ਕੀ ਮੁੜ ਲੱਗੇਗਾ ਪੰਜਾਬ 'ਚ ਕਰਫ਼ਿਊ? (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਦੇ ਅੰਦਰ ਕੀ ਮੁੜ ਕਰਫ਼ਿਊ ਲਗਾਉਣ ਦੀ ਹਕੂਮਤ ਦੁਆਰਾ ਤਿਆਰੀ ਕੀਤੀ ਜਾ ਰਹੀ ਹੈ? ਕਿਉਂਕਿ ਪੰਜਾਬ ਸਰਕਾਰ ਜਿਸ ਪ੍ਰਕਾਰ ਕੋਰੋਨਾ ਦੀ ਆੜ ਵਿੱਚ ਪੰਜਾਬ ਦੇ ਅੰਦਰ ਸਖ਼ਤੀ ਕਰਨ 'ਤੇ ਜ਼ੋਰ ਦੇ ਰਹੀ ਹੈ, ਉਹਦੇ ਤੋਂ ਲੱਗਦਾ ਹੈ ਕਿ ਆਗਾਮੀ ਸਮੇਂ ਵਿੱਚ ਪੰਜਾਬ ਦੇ ਅੰਦਰ ਮੁੜ ਤੋਂ ਕਰਫ਼ਿਊ ਲੱਗ ਸਕਦਾ ਹੈ। ਦਰਅਸਲ, ਪੰਜਾਬ ਸਰਕਾਰ ਨੇ ਭਾਵੇਂ ਹੀ ਇਹ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ ਹੋਇਆ ਹੈ ਕਿ ਪੂਰੇ ਪੰਜਾਬ ਦੇ ਅੰਦਰ ਕਰਫ਼ਿਊ ਨਹੀਂ ਲਗਾਇਆ ਜਾਵੇਗਾ, ਪਰ ਹੈਰਾਨੀ ਇਸ ਗੱਲ ਦੀ ਹੈ ਕਿ, ਇੱਕਾ ਦੁੱਕਾ ਕੋਰੋਨਾ ਕੇਸ ਵਧਣ ਤੋਂ ਏਨੀ ਜ਼ਿਆਦਾ ਸਖ਼ਤੀ ਕਿਉਂ ਕੀਤੀ ਜਾ ਰਹੀ ਹੈ? 

ਦਰਅਸਲ, ਕੇਂਦਰ ਸਰਕਾਰ ਦੇ ਨਾਲ ਪਿਛਲੇ ਦਿਨੀਂ ਪੰਜਾਬ ਸਮੇਤ ਦੇਸ਼ ਦੇ ਕਈ ਸੂਬਿਆਂ ਨੇ ਬੈਠਕ ਕੀਤੀ। ਇਸ ਬੈਠਕ ਦੇ ਵਿੱਚ ਪੰਜਾਬ ਸਰਕਾਰ ਦੇ ਵੀ ਕੁੱਝ ਬੁਲਾਰਿਆਂ ਨੇ ਹਿੱਸਾ ਲਿਆ। ਮਹਾਰਾਸ਼ਟਰ ਅਤੇ ਪੰਜਾਬ ਦੇ ਅੰਦਰ ਵੱਧ ਰਹੇ ਕੇਸਾਂ ਦੇ ਨਾਂਅ 'ਤੇ ਪੰਜਾਬ ਸਰਕਾਰ ਅਤੇ ਮਹਾਰਾਸ਼ਟਰ ਸਰਕਾਰ 'ਤੇ ਕੇਂਦਰ ਸਰਕਾਰ ਨੇ ਦਬਾ ਬਣਾਇਆ ਕਿ, ਜਿੰਨੀਂ ਹੋ ਸਕੇ, ਸਖ਼ਤੀ ਵਰਤੀ ਜਾਵੇ ਅਤੇ ਜੇਕਰ ਦੁਬਾਰਾ ਕਰਫ਼ਿਊ ਜਾਂ ਫਿਰ ਲਾਕਡਾਊਨ ਲਗਾਉਣਾ ਵੀ ਪੈ ਸਕਦਾ ਹੈ ਤਾਂ, ਲਗਾਇਆ ਜਾਵੇ। 

ਵੇਖਿਆ ਜਾਵੇ ਤਾਂ, ਕੇਂਦਰ ਸਰਕਾਰ ਪਹਿਲੋਂ ਕਿਸਾਨਾਂ ਦੇ ਰੋਹ ਤੋਂ ਡਰੀ ਪਈ ਹੈ ਅਤੇ ਹੁਣ ਕੋਰੋਨਾ ਦਾ ਬਹਾਨਾ ਬਣਾ ਕੇ, ਫਿਰ ਤੋਂ ਪੰਜਾਬ ਸਮੇਤ ਦੇਸ਼ ਦੇ ਵੱਖ ਵੱਖ ਸੂਬਿਆਂ ਦੇ ਅੰਦਰ ਮਾਹੌਲ ਖ਼ਰਾਬ ਕਰਨ 'ਤੇ ਜ਼ੋਰ ਦੇ ਰਹੀ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ, ਕੇਂਦਰ ਸਰਕਾਰ ਦੇ ਸਿਹਤ ਮੰਤਰਾਲੇ ਨੇ ਪੰਜਾਬ ਅਤੇ ਮਹਾਰਾਸ਼ਟਰ ਦੇ ਅੰਦਰ ਆਪਣੀਆਂ ਟੀਮਾਂ ਭੇਜੀਆਂ ਹਨ। ਇਹ ਟੀਮਾਂ ਉੱਚ ਪੱਧਰੀ ਬਹੁ-ਅਨੁਸ਼ਾਸਨੀ ਜਨਤਕ ਸਿਹਤ ਟੀਮਾਂ ਇਸ ਦੀ ਤਰਫੋਂ ਭੇਜੀਆਂ ਗਈਆਂ ਹਨ। ਇਨ੍ਹਾਂ ਟੀਮਾਂ ਨੂੰ ਸੂਬਿਆਂ ਦੀਆਂ ਸਿਹਤ ਟੀਮਾਂ ਨਾਲ ਸਹਿਯੋਗ ਦੀ ਜ਼ਿੰਮੇਵਾਰੀ ਦਿੱਤੀ ਜਾਵੇਗੀ। 

ਜਾਣਕਾਰੀ ਇਹ ਵੀ ਮਿਲੀ ਹੈ ਕਿ ਪੰਜਾਬ ਦੀ ਟੀਮ ਦਾ ਕੰਮ ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਦੇ ਡਾਇਰੈਕਟਰ ਐਸ ਕੇ ਸਿੰਘ ਦੇ ਹੱਥ ਹੋਵੇਗਾ। ਖ਼ੈਰ, ਵੇਖਿਆ ਜਾਵੇ ਤਾਂ, ਪੰਜਾਬ ਦੇ ਵਿੱਚ ਕਰੀਬ ਸਾਢੇ 6 ਹਜ਼ਾਰ ਕੋਰੋਨਾ ਵਾਇਰਸ ਦੇ ਐਕਟਿਵ ਕੇਸ ਹਨ, ਜਦੋਂਕਿ ਮਹਾਰਾਸ਼ਟਰ ਵਿੱਚ 90 ਹਜ਼ਾਰ ਦੇ ਕਰੀਬ ਐਕਟਿਵ ਕੋਰੋਨਾ ਕੇਸ ਹਨ। ਇਨ੍ਹਾਂ ਕੇਸਾਂ ਦੇ ਨਾਲ ਕੋਈ ਬਹੁਤਾ ਪਹਾੜ ਤਾਂ ਨਹੀਂ ਟੁੱਟਣ ਵਾਲਾ, ਪਰ ਸਰਕਾਰ ਆਪਣੀਆਂ ਨਕਾਮੀਆਂ ਨੂੰ ਛੁਪਾਉਣ ਦੇ ਲਈ ਫਿਰ ਤੋਂ ਸਖ਼ਤੀ ਵਰਤਣ 'ਤੇ ਜ਼ੋਰ ਦੇ ਰਹੀ ਹੈ ਅਤੇ ਹੋ ਸਕਦਾ ਹੈ ਕਿ ਆਗਾਮੀ ਸਮੇਂ ਵਿੱਚ ਫਿਰ ਕਰਫ਼ਿਊ ਲੱਗ ਜਾਵੇ।