕ ਤੋਂ ਵਾਂਝਾ ਕਰਨ ਜਾ ਰਹੀ ਹੈ। ਇਸੇ ਲਈ ਕੇਂਦਰ ਸਰਕਾਰ ਅਤੇ ਭਾਜਪਾ ਲੀਡਰਾਂ ਦਾ ਕਿਸਾਨਾਂ ਦੁਆਰਾ ਵਿਰੋਧ ਕੀਤਾ ਜਾ ਰਿਹਾ ਹੈ।