ਲੀਡਰਾਂ ਨੂੰ ਆਵਦੇ ਜਾਲ 'ਚ ਫਸਾਉਣਾ ਤਾਂ ਭਾਜਪਾ ਦਾ ਖੱਬੇ ਹੱਥਾਂ ਦਾ ਕੰਮ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Mar 08 2021 13:08
Reading time: 1 min, 42 secs

ਆਪਣੇ ਆਪ ਵਿੱਚ ਸਭ ਤੋਂ ਵੱਡੀ ਪਾਰਟੀ ਦੇ ਵਜੋਂ ਕਹੀ ਜਾਣ ਵਾਲੀ ਭਾਰਤੀ ਜਨਤਾ ਪਾਰਟੀ ਦੇ ਸੈੱਲ ਵੀ ਏਨੇ ਜ਼ਿਆਦਾ ਮਜ਼ਬੂਤ ਹਨ ਕਿ ਕੋਈ ਕਹਿਣ ਦੀ ਹੱਦ ਨਹੀਂ। ਕਿਹੜੇ ਲੀਡਰ ਨੂੰ ਕਿਵੇਂ ਆਵਦੇ ਵੱਲ ਕਰਨਾ ਹੈ, ਇਹ ਭਾਜਪਾ ਨੂੰ ਪੂਰੀ ਤਰ੍ਹਾਂ ਨਾਲ ਤਰੀਕਾ ਪਤਾ ਹੈ। ਹੁਣ ਤੱਕ ਜਿੰਨੇ ਵੀ ਲੀਡਰ ਹੋਰ ਪਾਰਟੀਆਂ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਹਨ, ਉਨ੍ਹਾਂ 'ਤੇ ਤਤਕਾਲੀ ਪਾਰਟੀਆਂ ਦੇ ਵਿੱਚ ਗ਼ੰਭੀਰ ਦੋਸ਼ ਭਾਜਪਾਈ ਹੀ ਲਗਾਉਂਦੇ ਆਏ ਹਨ। 

ਪਰ ਜਿਵੇਂ ਹੀ ਉਕਤ ਲੀਡਰ ਭਾਜਪਾ ਵਿੱਚ ਸ਼ਾਮਲ ਹੁੰਦੇ ਹਨ ਤਾਂ, ਸਾਰੇ ਦੋਸ਼ ਧੋਤੇ ਜਾਂਦੇ ਹਨ। ਅਜਿਹਾ ਹੀ ਕੁੱਝ ਇਸ ਵੇਲੇ ਪੱਛਮੀ ਬੰਗਾਲ ਦੇ ਅੰਦਰ ਹੋ ਰਿਹਾ ਹੈ। ਜਿਨ੍ਹਾਂ ਲੀਡਰਾਂ 'ਤੇ ਗ਼ੰਭੀਰ ਦੋਸ਼ ਭਾਜਪਾ ਦੇ ਵੱਲੋਂ ਪਹਿਲੋਂ ਲਗਾਏ ਜਾ ਰਹੇ ਹਨ, ਬਾਅਦ ਵਿੱਚ ਉਨ੍ਹਾਂ ਦੇ ਘਰਾਂ 'ਤੇ ਹੀ ਛਾਪੇਮਾਰੀ ਕਰਵਾਈ ਜਾ ਰਹੀ ਹੈ, ਜੇਕਰ ਤਾਂ ਉਕਤ ਲੀਡਰ ਭਾਜਪਾ ਦੀ ਗੱਲ ਮੰਨਦਾ ਹੈ ਤਾਂ, ਠੀਕ ਹੈ, ਨਹੀਂ ਤਾਂ ਕੇਸ ਦਰਜ ਕਰਵਾਏ ਜਾ ਰਹੇ ਹਨ।

ਵੈਸੇ ਤਾਂ ਲੀਡਰ ਕੋਈ ਵੀ ਦੁੱਧ ਦਾ ਧੋਤਾ ਨਹੀਂ, ਪਰ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਕਤ ਲੀਡਰ ਦੁੱਧ ਦਾ ਧੋਤਾ ਹੋ ਰਿਹਾ ਹੈ, ਜਿਹੜਾ ਕਿਸੇ ਹੋਰ ਪਾਰਟੀ ਵਿੱਚ ਠੱਗ ਚੋਰ ਜਾਂ ਫਿਰ ਲੁਟੇਰੇ ਅਖ਼ਵਾਉਂਦਾ ਹੋਵੇ। ਤ੍ਰਿਣਮੂਲ ਕਾਂਗਰਸ ਦੇ ਸੀਨੀਅਰ ਆਗੂ ਸੌਗਤ ਰਾਏ ਨੇ ਬਾਲੀਵੁੱਡ ਅਦਾਕਾਰ ਮਿਥੁਨ ਚੱਕਰਵਰਤੀ ਦੇ ਭਾਜਪਾ ਵਿੱਚ ਸ਼ਾਮਲ ਹੋਣ 'ਤੇ ਜਿੱਥੇ ਤਿੱਖਾ ਨਿਸ਼ਾਨਾ ਵਿੰਨ੍ਹਿਆਂ, ਉੱਥੇ ਹੀ ਕਿਹਾ ਕਿ, ਮਿਥੁਨ ਚੱਕਰਵਰਤੀ 'ਨਕਸਲੀ' ਹੈ, ਜੋ ਈ. ਡੀ. ਦੇ ਡਰ ਤੋਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਗਿਆ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਕੱਲ੍ਹ ਬੰਗਾਲ ਦੇ ਵਿੱਚ ਰੈਲੀ ਕੀਤੀ ਗਈ। ਇਸ ਰੈਲੀ ਨੂੰ ਗੋਦੀ ਮੀਡੀਆ ਨੇ ਜਿੱਥੇ ਗਰਾਊਂਡ ਰਿਪੋਰਟ ਕਹਿ ਕੇ ਵਿਖਾਇਆ, ਦੂਜੇ ਪਾਸੇ ਮਮਤਾ ਸਰਕਾਰ ਨੇ ਮੋਦੀ ਦੀ ਇਸ ਰੈਲੀ ਨੂੰ ਫ਼ਲਾਪ ਦੱਸਿਆ। ਬਾਲੀਵੁੱਡ ਅਦਾਕਾਰ ਮਿਥੁਨ ਚੱਕਰਵਰਤੀ ਦੇ ਭਾਜਪਾ ਵਿੱਚ ਸ਼ਾਮਲ ਹੋਣ 'ਤੇ ਸੌਗਤ ਰਾਏ ਨੇ ਦੋਸ਼ ਲਗਾਇਆ ਕਿ, ਇਸ ਵੇਲੇ ਲੋਕਾਂ ਦੇ ਵਿੱਚ ਮਿਥੁਨ ਚੱਕਰਵਰਤੀ ਦਾ ਕੋਈ ਆਧਾਰ ਨਹੀਂ ਹੈ।

ਉਨ੍ਹਾਂ ਕਿਹਾ ਕਿ, ਸਭ ਤੋਂ ਪਹਿਲੋਂ ਮਿਥੁਨ ਨਕਸਲੀ ਸੀ ਅਤੇ ਉਹਦੇ ਤੋਂ ਬਾਅਦ ਉਹ ਸੀਪੀਐਮ ਵਿੱਚ ਸ਼ਾਮਲ ਹੋ ਗਿਆ, ਜਦੋਂਕਿ ਸੀਪੀਐਮ ਤੋਂ ਮਗਰੋਂ ਮਿਥੁਨ ਤ੍ਰਿਣਮੂਲ ਕਾਂਗਰਸ ਵਿੱਚ ਸ਼ਾਮਲ ਹੋ ਗਿਆ ਅਤੇ ਰਾਜ ਸਭਾ ਮੈਂਬਰ ਬਣਿਆ, ਪਰ ਹੁਣ ਈਡੀ ਦੇ ਛਾਪੇ ਦੇ ਡਰੋਂ ਮਿਥੁਨ ਚੱਕਰਵਰਤੀ ਤ੍ਰਿਣਮੂਲ ਕਾਂਗਰਸ ਛੱਡ ਕੇ, ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।