ਕੇਰਲ ਤੋਂ ਅਸਾਮ ਤੱਕ ਦੇ ਦੌਰੇ ਹੁੰਦੇ ਨੇ, ਪਰ ਕਿਸਾਨਾਂ ਕੋਲ ਨਹੀਂ ਪੁੱਜਦੇ ਪੀਐੱਮ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Mar 01 2021 14:22
Reading time: 1 min, 47 secs

ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ ਅਤੇ ਮੰਗ ਕਰ ਰਹੇ ਹਨ ਕਿ ਖੇਤੀ ਕਾਨੂੰਨਾਂ ਨੂੰ ਮੋਦੀ ਸਰਕਾਰ ਰੱਦ ਕਰੇ। ਪਰ ਕੇਂਦਰ ਸਰਕਾਰ ਦਾ ਰਵੱਈਆ ਹੁਣ ਤੱਕ ਕਿਸਾਨ ਵਿਰੋਧੀ ਹੀ ਰਿਹਾ ਹੈ ਅਤੇ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਮੰਨਣ ਦੀ ਬਿਜਾਏ, ਖੇਤੀ ਕਾਨੂੰਨਾਂ ਦੇ ਵਿੱਚ ਸੋਧਾਂ ਕਰਨ ਤੋਂ ਇਲਾਵਾ ਇਨ੍ਹਾਂ ਕਾਨੂੰਨਾਂ ਨੂੰ ਸਾਲ ਡੇਢ ਸਾਲ ਤੋਂ ਲੈ ਕੇ ਤਿੰਨ ਸਾਲ ਤੱਕ ਰੋਕ ਲਗਾਉਣ ਦੀ ਗੱਲ ਕਰ ਚੁੱਕੀ ਹੈ, ਜਿਸ ਨੂੰ ਕਿਸਾਨਾਂ ਨੇ ਠੁਕਰਾ ਦਿੱਤਾ ਹੋਇਆ ਹੈ। 

ਇੱਕ ਪਾਸੇ ਤਾਂ ਦਿੱਲੀ ਦੀਆਂ ਸਰਹੱਦਾਂ 'ਤੇ ਬੈਠੇ ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਨੂੰ ਲੈ ਕੇ ਮੋਰਚਾ ਲਗਾਈ ਬੈਠੇ ਹਨ, ਦੂਜੇ ਪਾਸੇ ਸੱਤਾਧਿਰ ਭਾਰਤ ਦੇ 5 ਸੂਬਿਆਂ ਵਿੱਚ ਹੋਣ ਵਾਲੀਆਂ ਚੋਣਾਂ ਦੇ ਪ੍ਰਚਾਰ ਵਿੱਚ ਜੁਟ ਗਈ ਹੈ। ਸੱਤਾਧਿਰ ਭਾਜਪਾ 'ਤੇ ਹੁਣ ਇਹ ਦੋਸ਼ ਵੀ ਲੱਗਦੇ ਸ਼ੁਰੂ ਹੋ ਰਹੇ ਹਨ ਕਿ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਸਾਮ ਅਤੇ ਕੇਰਲਾ ਵਿੱਚ ਚੋਣ ਪ੍ਰਚਾਰ ਕਰਨ ਅਤੇ ਵਰਕਰਾਂ ਦੇ ਨਾਲ ਮੀਟਿੰਗਾਂ ਕਰਨ ਵਾਸਤੇ ਤਾਂ ਜਾ ਰਹੇ ਹਨ। 

ਪਰ ਕਿਸਾਨ ਜੋ ਦਿੱਲੀ ਤੋਂ ਕਰੀਬ 20 ਮੀਲ ਦੂਰੀ 'ਤੇ ਬੈਠੇ ਹਨ, ਉਨ੍ਹਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ। ਦਰਅਸਲ, ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਦੁਆਰਾ ਇਹ ਦੋਸ਼ ਲਗਾਏ ਗਏ ਕਿ ਮੋਦੀ ਸਰਕਾਰ ਦਾ ਰਵੱਈਆ ਹੁਣ ਤੱਕ ਕਿਸਾਨ ਵਿਰੋਧੀ ਹੀ ਰਿਹਾ ਹੈ ਅਤੇ ਉਹ ਖੇਤੀ ਸੈਕਟਰ ਨੂੰ ਬਰਬਾਦ ਕਰਨਾ ਚਾਹੁੰਦੇ ਹਨ।

ਚਿਦੰਬਰਮ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ, ਖੇਤੀ ਖੇਤਰ ਵਿੱਚ ਮੰਦੀ ਦਾ ਦੌਰ ਲਗਾਤਾਰ ਜਾਰੀ ਹੈ, ਪਰ ਸਰਕਾਰ ਮੰਦੀ 'ਤੇ ਹੋਰ ਮੰਦੀ ਦੀ ਮਾਰ, ਮਾਰ ਰਹੀ ਹੈ, ਜਿਸ ਦਾ ਖ਼ਮਿਆਜ਼ਾ ਇਕੱਲੇ ਕਿਸਾਨ ਨੂੰ ਹੀ ਨਹੀਂ, ਬਲਕਿ ਭਾਰਤ ਦੀ ਅਵਾਮ ਨੂੰ ਵੀ ਭੁਗਤਣਾ ਪੈ ਰਿਹਾ ਹੈ। ਖੇਤੀ ਸੈਕਟਰ, ਸਰਕਾਰ ਕਾਰਪੋਰੇਟ ਘਰਾਣਿਆਂ ਦੇ ਕੋਲ ਗਿਰਵੀ ਰੱਖਣਾ ਚਾਹੁੰਦੀ ਹੈ, ਜਿਸ ਦੇ ਕਾਰਨ ਸਰਕਾਰ ਅੜੀ ਨਹੀਂ ਛੱਡ ਰਹੀ ਅਤੇ ਕਿਸਾਨਾਂ ਦੀ ਗੱਲ ਨਹੀਂ ਸੁਣ ਰਹੀ।

ਪੀ ਚਿਦੰਬਰਮ ਨੇ ਕਿਹਾ ਕਿ, ਖੇਤੀ ਖੇਤਰ ਦੇ ਵਿੱਚ ਇਸ ਵੇਲੇ, ਮੰਦੀ ਦੇ ਦੌਰਾਨ ਵੀ 3.9 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਸਰਕਾਰ ਲਗਾਤਾਰ ਕਿਸਾਨਾਂ ਦੇ ਨਾਲ ਭੈੜਾ ਸਲੂਕ ਕਰ ਰਹੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ, ਮੋਦੀ ਸਰਕਾਰ ਕਿਸਾਨਾਂ ਨਾਲ ਅਜਿਹਾ ਸਲੂਕ ਕਰ ਰਹੀ ਹੈ, ਜਿਵੇਂ ਉਹ ਮੁਲਕ ਦੇ ਸਭ ਤੋਂ ਵੱਡੇ ਦੁਸ਼ਮਣ ਹੋਣ। ਸਰਕਾਰ ਨੂੰ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਹੈ ਅਤੇ ਮਸਲੇ ਦਾ ਹੱਲ ਛੇਤੀ ਕੱਢ ਕੇ ਖੇਤੀ ਕਾਨੂੰਨ ਰੱਦ ਕਰਨੇ ਚਾਹੀਦੇ ਹਨ।