ਪੱਛਮੀ ਬੰਗਾਲ ਚੋਣਾਂ: ਖੇਤੀ ਕਾਨੂੰਨਾਂ ਦੇ ਵਿਰੋਧ ਕਾਰਨ ਭਾਜਪਾ ਦਾ ਜਿੱਤਣਾ ਔਖਾ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Mar 08 2021 12:58
Reading time: 1 min, 37 secs

ਬੇਸ਼ੱਕ ਬੰਗਾਲ ਦੇ ਅੰਦਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੈਲੀਆਂ ਕਰਨ ਦੇ ਵਿੱਚ ਰੁੱਝਿਆ ਹੋਇਆ ਹੈ, ਪਰ ਇਸ ਦੇ ਬਾਵਜੂਦ ਵੀ ਭਾਜਪਾ ਦਾ 'ਕਮਲ' ਬੰਗਾਲ ਦੇ ਵਿੱਚ ਖਿੜਣ ਦੀ ਉਮੀਦ ਨਹੀਂ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਬੰਗਾਲ ਦੇ ਲੋਕ ਪੂਰੀ ਤਰ੍ਹਾਂ ਨਾਲ ਭਾਜਪਾ ਦੀਆਂ ਨੀਤੀਆਂ ਤੋਂ ਜਾਣੂ ਹੋ ਚੁੱਕੇ ਹਨ। ਬੰਗਾਲ ਦੇ ਅੰਦਰ ਨਾਗਰਿਕਤਾ ਸੋਧ ਕਾਨੂੰਨ ਲਾਗੂ ਕਰਨ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕਈ ਵਾਰ ਬਿਆਨ ਦੇ ਚੁੱਕੇ ਹਨ। 

ਜਦੋਂਕਿ ਬੰਗਾਲ ਵਿਚਲੇ ਲੋਕ ਨਹੀਂ ਚਾਹੁੰਦੇ ਕਿ, ਉੱਥੇ ਨਾਗਰਿਕਤਾ ਸੋਧ ਕਾਨੂੰਨ ਲਾਗੂ ਹੋਵੇ। ਬੰਗਾਲ ਦੇ ਅੰਦਰ ਹਰ ਜਾਤ ਮਜ਼ਹਬ ਦੇ ਲੋਕ ਰਹਿੰਦੇ ਹਨ ਅਤੇ ਉੱਥੋਂ ਦੀ ਮੁੱਖ ਮੰਤਰੀ ਵੀ ਇਹੋ ਚਾਹੁੰਦੀ ਹੈ ਕਿ ਧਰਮ ਦੇ ਨਾਂਅ 'ਤੇ ਵੰਡੀਆਂ ਪਾਉਣ ਵਾਲਾ ਨਾਗਰਿਕਤਾ ਸੋਧ ਕਾਨੂੰਨ ਲਾਗੂ ਨਾ ਕੀਤਾ ਜਾਵੇ। ਪੂਰੇ ਦੇਸ਼ ਦੇ ਅੰਦਰ ਮੋਦੀ ਲਹਿਰ ਜਾਰੀ ਤਾਂ ਸੀ, ਪਰ ਅੱਜ ਤੋਂ ਤਿੰਨ ਸਾਲ ਪਹਿਲੋਂ ਪਹਿਲੋਂ, ਕਿਉਂਕਿ ਹੁਣ ਭਾਰਤੀ ਅਵਾਮ ਜਾਗ ਚੁੱਕੀ ਹੈ ਅਤੇ ਉਨ੍ਹਾਂ ਨੂੰ ਪਤਾ ਲੱਗ ਗਿਆ ਹੈ ਕਿ ਭਾਜਪਾ ਉਨ੍ਹਾਂ ਦੇ ਨਾਲ ਕੀ ਕੁੱਝ ਕਰਨਾ ਚਾਹੁੰਦੀ ਹੈ। 

ਦੱਸ ਦਈਏ ਕਿ ਲੰਘੇ ਦਿਨੀਂ ਪੰਜਾਬ ਅੰਦਰ ਹੋਈਆਂ ਨਗਰ ਕੌਂਸਲ, ਨਗਰ ਪੰਚਾਇਤ ਤੋਂ ਇਲਾਵਾ ਨਗਰ ਨਿਗਮ ਦੀਆਂ ਚੋਣਾਂ ਦੇ ਵਿੱਚ ਭਾਜਪਾ, ਅਕਾਲੀ ਦਲ ਸਮੇਤ ਆਮ ਆਦਮੀ ਪਾਰਟੀ ਨੂੰ ਬੁਰੀ ਤਰ੍ਹਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਜਦੋਂਕਿ ਕਾਂਗਰਸ ਦੀ ਇੱਥੇ ਝੰਡੀ ਰਹੀ। ਇਸੇ ਤਰ੍ਹਾਂ ਹੀ ਦਿੱਲੀ ਦੇ ਅੰਦਰ ਕਾਂਗਰਸ, ਅਕਾਲੀ ਅਤੇ ਭਾਜਪਾ ਨੂੰ ਹਾਰ ਦਾ ਮੂੰਹ ਵੇਖਣਾ ਪਿਆ, ਜਦੋਂਕਿ ਦਿੱਲੀ ਦੇ ਅੰਦਰ ਕੇਜਰੀਵਾਲ ਸਰਕਾਰ ਨੇ ਪਿਛਲੇ ਦਿਨੀਂ ਹੋਈਆਂ ਜਿਮਨੀ ਚੋਣਾਂ ਵਿੱਚ ਝਾੜੂ ਫੇਰ ਦਿੱਤਾ। 

ਵੈਸੇ ਜਿਸ ਤਰ੍ਹਾਂ ਭਾਜਪਾ ਨੂੰ ਚਾਰੇ ਪਾਸਿਉਂ ਮਾਰ ਪੈ ਰਹੀ ਹੈ, ਉਹਦੇ ਤੋਂ ਤਾਂ ਇਹੋ ਹੀ ਕਿਹਾ ਜਾ ਸਕਦਾ ਹੈ, ਕਿ ਅਗਾਮੀ ਚੋਣਾਂ ਵਿੱਚ ਭਾਜਪਾ ਦਾ ਹਾਲ ਬੁਰਾ ਹੋਣ ਵਾਲਾ ਹੈ। ਖੇਤੀ ਕਾਨੂੰਨਾਂ ਦੇ ਵਿਰੁੱਧ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਨੇ ਮੋਦੀ ਸਰਕਾਰ 'ਤੇ ਬਹੁਤ ਜ਼ਿਆਦਾ ਪ੍ਰਭਾਵ ਪਾਇਆ ਹੈ ਅਤੇ ਬੰਗਾਲ ਦੇ ਅੰਦਰ ਲਗਾਤਾਰ ਲੋਕ ਖੇਤੀ ਕਾਨੂੰਨਾਂ ਦੇ ਵਿਰੁੱਧ ਪ੍ਰਦਰਸ਼ਨ ਕਰਦਿਆਂ ਹੋਇਆ ਭਾਜਪਾ ਆਗੂਆਂ ਨੂੰ ਘੇਰ ਰਹੇ ਹਨ। ਮਮਤਾ ਬੇਨਰਜੀ ਵੀ ਲਗਾਤਾਰ ਖੇਤੀ ਕਾਨੂੰਨਾਂ ਦੇ ਵਿਰੁੱਧ ਬਿਆਨਬਾਜ਼ੀ ਕਰ ਰਹੀ ਹੈ ਅਤੇ ਕਿਸਾਨਾਂ ਦੇ ਨਾਲ ਖੜ੍ਹੇ ਹੋਣ ਦਾ ਦਾਅਵਾ ਕਰ ਰਹੀ ਹੈ।