ਪੰਜਾਬ ਦੀ ਬਰਬਾਦੀ ਕੌਣ ਕਰ ਰਿਹੈ? (ਨਿਊਜ਼ਨੰਬਰ ਖ਼ਾਸ ਖ਼ਬਰ)

ਇਸ ਵੇਲੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਉਜਾੜਣ ਅਤੇ ਪੰਜਾਬ ਦਾ ਨਾਂਅ ਨਕਸ਼ੇ ਵਿੱਚੋਂ ਮਿਟਾਉਣ ਦੇ ਵਾਸਤੇ ਕਿਸੇ ਪੂਰਾ ਜ਼ੋਰ ਲੱਗ ਰਿਹਾ ਹੈ। ਇਹ ਜ਼ੋਰ ਕੋਈ ਬਾਹਰੀ ਤਾਕਤ ਨਹੀਂ, ਬਲਕਿ ਸਾਡੇ ਪੰਜਾਬ ਦੇ ਹੀ ਕੁੱਝ ਗ਼ੱਦਾਰ ਲੋਕ ਲਗਾ ਰਹੇ ਹਨ। ਹੁਣ ਸਵਾਲ ਇਹ ਹੈ, ਕਿ ਉੱਜੜ ਰਿਹਾ ਪੰਜਾਬ ਕੀ ਬਚੇਗਾ? ਪੰਜਾਬ ਵਿੱਚ ਰਹਿੰਦੇ ਪੰਜਾਬੀ ਹੁਣ ਬਚਣਗੇ? ਕੀ ਪੰਜਾਬ ਹੁਣ ਉੱਜੜ ਜਾਵੇਗਾ? ਕੀ ਪੰਜਾਬ ਗ਼ੁਲਾਮ ਹੋ ਜਾਵੇਗਾ? ਕੀ ਪੰਜਾਬ ਬਰਬਾਦੀ ਦੇ ਵੱਲ ਵਧਣਾ ਸ਼ੁਰੂ ਹੋ ਗਿਆ ਹੈ? ਪੰਜਾਬ ਦੇ ਉਜਾੜੇ ਦਾ ਜ਼ਿੰਮੇਵਾਰ ਕੌਣ ਹੈ? 

ਏਨਾ ਸਾਰੇ ਸਵਾਲਾਂ ਦੇ ਜਵਾਬ ਇੱਕੋ ਵੇਲੇ ਦੇਣੇ ਮੁਸ਼ਕਲ ਹਨ, ਪਰ ਇਨ੍ਹਾਂ ਸਵਾਲਾਂ ਦੇ ਜਵਾਬ ਮੋਟੇ ਰੂਪ ਵਿੱਚ ਇਹੋ ਹਨ, ਕਿ ਪੰਜਾਬ ਦਾ ਉਜਾੜਾ ਹੋ ਰਿਹਾ ਹੈ ਅਤੇ ਇਹ ਉਜਾੜਾ ਕੋਈ ਹੋਰ ਨਹੀਂ ਬਲਕਿ ਸਾਡੇ ਲੀਡਰ ਹੀ ਕਰਵਾਈ ਜਾ ਰਹੇ ਨੇ। ਪੰਜਾਬ ਗ਼ੁਲਾਮੀ ਵੱਲ ਵੱਧ ਰਿਹਾ ਹੈ, ਕਿਉਂਕਿ ਪੰਜਾਬ ਸਿਰ ਰਾਤੋਂ ਰਾਤ ਕਰਜ਼ਾ ਹੀ ਚੜ੍ਹੀ ਜਾ ਰਿਹਾ ਹੈ। ਪੰਜਾਬ ਏਨਾ ਜ਼ਿਆਦਾ ਕਰਜ਼ਾਈ ਹੋ ਚੱਲਿਆ ਹੈ, ਕਿ ਡਰ ਲੱਗਦਾ ਹੈ ਕਿ ਕਿਧਰੇ ਪੰਜਾਬ ਵੀ, ਕਿਸਾਨ ਵਾਂਗ ਗਲ ਵਿੱਚ ਫ਼ਾਹਾ ਪਾ ਕੇ ਖ਼ੁਦਕੁਸ਼ੀ ਨਾ ਕਰ ਲਵੇ।

ਪੰਜਾਬ ਦਾ ਕਿਸਾਨ, ਮਜ਼ਦੂਰ, ਕਿਰਤੀ ਅਤੇ ਆਮ ਵਰਗ ਇਸ ਵੇਲੇ ਆਰਥਿਕ ਪੱਖੋਂ ਬਹੁਤ ਜ਼ਿਆਦਾ ਪ੍ਰੇਸ਼ਾਨ ਹੈ ਅਤੇ ਮੌਤ ਨੂੰ ਗਲੇ ਲਗਾਉਣ ਲਈ ਮਜ਼ਬੂਰ ਹੋਇਆ ਪਿਆ ਹੈ, ਕਿਉਂਕਿ ਉਹਦੀ ਆਮਦਨ ਤਾਂ ਵੱਧ ਨਹੀਂ ਰਹੀ, ਉਲਟਾ ਖ਼ਰਚੇ ਵੱਧ ਰਹੇ ਹਨ। ਫ਼ਸਲਾਂ ਦੇ ਭਾਅ ਨਾ ਮਿਲਣ ਦੇ ਕਾਰਨ ਕਿਸਾਨ ਖ਼ੁਦਕੁਸ਼ੀਆਂ ਦੇ ਰਸਤੇ ਅਖਤਿਆਰ ਕਰ ਰਹੇ ਹਨ। ਮਜ਼ਦੂਰ ਦਿਹਾੜੀ ਨਾ ਮਿਲਣ ਦੇ ਕਾਰਨ ਮੌਤ ਨੂੰ ਗਲੇ ਲਗਾ ਰਿਹਾ ਹੈ। 

ਇਸ ਤੋਂ ਦੁਖ਼ਦਾਈ ਗੱਲ ਹੋਰ ਕੀ ਹੋ ਸਕਦੀ ਹੈ, ਕਿ ਪੰਜਾਬ ਦੇ ਜੰਮਦੇ ਜਵਾਕ 'ਤੇ ਲੱਖਾਂ ਰੁਪਏ ਦਾ ਕਰਜ਼ਾ ਚੜ੍ਹੀ ਜਾ ਰਿਹਾ ਹੈ। ਕੀ ਹੁਣ ਪੰਜਾਬ ਦੇ ਵਿਆਹੁਤਾ ਜੋੜਿਆਂ ਨੂੰ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਬੱਚੇ ਜੰਮਨੇ ਬੰਦ ਕਰ ਦੇਣੇ ਚਾਹੀਦੇ ਨੇ? ਕੁੱਝ ਸਮਾਂ ਪਹਿਲੋਂ ਕਿਸੇ ਸਿਆਣੇ ਨੇ ਸੱਚ ਹੀ ਕਿਹਾ ਸੀ ਕਿ, ਪੰਜਾਬ ਵਿੱਚ ਜੰਮਦੇ ਜਵਾਕ 'ਤੇ ਲੱਖਾਂ ਦਾ ਕਰਜ਼ਾ ਚੜ੍ਹ ਜਾਂਦਾ ਹੈ। ਜਵਾਕ ਅੱਖਾਂ ਵੀ ਨਹੀਂ ਖੋਲ੍ਹਦਾ ਕਿ, ਕਰਜ਼ੇ ਦਾ ਬੋਝ ਸਤਾਉਣ ਲੱਗ ਪੈਂਦਾ ਹੈ? ਪਰ ਇਹ ਗੱਲ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਜੰਮਦੇ ਜਵਾਕਾਂ 'ਤੇ ਵੀ ਕਰਜ਼ੇ ਚੜ੍ਹ ਜਾਂਦੇ ਹੁੰਦੇ ਨੇ, ਭਾਵੇਂ ਕੁੱਝ ਖ਼ਰੀਦਿਆਂ ਹੋਵੇ ਜਾਂ ਨਾ।