1947 ਤੋਂ ਲੈ ਕੇ ਦੇਸ਼ ਦੇ ਕਿਸਾਨਾਂ ਪੱਲੇ ਪਿਆ ਸਿਰਫ਼ ਧੋਖਾ.!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Mar 09 2021 14:02
Reading time: 1 min, 39 secs

1947 ਤੋਂ ਲੈ ਕੇ ਹੁਣ ਤੱਕ ਜਿੰਨੀਆਂ ਵੀ ਸਰਕਾਰਾਂ ਨੇ ਭਾਰਤ ਦੇਸ਼ ਦੀ ਸੱਤਾ ’ਤੇ ਰਾਜ ਕੀਤਾ ਹੈ, ਹਰ ਸਰਕਾਰ ਨੇ ਹੀ ਲੋਕਾਂ ਦਾ ਲਹੂ ਪੀਣ ਦਾ ਕੰਮ ਕੀਤਾ ਹੈ। ਹਰ ਸਰਕਾਰ ਵਾਅਦੇ ਅਤੇ ਦਾਅਵੇ ਤਾਂ ਅਨੇਕਾਂ ਕਰਦੀ ਆਈ ਹੈ, ਪਰ ਉਨ੍ਹਾਂ ਨੂੰ ਕਦੇ ਵੀ ਪੂਰਿਆ ਨਹੀਂ ਕੀਤਾ ਜਾਂਦਾ। ਸਰਕਾਰ ਸਭ ਤੋਂ ਵੱਧ ਤਸ਼ੱਦਦ ਕਿਸਾਨਾਂ ’ਤੇ ਢਾਉਂਦੀ ਆ ਰਹੀ ਹੈ, ਕਿਉਂਕਿ ਉਨ੍ਹਾਂ ਨੂੰ, ਉਨ੍ਹਾਂ ਦੀ ਫ਼ਸਲ ਦਾ ਪੂਰਾ ਭਾਅ ਨਹੀਂ ਦਿੱਤਾ ਜਾ ਰਿਹਾ ਅਤੇ ਚਿੱਟੇ ਦਿਨੇ ਕਿਸਾਨਾਂ ਦੇ ਨਾਲ ਸਮੇਂ ਦੀਆਂ ਸਰਕਾਰਾਂ ਦੁਆਰਾ ਸੋਸ਼ਣ ਕੀਤਾ ਜਾ ਰਿਹਾ ਹੈ। 

ਕਿਸਾਨ ਆਗੂ ਰਾਕੇਸ਼ ਟਿਕੈਤ ਦੀ ਮੰਨੀਏ ਤਾਂ, ਉਨ੍ਹਾਂ ਮੁਤਾਬਿਕ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਜਿੰਨੀਆਂ ਵੀ ਸਰਕਾਰਾਂ ਨੇ ਸਾਡੇ ਮੁਲਕ ’ਤੇ ਰਾਜ ਕੀਤਾ ਹੈ, ਹਰ ਸਰਕਾਰ ਨੇ ਹੀ ਕਿਸਾਨਾਂ ਦੇ ਪੱਲੇ ਸਿਰਫ਼ ਸਿਰਫ਼ ਧੋਖਾ ਪਾਇਆ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਦਾ ਕਿਸਾਨ ਬਹੁਤ ਦੁਖੀ ਹੈ। 100 ਤੋਂ ਵੱਧ ਦਿਨ ਕੜਾਕੇ ਦੀ ਠੰਡ ਵਿੱਚ, ਕਿਸਾਨਾਂ ਨੇ ਦਿੱਲੀ ਦੀ ਸਰਹੱਦ ’ਤੇ ਕੱਟੇ, ਪਰ ਸਰਕਾਰ ਦੀ ਸਿਹਤ ’ਤੇ ਕੋਈ ਅਸਰ ਨਹੀਂ ਹੈ। ਉਨ੍ਹਾਂ ਕਿਹਾ ਕਿ ਕਰੀਬ 250 ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਹਨ, ਪਰ ਸਰਕਾਰ ਦੇ ਕੰਨ ’ਤੇ ਜੂੰ ਨਹੀਂ ਸਰਕ ਰਹੀ। 

ਟਿਕੈਤ ਨੇ ਅੱਗੇ ਕਿਹਾ ਕਿ ਕੇਂਦਰ ਸਰਕਾਰ ਦੇ ਲੋਕ ਪੱਛਮੀ ਬੰਗਾਲ ਜਾ ਰਹੇ ਹਨ, ਇਸ ਲਈ ਅਸੀਂ ਵੀ ਹੁਣ ਪੱਛਮੀ ਬੰਗਾਲ ਜਾਵਾਂਗੇ। ਅਸੀਂ ਕਿਸਾਨਾਂ ਨਾਲ ਉੱਥੇ ਸਭਾ ਕਰਾਂਗੇ। ਖੇਤੀ ਕਾਨੂੰਨਾਂ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਲੈ ਕੇ ਸਭਾ ਕੀਤੀ ਜਾਵੇਗੀ। ਕਿਸਾਨ ਅੰਦੋਲਨ ਦੇ ਆਗੂ ਹੁਣ ਉਨ੍ਹਾਂ ਥਾਵਾਂ ’ਤੇ ਵੀ ਕਿਸਾਨਾਂ ਵਿਚਾਲੇ ਜਾਣ ਦੀ ਯੋਜਨਾ ਬਣਾ ਰਹੇ ਹਨ, ਜਿੱਥੇ-ਜਿੱਥੇ ਚੋਣਾਂ ਹੋਣੀਆਂ ਹਨ। ਟਿਕੈਤ ਦੇ ਦੋਸ਼ ਮੁਤਾਬਿਕ ਕੇਂਦਰ ਸਰਕਾਰ ਨੇ 100 ਦਿਨ ਤੋਂ ਚੱਲ ਰਹੇ ਅੰਦੋਲਨ ਦੀ ਅਣਦੇਖੀ ਕੀਤੀ ਹੈ। 

ਇਸ ਲਈ ਉਹ ਉਸ ਨੂੰ ਵੀ ਨੁਕਸਾਨ ਪਹੁੰਚਾਉਣ ਵਿੱਚ ਕਸਰ ਨਹੀਂ ਛੱਡਣਗੇ। ਉਨ੍ਹਾਂ ਨੇ ਇਹ ਕਿਹਾ ਕਿ ਤਿੰਨ ਕਾਨੂੰਨ ਕਿਸਾਨਾਂ ਲਈ ਤਾਂ ਡੈੱਥ ਵਾਰੰਟ ਹਨ, ਇਨ੍ਹਾਂ ਤਿੰਨਾਂ ਕਾਨੂੰਨਾਂ ਦੇ ਲਾਗੂ ਹੋਣ ਤੋਂ ਬਾਅਦ, ਬਾਕੀ ਰਹਿੰਦੀ ਖੇਤੀ ਕੇਂਦਰ ਸਰਕਾਰ ਆਪਣੇ ਤਿੰਨ-ਚਾਰ ਵੱਡੇ ਪੂੰਜੀਪਤੀਆਂ ਦੇ ਹੱਥ ਸੌਂਪਣਾ ਚਾਹੁੰਦੀ ਹੈ, ਸਾਰੀ ਖੇਤੀ ਚਲੀ ਜਾਵੇਗੀ। ਟਿਕੈਤ ਨੇ ਅਵਾਮ ਨੂੰ ਅਪੀਲ ਕੀਤੀ ਕਿ, ਉਹ ਅੱਜ ਇਸ ਔਖੇ ਵੇਲੇ ਵਿੱਚ ਕਿਸਾਨਾਂ ਦੇ ਨਾਲ ਖੜ੍ਹਣ ਅਤੇ ਖੇਤੀ, ਕਿਸਾਨ ਤੋਂ ਇਲਾਵਾ ਆਪਣਾ ਆਪ ਬਚਾਉਣ।