ਪੰਜਾਬ ਬਜਟ ਦੀਆਂ ਕਾਪੀਆਂ ਕਿਉਂ ਸੜ ਰਹੀਆਂ ਨੇ? (ਨਿਊਜ਼ਨੰਬਰ ਖ਼ਾਸ ਖ਼ਬਰ)

ਇਸ ਵੇਲੇ ਪੰਜਾਬ ਦਾ ਬਜਟ ਇਜਲਾਸ ਚੱਲ ਰਿਹਾ ਹੈ ਅਤੇ ਇਸੇ ਦੌਰਾਨ ਹੀ ਪੰਜਾਬ ਸਰਕਾਰ ਦੁਆਰਾ ਪੇਸ਼ ਕੀਤੇ ਜਾ ਰਹੇ ਬਜਟ ਦੀਆਂ ਕਾਪੀਆਂ ਪੰਜਾਬ ਦੇ ਅੰਦਰ ਸੜ ਰਹੀਆਂ ਹਨ। ਬਜਟ ਦੀਆਂ ਕਾਪੀਆਂ ਸਾੜਨ ਵਾਲੇ ਕੌਣ ਹਨ? ਇਹਦੇ ਬਾਰੇ ਜਾਣ ਲੈਣਾ ਜ਼ਰੂਰੀ ਹੈ। ਦਰਅਸਲ, ਪੰਜਾਬ ਦਾ ਮੁਲਾਜ਼ਮ ਵਰਗ, ਕਿਸਾਨ ਮਜ਼ਦੂਰ ਅਤੇ ਕਿਰਤੀ ਵਰਗ ਇਸ ਵੇਲੇ ਬਜਟ ਦੀਆਂ ਕਾਪੀਆਂ ਸਾੜੀ ਜਾ ਰਿਹਾ ਹੈ, ਕਿਉਂਕਿ ਇਨ੍ਹਾਂ ਵਰਗਾਂ ਨੂੰ ਲੱਗਦਾ ਹੈ ਕਿ ਇਹ ਬਜਟ ਲੋਕ ਵਿਰੋਧੀ ਬਜਟ ਹੈ ਅਤੇ ਇਸ ਬਜਟ ਨਾਲ ਅਵਾਮ ਕਰਜ਼ਾਈ ਹੋਵੇਗੀ। 

ਲੰਘੇ ਦਿਨ ਪੰਜਾਬ ਸਰਕਾਰ ਦੇ ਬਜਟ ਤੋਂ ਖਫ਼ਾ ਮੁਲਾਜ਼ਮਾਂ ਨੇ ਰੋਸ ਰੈਲੀਆਂ ਕਰਦਿਆਂ ਹੋਇਆ ਬਜਟ ਦੀਆਂ ਕਾਪੀਆਂ ਫ਼ੂਕੀਆਂ। ਯੂ ਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਂਝੇ ਫਰੰਟ ਦੇ ਆਗੂਆਂ ਦੀ ਮੰਨੀਏ ਤਾਂ, ਉਨ੍ਹਾਂ ਦਾ ਦੋਸ਼ ਹੈ ਕਿ ਹੁਣ ਤੱਕ ਜਿੰਨੀਆਂ ਵੀ ਸਰਕਾਰ ਨੇ ਪੰਜਾਬ 'ਤੇ ਰਾਜ ਕੀਤਾ ਹੈ, ਹਰ ਸਰਕਾਰ ਨੇ ਹੀ ਮੁਲਾਜ਼ਮ ਵਰਗ, ਕਿਸਾਨ ਮਜ਼ਦੂਰ ਅਤੇ ਕਿਰਤੀ ਵਰਗ ਦੇ ਵਿਰੋਧ ਵਿੱਚ ਬਜਟ ਪਾਸ ਕੀਤਾ ਹੈ। ਬਜਟ ਦੇ ਵਿੱਚ ਉਪਲਧਬੀਆਂ ਤਾਂ ਵਾਧੂ ਗਿਣਾਈਆਂ ਜਾਂਦੀਆਂ ਹਨ। 

ਪਰ ਉਨ੍ਹਾਂ ਦਾ ਫ਼ਾਇਦਾ ਨਹੀਂ ਹੁੰਦਾ। ਇਹ ਬਜਟ ਸਿਵਾਏ ਡਰਾਮੇਬਾਜ਼ੀ ਤੋਂ ਇਲਾਵਾ ਕੁੱਝ ਨਹੀਂ ਹੁੰਦਾ। ਆਗੂਆਂ ਨੇ ਪੰਜਾਬ ਦੇ ਵਿੱਤ ਮੰਤਰੀ ਵੱਲੋਂ ਪੰਜਾਬ ਸਰਕਾਰ ਦੇ ਆਖ਼ਰੀ ਬਜਟ ਵਿੱਚ ਵੀ ਮੁਲਾਜ਼ਮ ਤੇ ਪੈਨਸ਼ਨਰਾਂ ਨੂੰ ਅੱਖੋ ਪਰੋਖੇ ਕਰਨ ਵਿਰੁੱਧ ਗੁੱਸੇ ਦੇ ਇਜਹਾਰ ਕਰਦਿਆਂ ਵਿੱਤ ਮੰਤਰੀ ਵੱਲੋਂ 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਇੱਕ ਜਨਵਰੀ 2016 ਦੀ ਬਜਾਏ, ਇੱਕ ਜੁਲਾਈ-2021 ਤੋਂ ਲਾਗੂ ਕਰਨ ਦੀ ਤਜਵੀਜ਼ ਦੇਣਾ। 

ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦੇਣ ਸਬੰਧੀ, ਕੱਚੇ ਕਰਮਚਾਰੀਆਂ ਨੂੰ ਪੱਕੇ ਕਰਨ ਸਬੰਧੀ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਸਬੰਧੀ ਧਾਰੀ ਸਾਜਿਸ਼ੀ ਚੁੱਪ ਦੀ ਯੂ ਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਂਝੇ ਫਰੰਟ ਵੱਲੋਂ ਸਖ਼ਤ ਨਿਖੇਧੀ ਕੀਤੀ ਗਈ। ਉਨ੍ਹਾਂ ਕਿਹਾ ਕਿ ਚੋਣ ਵਰ੍ਹੇ ਵਿੱਚ ਵੀ ਕੀਤੇ ਇਸ ਧਰੋਹ ਖ਼ਿਲਾਫ਼ ਮੁਲਾਜ਼ਮ ਵਰਗ ਵਿੱਚ ਤਿੱਖਾ ਰੋਹ ਹੈ ਅਤੇ ਉਹ ਪੰਜਾਬ ਸਰਕਾਰ ਨੂੰ ਭਾਜੀ ਦੂਣ ਸਵਾਈ ਕਰਕੇ ਮੋੜਨਗੇ ਅਤੇ ਆਗਾਮੀ ਦਿਨਾਂ ਦੇ ਅੰਦਰ ਪ੍ਰਦਰਸ਼ਨ ਨੂੰ ਹੋਰ ਤੇਜ਼ ਕਰਨਗੇ।