ਸਿਆਸੀ ਪਾਰਟੀਆਂ ਵੋਟਾਂ ਬੈਂਕ ਲਈ ਕਿਸਾਨਾਂ ਨਾਲ ਵਧਾ ਰਹੀਆਂ ਨੇ ਨੇੜਤਾ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Mar 01 2021 14:26
Reading time: 1 min, 40 secs

ਜਿਵੇਂ ਜਿਵੇਂ ਦੇਸ਼ ਦੇ ਪੰਜ ਸੂਬਿਆਂ ਵਿੱਚ ਚੋਣਾਂ ਦੇ ਦਿਨ ਨੇੜੇ ਆ ਰਹੇ ਹਨ, ਉਵੇਂ ਉਵੇਂ ਸਿਆਸੀ ਪਾਰਟੀਆਂ, ਕਿਸਾਨਾਂ ਦੇ ਨਾਲ ਨੇੜਤਾ ਵਧਾ ਰਹੀਆਂ ਹਨ। ਸਿਆਸੀ ਪਾਰਟੀਆਂ ਦਾ ਇੱਕੋ ਇੱਕ ਟੀਚਾ ਹੈ ਕਿ ਕਿਸਾਨਾਂ ਨੂੰ ਆਪਣੇ ਵੱਸ ਵਿੱਚ ਕਰਕੇ, ਕਿਸੇ ਨਾ ਕਿਸੇ ਤਰੀਕੇ ਚੋਣਾਂ ਜਿੱਤ ਲਈਆਂ ਜਾਣ। ਪਰ ਕਿਸਾਨਾਂ ਨੇ ਸਾਫ਼ ਸ਼ਬਦਾਂ ਵਿੱਚ ਸਿਆਸੀ ਪਾਰਟੀਆਂ ਨੂੰ ਆਖ ਦਿੱਤਾ ਹੋਇਆ ਹੈ, ਕਿ ਉਹ ਸਿਆਸੀ ਪਾਰਟੀਆਂ ਦਾ ਸਵਾਗਤ ਕਰਦੇ ਹਨ। 

ਪਰ ਸਿਆਸੀ ਪਾਰਟੀਆਂ ਕਿਸਾਨਾਂ ਦੇ ਨਾਲ ਆਪਣੀ ਪਾਰਟੀ ਦੇ ਝੰਡੇ ਸੁੱਟ ਕੇ ਬੈਠਣ ਅਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ। ਫਿਰ ਹੀ ਕਿਸਾਨ ਉਕਤ ਸਿਆਸੀ ਪਾਰਟੀਆਂ ਨੂੰ ਵੋਟ ਦੇਣਗੇ। ਇਸ ਵੇਲੇ ਵੇਖੀਏ ਤਾਂ ਅਕਾਲੀ ਦਲ, ਕਾਂਗਰਸ, ਬਸਪਾ, ਸੀਪੀਆਈ ਤੋਂ ਇਲਾਵਾ ਜਨਤਾ ਦਲ ਪਾਰਟੀ ਆਦਿ ਕਿਸਾਨਾਂ ਦੀ ਹਮਾਇਤ ਵਿੱਚ ਉਤਰ ਆਈਆਂ ਹਨ ਅਤੇ ਮੋਦੀ ਸਰਕਾਰ ਨੂੰ ਕੋਸਦਿਆਂ ਹੋਇਆ ਮੰਗ ਕਰ ਰਹੀਆਂ ਹਨ ਕਿ ਖੇਤੀ ਕਾਨੂੰਨਾਂ ਨੂੰ ਸਰਕਾਰ ਰੱਦ ਕਰੇ।

ਕਿਸਾਨਾਂ ਨੇ ਬੇਸ਼ੱਕ ਹੀ ਸਾਰੀਆਂ ਸਿਆਸੀ ਪਾਰਟੀਆਂ ਤੋਂ ਵੱਖ ਹੋ ਕੇ ਆਪਣਾ ਮੋਰਚਾ ਲਗਾ ਕੇ, ਵਿਸ਼ਵ ਭਰ ਦੇ ਵਿੱਚ ਮੋਰਚੇ ਨੂੰ ਕਾਮਯਾਬ ਕੀਤਾ ਹੈ। ਪਰ ਕੁੱਝ ਕੁ ਸ਼ਰਾਰਤੀ ਅਨਸਰਾਂ ਨੇ ਕਿਸਾਨਾਂ ਦੇ ਮੋਰਚੇ ਨੂੰ ਬਦਨਾਮ ਕਰਨ ਦੀ ਵੀ ਬਾਹਲ਼ੀ ਕੋਸ਼ਿਸ਼ ਕੀਤੀ ਹੈ ਅਤੇ ਹੁਣ ਵੀ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਅੱਜ ਮਾਰਚ ਮਹੀਨੇ ਦੀ ਪਹਿਲੀ ਤਰੀਕ ਹੈ ਅਤੇ ਅੱਜ ਤੋਂ ਹੀ ਕਿਸਾਨਾਂ ਦੀਆਂ ਮਹਾਂ ਪੰਚਾਇਤਾਂ ਸ਼ੁਰੂ ਹੋ ਗਈਆਂ ਹਨ।

ਦੱਸਿਆ ਜਾ ਰਿਹਾ ਹੈ ਕਿ ਇਹ ਮਹਾਂ ਪੰਚਾਇਤਾਂ ਪੂਰਾ ਮਹੀਨਾ ਚੱਲਣਗੀਆਂ ਅਤੇ ਕੇਂਦਰ ਵਿਚਲੀ ਮੋਦੀ ਸਰਕਾਰ ਤੋਂ ਇਲਾਵਾ ਹੋਰਨਾਂ ਸੂਬਿਆਂ ਵਿੱਚ ਜਿੱਥੇ ਕਿਤੇ ਵੀ ਭਾਜਪਾ ਦੀ ਸਰਕਾਰ ਹੈ, ਉਨ੍ਹਾਂ ਦਾ ਦੱਬ ਕੇ ਵਿਰੋਧ ਕਰਦਿਆਂ ਹੋਇਆ ਮੰਗ ਕਰਨੀਆਂ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਿਆ ਜਾਵੇ। ਜਾਣਕਾਰੀ ਦੇ ਮੁਤਾਬਿਕ, ਕਿਸਾਨਾਂ ਦੀਆਂ ਇਹ ਮਹਾਂਪੰਚਾਇਤਾਂ ਸਿਆਸੀ ਪਾਰਟੀਆਂ ਨੂੰ ਜਿੱਥੇ ਪੰਚਾਇਤ ਵਿੱਚ ਸ਼ਾਮਲ ਨਹੀਂ ਹੋਣ ਦੇਣਗੀਆਂ। 

ਉੱਥੇ ਹੀ ਦੂਜੇ ਪਾਸੇ, ਕਿਸਾਨ ਆਗੂ ਮੋਦੀ ਸਰਕਾਰ ਦੁਆਰਾ ਖੇਤੀ ਸਬੰਧੀ ਲਿਆਂਦੇ ਗਏ ਕਾਲੇ ਕਾਨੂੰਨਾਂ ਦੇ ਬਾਰੇ ਆਮ ਲੋਕਾਂ ਨੂੰ ਹੋਣ ਵਾਲੇ ਸੰਭਾਵੀ ਨੁਕਸਾਨਾਂ ਬਾਰੇ ਵੀ ਜਾਗਰੂਕ ਕਰਨਗੇ। ਅਜਿਹੇ ਵਿੱਚ ਸਭ ਤੋਂ ਕਾਰਗਾਰ ਹਥਿਆਰ ਮਹਾਂਪੰਚਾਇਤਾਂ ਸਾਬਤ ਹੋਣਗੀਆਂ ਅਤੇ ਹੋ ਵੀ ਰਹੀਆਂ ਹਨ, ਕਿਉਂਕਿ ਮੁਲਕ ਦੇ ਵਿੱਚ ਮਹਾਂਪੰਚਾਇਤਾਂ ਲਗਾਤਾਰ ਕਿਸਾਨਾਂ ਦੁਆਰਾ ਕੀਤੀਆਂ ਜਾ ਰਹੀਆਂ ਹਨ। ਕਿਸਾਨ ਕਹਿੰਦੇ ਹਨ ਕਿ ਯੂ.ਪੀ. ਵਿੱਚ ਯੋਗੀ ਸਰਕਾਰ ਦੇ ਕਿਸਾਨਾਂ ਨੇ ਮਹਾਂਪੰਚਾਇਤਾਂ ਕਰਕੇ ਹੋਸ਼ ਉਡਾ ਦਿੱਤੇ ਹੋਏ ਹਨ।