ਕੀ ਹੁਣ ਨਹੀਂ ਖੁੱਲ੍ਹੇਗਾ ਕਰਤਾਰਪੁਰ ਸਾਹਿਬ ਲਾਂਘਾ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Mar 01 2021 14:24
Reading time: 1 min, 59 secs

2019 ਵਿੱਚ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਮੌਜੂਦਾ ਵਿਧਾਇਕ ਨਵਜੋਤ ਸਿੰਘ ਸਿੱਧੂ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਜੱਫ਼ੀ ਨੇ, ਬਾਬੇ ਨਾਨਕ ਦੀ ਧਰਤੀ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਵਾਸਤੇ ਸ਼੍ਰੀ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਸਬੰਧੀ ਇੱਕ ਮਤਾ ਪਾਸ ਕਰਿਆ ਸੀ। ਨਵਜੋਤ ਸਿੱਧੂ ਦੀ ਗੱਲ ਮੰਨਦਿਆਂ ਹੋਇਆ ਇਮਰਾਨ ਨੇ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਸਬੰਧੀ ਪਾਕਿਸਤਾਨੀ ਫ਼ੌਜ ਅਤੇ ਅਧਿਕਾਰੀ ਨਾਲ ਮੀਟਿੰਗ ਕਰਕੇ, ਸਿੱਖ ਸੰਗਤਾਂ ਨੂੰ ਇੱਕ ਤੋਹਫ਼ਾ ਦਿੱਤਾ ਸੀ। 

ਬੇਸ਼ੱਕ 2019 ਦੇ ਵਿੱਚ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹ ਗਿਆ ਸੀ, ਪਰ 2020 ਵਿੱਚ ਆਏ ਕੋਰੋਨਾ ਵਾਇਰਸ ਨੇ ਇੱਕ ਵਾਰ ਫਿਰ ਤੋਂ ਕਰਤਾਰਪੁਰ ਸਾਹਿਬ ਲਾਂਘਾ ਬੰਦ ਕਰਵਾ ਦਿੱਤਾ ਸੀ। 2020 ਦੇ ਵਿੱਚ ਕਈ ਤਿਉਹਾਰ ਲੰਘੇ, ਪਰ ਲਾਂਘਾ ਸਰਕਾਰ ਦੁਆਰਾ ਨਾ ਖੋਲ੍ਹਿਆ ਗਿਆ। ਬਾਬੇ ਨਾਨਕ ਜੀ ਦੇ ਜਨਮ ਦਿਵਸ ਮੌਕੇ ਵੀ ਲੰਘੇ ਸਾਲ ਕੇਂਦਰ ਸਰਕਾਰ ਨੇ ਲਾਂਘਾ ਨਾ ਖੋਲ੍ਹਣ ਦੀ ਗੱਲ ਆਖੀ ਸੀ। 

ਜਦੋਂਕਿ ਪਿਛਲੇ ਦਿਨੀਂ ਜਦੋਂ ਸ਼ੋ੍ਰਮਣੀ ਕਮੇਟੀ ਅਤੇ ਹੋਰਨਾਂ ਸਿਆਸੀ ਪਾਰਟੀਆਂ ਨੇ ਇਹ ਮੰਗ ਰੱਖੀ ਸੀ ਕਿ, ਸਾਕਾ ਸ਼੍ਰੀ ਨਨਕਾਣਾ ਸਾਹਿਬ ਨੂੰ ਲੈ ਕੇ ਸਿੱਖ ਸੰਗਤ ਨੂੰ ਵੀਜ਼ੇ ਦਿੱਤੇ ਜਾਣ, ਤਾਂ ਉਦੋਂ ਵੀ ਕੇਂਦਰ ਸਰਕਾਰ ਨੇ ਸਿੱਖਾਂ ਦੀ ਮੰਗ ਨੂੰ ਦਰਕਿਨਾਰ ਕਰ ਦਿੱਤਾ ਸੀ। ਸਿੱਖਾਂ ਨੂੰ ਵਾਰ ਵਾਰ ਕੇਂਦਰ ਸਰਕਾਰ ਦੇ ਵੱਲੋਂ ਝਟਕੇ ਦਿੱਤੇ ਜਾ ਰਹੇ ਹਨ, ਜਦੋਂਕਿ ਦੂਜੇ ਪਾਸੇ ਸਿੱਖਾਂ ਦੇ ਨਾਲ ਹਮਦਰਦੀ ਵੀ ਪ੍ਰਗਟ ਕੀਤੀ ਜਾ ਰਹੀ ਹੈ। ਸਿੱਖਾਂ ਨੂੰ ਭਾਰਤ ਦਾ ਹਿੱਸਾ ਤਾਂ ਸਰਕਾਰ ਮੰਨਦੀ ਹੈ, ਪਰ ਸਿੱਖਾਂ ਦੇ ਨਾਲ ਭਾਰਤੀਆਂ ਵਾਲਾ ਸਲੂਕ ਨਹੀਂ ਕਰਦੀ। 

ਇਸ ਵੇਲੇ ਜੋ ਤਾਜ਼ਾ ਜਾਣਕਾਰੀ ਹਾਸਲ ਹੋਈ ਹੈ, ਉਹ ਇਹ ਹੈ ਕਿ ਡੇਰਾ ਬਾਬਾ ਨਾਨਕ ਵਿੱਚ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਚੋਲਾ ਸਾਹਿਬ ਦੇ ਦਰਸ਼ਨਾਂ ਲਈ 4 ਮਾਰਚ ਤੋਂ ਆਰੰਭ ਹੋ ਰਹੇ ਜੋੜ ਮੇਲੇ ਦੇ ਸਬੰਧ ਵਿੱਚ ਸੰਗਤ ਨੇ ਬੰਦ ਪਿਆ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਮੰਗ ਕੀਤੀ ਹੈ। ਪਰ ਦੂਜੇ ਪਾਸੇ, ਸਿੱਖ ਸੰਗਤ ਦੀ ਮੰਗ 'ਤੇ ਕੇਂਦਰ ਸਰਕਾਰ ਦਾ ਹੁਣ ਤੱਕ ਜਵਾਬ ਹੀ ਨਹੀਂ ਆਇਆ। ਕੇਂਦਰ ਸਰਕਾਰ ਦਾ ਜਵਾਬ ਨਾ ਆਉਣਾ, ਇਸ ਗੱਲ ਦੀ ਗੁਆਹੀ ਭਰਦਾ ਹੈ, ਕਿ ਸਰਕਾਰ ਨਹੀਂ ਚਾਹੁੰਦੀ ਕਿ, ਲਾਂਘਾ ਖੋਲ੍ਹਿਆ ਜਾਵੇ। 

ਦੱਸਦੇ ਚੱਲੀਏ ਕਿ, ਕਰਤਾਰਪੁਰ ਸਾਹਿਬ ਲਾਂਘਾ ਜਦੋਂ ਨਹੀਂ ਸੀ ਖੁੱਲ੍ਹਿਆ ਤਾਂ ਲੋਕ ਦੂਰਬੀਨ ਦੇ ਨਾਲ ਪਾਕਿਸਤਾਨ ਸਥਿਤ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਿਆ ਕਰਦੇ ਸਨ, ਜਦੋਂਕਿ ਲਾਂਘਾ ਖੁੱਲ੍ਹਣ ਤੋਂ ਬਾਅਦ ਹੁਣ ਫਿਰ ਤੋਂ ਓਹੀ ਨੌਬਤ ਲੋਕਾਂ ਨੂੰ ਆ ਰਹੀ ਹੈ, ਜਿਹੜੀ ਲਾਂਘਾ ਖੁੱਲ੍ਹਣ ਤੋਂ ਪਹਿਲੋਂ ਆਉਂਦੀ ਸੀ।

ਆਮ ਲੋਕਾਂ ਦੀ ਮੰਨੀਏ ਤਾਂ, ਉਨ੍ਹਾਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਨੇ ਕਰੀਬ ਇੱਕ ਸਾਲ ਪਹਿਲੋਂ 16 ਮਾਰਚ ਨੂੰ ਸ਼੍ਰੀ ਕਰਤਾਰਪੁਰ ਸਾਹਿਬ ਲਾਂਘਾ ਬੰਦ ਕਰ ਦਿੱਤਾ ਸੀ, ਜੋ ਕਿ ਹੁਣ ਤੱਕ ਵੀ ਸਰਕਾਰ ਨੇ ਨਹੀਂ ਖੋਲ੍ਹਿਆ। ਲੋਕਾਂ ਨੇ ਮੰਗ ਕੀਤੀ ਕਿ, ਜਲਦ ਤੋਂ ਜਲਦ ਮੋਦੀ ਸਰਕਾਰ ਸ਼੍ਰੀ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹੇ।