ਕਿਤੇ ਭਾਜਪਾ ਨੂੰ ਪੁੱਠਾ ਨਾ ਪੈ ਜਾਵੇ ਕਿਸਾਨ ਅੰਦੋਲਨ! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Mar 09 2021 13:53
Reading time: 1 min, 36 secs

ਕੇਂਦਰ ਸਰਕਾਰ ਦੁਆਰਾ ਪੁਰਾਣੇ ਖੇਤੀ ਕਾਨੂੰਨਾਂ ਦੇ ਵਿੱਚ ਸੋਧ ਕਰਕੇ, ਲਿਆਂਦੇ ਨਵੇਂ ਖੇਤੀ ਕਾਨੂੰਨਾਂ ਦੇ ਵਿਰੁੱਧ ਦੇਸ਼ ਭਰ ਦੇ ਕਿਸਾਨਾਂ, ਮਜ਼ਦੂਰਾਂ ਅਤੇ ਆਮ ਲੋਕਾਂ ਦਾ ਅੰਦੋਲਨ ਲਗਾਤਾਰ ਪਿਛਲੇ ਸਵਾ ਤਿੰਨ ਮਹੀਨਿਆਂ ਤੋਂ ਦੇਸ਼ ਦੀ ਰਾਜਧਾਨੀ ਦਿੱਲੀ ਦੀਆਂ ਸਰਹੱਦਾਂ ’ਤੇ ਜ਼ਾਰੀ ਹੈ। ਕਿਸਾਨਾਂ ਦੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਇੱਕੋ ਮੰਗ ਰਹੀ ਹੈ ਕਿ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ, ਪਰ ਕੇਂਦਰ ਸਰਕਾਰ ਕਿਸਾਨਾਂ ਦੀ ਗੱਲ ਮੰਨਣ ਲਈ ਤਿਆਰ ਨਹੀਂ। ਇਸੇ ਕਾਰਨ ਕਿਸਾਨਾਂ ਦੇ ਵਿੱਚ ਭਾਰੀ ਰੋਹ ਵੇਖਣ ਨੂੰ ਮਿਲ ਰਿਹਾ ਹੈ। 

ਕਿਸਾਨਾਂ ਦਾ ਰੋਹ ਜਿੱਥੇ ਤੇਜ਼ ਹੁੰਦਾ ਜਾ ਰਿਹਾ ਹੈ, ਉੱਥੇ ਹੀ ਭਾਜਪਾ ਦੀਆਂ ਨੀਂਦਾਂ ਉੱਡ ਚੁੱਕੀਆਂ ਹਨ। ਭਾਰਤ ਦੇ 5 ਰਾਜਾਂ ਵਿੱਚ ਚੋਣਾਂ ਹੋਣ ਜਾ ਰਹੀਆਂ ਹਨ, ਜਿਸ ਨੂੰ ਲੈ ਕੇ ਭਾਜਪਾ ਸਮੇਤ ਸਮੂਹ ਸਿਆਸੀ ਪਾਰਟੀਆਂ ਪ੍ਰਚਾਰ ਵਿੱਚ ਜੁਟੀਆਂ ਹੋਈਆਂ ਹਨ। ਇਸ ਪ੍ਰਚਾਰ ਮੁਹਿੰਮ ਦੇ ਵਿੱਚ ਖ਼ਾਸ ਗੱਲ ਇਹ ਹੈ ਕਿ ਭਾਜਪਾ ਲੋਕਾਂ ਦੇ ਨਾਲ ਹੋਰ ਵਾਅਦੇ ਕਰਨ ਦੇ ਵਿੱਚ ਜੁਟੀ ਹੋਈ ਹੈ, ਜਦੋਂਕਿ ਵਿਰੋਧੀ ਪਾਰਟੀਆਂ ਕਿਸਾਨਾਂ ਦੇ ਨਾਲ ਖੜ੍ਹ ਕੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਧਰਮ ਨਿਰਪੱਖ ਸੂਬੇ ਬਣਾਉਣ ਦੀ ਗੱਲ ਕਰ ਰਹੀਆਂ ਹਨ। 

ਦੂਜੇ ਪਾਸੇ ਕਿਸਾਨਾਂ ਨੇ ਵੀ ਠੋਕ ਵਜ੍ਹਾ ਕੇ ਕਹਿ ਦਿੱਤਾ ਹੋਇਆ ਹੈ ਕਿ, ਭਾਜਪਾ ਨੂੰ ਹਰਾਉਣ ਵਾਸਤੇ ਉਹ ਪੱਛਮੀ ਬੰਗਾਲ ਵੀ ਜਾਣਗੇ ਅਤੇ ਹੋਰ ਵੀ ਜਿਹੜੀਆਂ ਥਾਵਾਂ ’ਤੇ ਚੋਣਾਂ ਹੋਣਗੀਆਂ, ਕਿਸਾਨ ਉੱਥੇ ਜਾਣਗੇ ਅਤੇ ਭਾਜਪਾ ਦੀ ਸਰਕਾਰ ਬਣਨ ਤੋਂ ਰੋਕਣਗੇ। ਕੇਰਲ ਦੇ ਅੰਦਰ ਵੀ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਕੇਰਲ ਦੇ ਅੰਦਰ ਪਹਿਲੋਂ ਖੱਬੇਪੱਖੀ ਸਰਕਾਰ ਹੈ। ਕੇਰਲ ਸਰਕਾਰ ਵੀ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੀ ਹੈ। ਜਿਸ ਦੇ ਕਾਰਨ ਕੇਰਲ ਦੀ ਮੌਜੂਦਾ ਸਰਕਾਰ ਨਾਲ ਕਿਸਾਨ ਅਤੇ ਆਮ ਲੋਕ ਵੱਡੀ ਗਿਣਤੀ ਵਿੱਚ ਜੁੜ ਚੁੱਕੇ ਹਨ।

ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਹੁਣ ਆਪਣੇ ਅੰਦੋਲਨ ਨੂੰ ਪੱਛਮੀ ਬੰਗਾਲ ਵਿੱਚ ਲੈ ਕੇ ਜਾਣ ਦੀ ਤਿਆਰੀ ਵਿੱਚ ਹਨ। ਉਨ੍ਹਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਕਿਸਾਨਾਂ ਵਿਚਾਲੇ ਖੇਤੀ ਕਾਨੂੰਨਾਂ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਲੈ ਕੇ ਸਭਾ ਕਰੇਗੀ। ਟਿਕੈਤ ਨੇ ਕਿਹਾ ਕਿ ਅੱਜ-ਕੱਲ੍ਹ ਮੋਦੀ ਸਰਕਾਰ ਪੱਛਮੀ ਬੰਗਾਲ ਵਿੱਚ ਹੈ। ਅਸੀਂ ਸਰਕਾਰ ਨੂੰ ਉੱਥੇ ਹੀ ਮਿਲਾਂਗੇ। ਅਸੀਂ 13 ਮਾਰਚ ਨੂੰ ਬੰਗਾਲ ਜਾ ਰਹੇ ਹਾਂ, ਉੱਥੇ ਵੱਡੀ ਪੰਚਾਇਤ ਹੈ।