ਪੰਜਾਬ ਸਿਰ ਚੜ੍ਹਿਆ ਕਰਜ਼ਾ ਕੌਣ ਉਤਾਰੂ? (ਨਿਊਜ਼ਨੰਬਰ ਖ਼ਾਸ ਖ਼ਬਰ)

ਕੀ ਪੰਜਾਬ ਸਿਰ ਚੜ੍ਹਿਆ ਲੱਖਾਂ ਕਰੋੜਾਂ ਦਾ ਕਰਜ਼ਾ ਕਿਤੇ ਚੁੱਪ ਚੁਪੀਤੇ ਪੰਜਾਬ ਨੂੰ ਗ਼ੁਲਾਮੀ ਵੱਲ ਤਾਂ ਨਹੀਂ ਤੋਰ ਰਿਹਾ? ਜਾਣਕਾਰੀ ਦੇ ਮੁਤਾਬਿਕ, ਇਸ ਵੇਲੇ ਪੰਜਾਬ (ਭਾਰਤ) ਦੀ ਆਬਾਦੀ ਕਰੀਬ 3 ਕਰੋੜ ਦੇ ਆਸਪਾਸ ਹੈ। ਇਸ 3 ਕਰੋੜ ਦੀ ਆਬਾਦੀ ਨੇ ਕੇਂਦਰ ਸਰਕਾਰ ਦੇ ਨੱਕ ਵਿੱਚ ਤਾਂ ਦਮ ਕੀਤਾ ਹੀ ਹੋਇਆ ਹੈ, ਨਾਲ ਹੀ ਇਸ 3 ਕਰੋੜ ਦੀ ਆਬਾਦੀ ਦੇ ਦੁਸ਼ਮਣ ਸਾਰੇ ਬਣੇ ਹੋਏ ਹਨ। 

ਪੰਜਾਬ ਦਾ ਹਰ ਲੀਡਰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਦੁਸ਼ਮਣ ਬਣ ਚੁੱਕਿਆ ਹੈ, ਜਦੋਂਕਿ ਕੇਂਦਰੀ ਹਾਕਮ ਤਾਂ ਹਮੇਸ਼ਾ ਹੀ ਪੰਜਾਬ ਤੋਂ ਖਾਰ ਖਾਂਦੇ ਰਹੇ ਨੇ। ਪੰਜਾਬ ਨੂੰ ਉਜਾੜਣ ਵਾਸਤੇ ਕਿਸੇ ਹੋਰ ਨੇ ਕੋਈ ਬਹੁਤਾ ਜ਼ੋਰ ਲਗਾਇਆ ਹੋਵੇ ਜਾਂ ਨਾ, ਪਰ ਪੰਜਾਬ ਦੇ ਲੀਡਰਾਂ ਨੇ ਜ਼ਰੂਰ ਪੰਜਾਬ ਨੂੰ ਉਜਾੜਿਆ ਹੈ ਅਤੇ ਹੁਣ ਵੀ ਉਜਾੜਣ 'ਤੇ ਜ਼ੋਰ ਦੇ ਰਹੇ ਹਨ। 3 ਕਰੋੜ ਦੀ ਆਬਾਦੀ ਵਾਲੇ ਪੰਜਾਬ ਸਿਰ ਕਰਜ਼ਾ ਅਰਬਾਂ ਰੁਪਏ ਹੈ। 

ਪਿਛਲੇ ਸਾਲ ਵੀ ਸੂਬੇ 'ਤੇ 2.48 ਲੱਖ ਕਰੋੜ ਦਾ ਕਰਜ਼ਾ ਸੀ, ਜੋ ਕਿ ਇਸ ਸਾਲ ਘਟਨਾ ਦੀ ਬਿਜ਼ਾਏ ਵੱਧ ਗਿਆ ਹੈ। ਰਿਪੋਰਟਾਂ ਕਹਿੰਦੀਆਂ ਹਨ ਕਿ ਇਸ ਸਾਲ ਦਾ ਪੰਜਾਬ ਉੱਪਰ ਕਰਜ਼ ਬਹੁਤ ਜ਼ਿਆਦਾ ਹੈ। ਇਸ ਵੇਲੇ ਜੋ, ਕੈਗ ਨੇ ਆਪਣੀ ਰਿਪੋਰਟ ਸੌਂਪੀ ਹੈ, ਉਹਦੇ ਅਨੁਸਾਰ ਆਉਣ ਵਾਲੇ 5 ਵਰ੍ਹਿਆਂ ਵਿੱਚ ਪੰਜਾਬ ਦਾ ਕਰਜ਼ਾ 3.73 ਲੱਖ ਕਰੋੜ ਤੋਂ ਜ਼ਿਆਦਾ ਹੋ ਜਾਵੇਗਾ, ਜੋ 31 ਮਾਰਚ 2019 ਦੇ 1.79 ਲੱਖ ਕਰੋੜ ਰੁਪਏ ਨਾਲੋਂ ਲਗਭਗ ਦੁੱਗਣਾ ਹੈ। ਪਿਛਲੇ 10 ਸਾਲਾਂ ਦੌਰਾਨ ਇਹ ਕਰਜ਼ਾ ਚੌਗੁਣਾ ਹੋ ਗਿਆ ਹੈ।

ਮੋਟੀ ਜਿਹੀ ਰਿਪੋਰਟ ਵੇਖੀਏ ਤਾਂ, ਤਤਕਾਲੀ ਅਕਾਲੀ-ਭਾਜਪਾ ਸਰਕਾਰ ਸਮੇਂ 2016-17 ਵਿੱਚ ਕਰਜ਼ੇ ਦੀ ਪੰਡ ਦਾ ਬੋਝ 1.53 ਲੱਖ ਕਰੋੜ ਸੀ, ਜਦੋਂਕਿ ਸੰਨ 2017-18 ਵਿੱਚ ਇਹ ਕਰਜ਼ਾ 1.95 ਲੱਖ ਕਰੋੜ ਰੁਪਏ ਹੋ ਗਿਆ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਲੰਘੇ ਦਿਨੀਂ ਇਸ ਕਾਰਜਕਾਲ ਦਾ ਆਖ਼ਰੀ ਬਜਟ ਪੇਸ਼ ਕੀਤਾ ਸੀ ਅਤੇ ਉਨ੍ਹਾਂ ਨੇ ਮੰਨਿਆ ਸੀ ਕਿ ਪੰਜਾਬ 'ਤੇ ਬਹੁਤ ਜ਼ਿਆਦਾ ਕਰਜ਼ਾ ਹੈ, ਜਿਸ ਨੂੰ ਲਾਹੁਣ ਵਾਸਤੇ ਅਸੀਂ ਯਤਨ ਕਰ ਰਹੇ ਹਾਂ। 

ਜਦੋਂਕਿ ਦੂਜੇ ਪਾਸੇ ਬੀਤੇ ਸਾਲ ਪੰਜਾਬ ਦਾ ਚੌਥਾ ਬਜਟ ਪੇਸ਼ ਕਰਦਿਆਂ ਉਨ੍ਹਾਂ ਨੇ ਮਨਪ੍ਰੀਤ ਬਾਦਲ ਨੇ ਕੋਈ ਨਵਾਂ ਟੈਕਸ ਨਹੀਂ ਸੀ ਲਗਾਇਆ, ਪਰ ਫਿਰ ਵੀ ਪੰਜਾਬ ਸਿਰ ਕਰਜ਼ਾ ਚੜ੍ਹ ਗਿਆ। ਸਰਕਾਰ ਇਸ ਚੜ੍ਹ ਕੇ ਕਰਜ਼ੇ ਦਾ ਮੁੱਖ ਕਾਰਨ ਕੋਰੋਨਾ ਵਾਇਰਸ ਦੱਸ ਰਹੀ ਹੈ, ਜਦੋਂਕਿ ਅਸਲੀਅਤ ਦੇ ਵਿੱਚ ਤਾਂ ਕਰਜ਼ੇ ਪਿਛਲੇ ਇੱਕ ਦਹਾਕੇ ਤੋਂ ਹੀ ਪੰਜਾਬ ਉੱਪਰ ਚੜ੍ਹਦਾ ਆ ਰਿਹਾ ਹੈ। ਹੁਣ ਇੱਥੇ ਸਵਾਲ ਉੱਠਦਾ ਹੈ ਕਿ ਆਖ਼ਰ ਇੰਨ੍ਹੇ ਕਰੋੜਾਂ ਰੁਪਏ ਦੇ ਕਰਜ਼ੇ ਦਾ ਪੰਜਾਬ ਸਰਕਾਰ ਨੇ ਕੀਤਾ ਕੀ ਹੈ?