ਅਜੋਕੇ ਵੇਲੇ ’ਚ ਮਹਿੰਗਾਈ ਵਿਰੁੱਧ ਹੱਲਾ ਬੋਲਣ ਦੀ ਲੋੜ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Mar 09 2021 13:56
Reading time: 1 min, 37 secs

ਇੱਕ ਪਾਸੇ ਕਿਸਾਨ ਅੰਦੋਲਨ ਦਿੱਲੀ ਦੀਆਂ ਸਰਹੱਦਾਂ ’ਤੇ ਲਗਾਤਾਰ ਜਾਰੀ ਹੈ, ਉੱਥੇ ਹੀ ਦੂਜੇ ਪਾਸੇ 5 ਸੂਬਿਆਂ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਹਨ। ਕਿਸਾਨ ਅੰਦੋਲਨ ਅਤੇ ਚੋਣਾਂ ਦੇ ਵਿੱਚ ਵੀ ਭਾਰਤੀਆਂ ਨੂੰ ਬੁਰੀ ਮਾਰ ਮਹਿੰਗਾਈ ਦੀ ਪੈ ਰਹੀ ਹੈ। ਵੈਸੇ ਤਾਂ ਚੋਣਾਂ ਦੇ ਦਿਨਾਂ ਵਿੱਚ ਮਹਿੰਗਾਈ ’ਤੇ ਲਗਾਮ ਲਗਾ ਲਈ ਜਾਂਦੀ ਹੈ, ਪਰ ਇਸ ਵਾਰ ਤਾਂ ਹੱਦੋ ਵੱਧ ਹਕੂਮਤ ਲੋਕਾਂ ਨੂੰ ਪ੍ਰੇਸ਼ਾਨ ਕਰਨ ਕੇ ਵਿੱਚ ਰੁੱਝੀ ਹੋਈ ਹੈ। ਦੇਸ਼ ਭਰ ਦੇ ਅੰਦਰ ਇਸ ਵੇਲੇ ਪੈਟਰੋਲ ਡੀਜ਼ਲ ਅਤੇ ਰਸੋਈ ਗੈਸ ਦੇ ਭਾਅ ਅਸਮਾਨ ਨੂੰ ਛੂਹ ਰਹੇ ਹਨ। 

ਜਦੋਂਕਿ ਅਵਾਮ ਸੜਕਾਂ ’ਤੇ ਉੱਤਰ ਕੇ, ਮਹਿੰਗਾਈ ਨੂੰ ਕੰਟਰੋਲ ਕਰਨ ਦੀ ਮੰਗ ਸਰਕਾਰ ਤੋਂ ਕਰ ਰਹੀ ਹੈ। ਵਿਰੋਧੀ ਧਿਰਾਂ ਲਗਾਤਾਰ ਕੇਂਦਰ ਸਰਕਾਰ ਨੂੰ ਕੋਸ ਰਹੀਆਂ ਹਨ। ਲੰਘੇ ਦਿਨੀਂ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੱਛਮੀ ਬੰਗਾਲ ਵਿਖੇ ਚੋਣ ਪ੍ਰਚਾਰ ਮੁਹਿੰਮ ਨੂੰ ਤੇਜ਼ ਕਰਨ ਵਾਸਤੇ ਗਏ ਤਾਂ, ਉੱਥੇ ਬੇਸ਼ੱਕ ਲੋਕਾਂ ਦਾ ਹੁੰਗਾਰਾ ਮੋਦੀ ਨੂੰ ਮਿਲਿਆ, ਪਰ ਦੂਜੇ ਪਾਸੇ ਮੋਦੀ ਦੀ ਰੈਲੀ ਨੂੰ ਫ਼ੇਲ੍ਹ ਕਰਨ ਲਈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਟੀਐਮਸੀ ਮੁਖੀ ਮਮਤਾ ਬੈਨਰਜੀ ਸਿਲੰਡਰ ਅਤੇ ਪੈਟਰੋਲ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਖ਼ਿਲਾਫ਼ ਪੈਦਲ ਯਾਤਰਾ ਕੀਤੀ।

ਖ਼ਬਰਾਂ ਦੀ ਮੰਨੀਏ ਤਾਂ, ਇਸ ਯਾਤਰਾ ਵਿੱਚ ਵੱਡੀ ਗਿਣਤੀ ਮਹਿਲਾਵਾਂ ਸ਼ਾਮਲ ਹੋਈਆਂ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦਾਅਵਾ ਕਰਦਿਆਂ ਕਿਹਾ ਕਿ ਸਿਲੰਡਰ ਜਲਦ ਹੀ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋਣਗੇ। ਸਾਨੂੰ ਆਪਣੀ ਆਵਾਜ਼ ਸੁਣਨ ਲਈ ਵੱਡੇ ਪੈਮਾਨੇ ’ਤੇ ਪ੍ਰਦਰਸ਼ਨ ਕਰਨ ਦੀ ਲੋੜ ਹੈ। ਦੱਸ ਦੇਈਏ ਕਿ ਮਮਤਾ ਬੈਨਰਜੀ ਦੀ ਇਹ ਪੈਦਲ ਯਾਤਰਾ ਉਦੋਂ ਹੋਈ ਹੈ, ਜਦੋਂ ਪੱਛਮੀ ਬੰਗਾਲ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਵੀ ਹੋ ਰਹੀ ਹੈ। 

ਦੂਜੇ ਪਾਸੇ ਆਮ ਲੋਕਾਂ ਦੀ ਮੰਨੀਏ ਤਾਂ, ਉਨ੍ਹਾਂ ਦਾ ਕਹਿਣਾ ਹੈ ਕਿ ਇਸ ਵੇਲੇ ਭਾਰਤੀ ਅਵਾਮ ਨੂੰ ਅਜੋਕੇ ਵੇਲੇ ਵਿੱਚ ਵੱਧ ਰਹੀ ਮਹਿੰਗਾਈ ਵਿਰੁੱਧ ਹੱਲਾ ਬੋਲਣ ਦੀ ਲੋੜ ਹੈ। ਕਿਉਂਕਿ ਮਹਿੰਗਾਈ ਨੇ ਲੋਕਾਂ ਦਾ ਜਿਉਣਾ ਮੁਹਾਲ ਕੀਤਾ ਹੋਇਆ ਹੈ। ਸਰਕਾਰ ਨੇ ਵਾਅਦਾ ਤਾਂ ਭਾਰਤੀ ਅਵਾਮ ਦੇ ਨਾਲ ਕੀਤਾ ਸੀ ਕਿ ਅੱਛੇ ਦਿਨ ਆਉਣਗੇ, ਜੇਕਰ ਭਾਜਪਾ ਸਰਕਾਰ ਸੱਤਾ ਵਿੱਚ ਆਈ, ਪਰ ਹੁਣ ਤਾਂ ਅਵਾਮ ਨੂੰ ਬੁਰੇ ਦਿਨ ਵੇਖਣੇ ਪਏ ਰਹੇ ਹਨ। ਲਗਾਤਾਰ ਮਹਿੰਗਾਈ ਵਧਦੀ ਜਾ ਰਹੀ ਹੈ, ਜਦੋਂਕਿ ਅਵਾਮ ਅੱਛੇ ਦਿਨਾਂ ਦੀ ਉਡੀਕ ਵਿੱਚ ਅੱਧਾ ਹੋਇਆ ਪਿਆ ਹੈ।