ਕੀ ਪੰਜਾਬ ਬਜਟ ਨੇ ਕੁੱਝ ਨਹੀਂ ਦਿੱਤਾ ਮੁਲਾਜ਼ਮਾਂ ਨੂੰ? (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਬਜਟ ਇਜਲਾਸ ਲੰਘੇ ਦਿਨ ਸਮਾਪਤ ਹੋ ਗਿਆ, ਪਰ ਇਹ ਬਜਟ ਤੋਂ ਪੰਜਾਬ ਦਾ ਹਰ ਵਰਗ ਤੰਗ ਪ੍ਰੇਸ਼ਾਨ ਨਜ਼ਰੀ ਆਇਆ ਹੈ। ਆਮ ਲੋਕਾਂ ਤੋਂ ਲੈ ਕੇ ਕਿਸਾਨ ਮਜ਼ਦੂਰ ਅਤੇ ਮੁਲਾਜ਼ਮ ਇਸ ਵੇਲੇ ਸਰਕਾਰ ਦੇ ਬਜਟ ਦੀਆਂ ਕਾਪੀਆਂ ਸਾੜ ਰਹੇ ਹਨ ਅਤੇ ਕਹਿ ਰਹੇ ਹਨ ਕਿ ਸਰਕਾਰ ਪੰਜਾਬ ਦੀ ਅਵਾਮ ਦੇ ਨਾਲ ਵਾਅਦਾ ਖ਼ਿਲਾਫ਼ੀ ਕਰ ਰਹੀ ਹੈ। ਬੇਸ਼ੱਕ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੋਂ ਇਲਾਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਜਟ ਇਜਲਾਸ ਵੇਲੇ ਅਨੇਕਾਂ ਹੀ ਐਲਾਨ ਕੀਤੇ, ਪਰ ਇਨ੍ਹਾਂ ਐਲਾਨਾਂ ਤੋਂ ਪੰਜਾਬ ਖ਼ੁਸ਼ ਨਹੀਂ ਹੈ। 

ਪੰਜਾਬ ਦਾ ਮੁਲਾਜ਼ਮ ਵਰਗ ਇਸ ਵੇਲੇ ਬਜਟ ਦੀਆਂ ਕਾਪੀਆਂ ਸਾੜ ਕੇ, ਕੈਪਟਨ ਹਕੂਮਤ ਨੂੰ ਲਾਹਨਤਾਂ ਪਾ ਰਿਹਾ ਹੈ। ਲੰਘੇ ਦਿਨ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਸਾੜਿਆ ਗਿਆ ਅਤੇ ਨਾਲ ਹੀ ਪੰਜਾਬ ਬਜਟ ਦੀਆਂ ਕਾਪੀਆਂ ਵੀ ਫ਼ੂਕੀਆਂ ਗਈਆਂ। 'ਨਿਊਜ਼ਨੰਬਰ' ਨਾਲ ਗੱਲਬਾਤ ਕਰਦਿਆਂ ਹੋਇਆ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਦੱਸਿਆ ਕਿ ਸਰਕਾਰ ਨੇ ਜੋ ਵਾਅਦੇ ਚੋਣਾਂ ਤੋਂ ਪਹਿਲੋਂ ਕੀਤੇ ਸਨ। 

ਉਨ੍ਹਾਂ ਵਾਅਦਿਆਂ ਵਿੱਚੋਂ, ਇੱਕ ਵੀ ਵਾਅਦਾ ਸਰਕਾਰ ਹੁਣ ਤੱਕ ਪੂਰਾ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਸਰਕਾਰ ਦੇ ਮੰਤਰੀਆਂ ਨੇ ਬਜਟ ਤੋਂ ਪਹਿਲਾਂ ਯੂਨੀਅਨ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਸੀ ਕਿ ਇਸ ਬਜਟ ਦੇ ਵਿੱਚ ਆਂਗਣਵਾੜੀ ਵਰਕਰਾਂ, ਹੈਲਪਰਾਂ ਅਤੇ ਆਈ ਸੀ ਡੀ ਐਸ ਪ੍ਰੋਜੈਕਟ ਵਾਸਤੇ ਬਹੁਤ ਕੁੱਝ ਰੱਖਿਆ ਜਾਵੇਗਾ, ਪਰ ਬਜਟ ਵਿੱਚ ਸਰਕਾਰ ਮੁਲਾਜ਼ਮਾਂ ਨੂੰ ਵਿਸਾਰ ਗਈ। ਨਵੇਂ ਆਏ ਬਜਟ ਵਿੱਚ ਸਰਕਾਰ ਵੱਲੋਂ ਆਂਗਨਵਾੜੀ ਹੈਲਪਰਾਂ ਵਰਕਰਾਂ ਦੇ ਨਾਲ-ਨਾਲ ਆਈ ਸੀ ਡੀ ਐਸ ਪ੍ਰੋਜੈਕਟ ਨੂੰ ਵੀ ਪੂਰੀ ਤਰ੍ਹਾਂ ਨਜ਼ਰ-ਅੰਦਾਜ ਕੀਤਾ ਗਿਆ। 

ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਅਤੇ ਹੋਰਨਾਂ ਆਂਗਨਵਾੜੀ ਵਰਕਰਾਂ ਤੇ  ਹੈਲਪਰਾਂ ਨੇ ਸੂਬਾ ਸਰਕਾਰ ਨੂੰ ਸਖ਼ਤ ਚਿਤਾਵਨੀ ਦਿੱਤੀ  ਕਿ ਜੇਕਰ ਸਰਕਾਰ ਨੇ ਪੰਜਾਬ ਭਰ ਦੀਆਂ 54 ਹਜ਼ਾਰ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਮੰਗਾਂ ਨੂੰ ਛੇਤੀ ਨਾ ਮੰਨਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸਰਕਾਰ ਦੇ ਵਿਰੁੱਧ ਸੰਘਰਸ਼ ਤੇਜ਼ ਕੀਤਾ ਜਾਵੇਗਾ ਅਤੇ ਜਲਦ ਹੀ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਸੂਬਾ ਪੱਧਰੀ ਰੋਸ ਮੁਜ਼ਾਹਰਾ ਵੀ ਕੀਤਾ ਜਾਵੇਗਾ।