ਬੇਸ਼ੱਕ ਢੋਲ ਵੱਜਦਾ ਹੈ ਖ਼ੁਸ਼ੀ ਦੇ ਮੌਕਿਆਂ 'ਤੇ..., ਇਸ ਵਾਰ ਢੋਲ ਵੱਜੇਗਾ ਜ਼ਰੂਰ, ਪਰ ਖ਼ੁਸ਼ੀ ਨਹੀਂ ਰੋਸ ਦਾ...! ਇਹ ਰੋਸ ਦਾ ਢੋਲ ਸਰਕਾਰ ਨਹੀਂ, ਬਲਕਿ ਕਿਰਤੀ ਅਤੇ ਮੁਲਾਜ਼ਮ ਵਰਗ ਵਜਾਏਗਾ। ਢੋਲ ਵਜ੍ਹਾ ਕੇ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੇ ਬਾਰੇ ਮੁਲਾਜ਼ਮ ਵਰਗ ਲੋਕਾਂ ਨੂੰ ਜਾਗਰੂਕ ਕਰੇਗਾ ਅਤੇ ਆਪਣੀਆਂ ਹੱਕੀ ਮੰਗਾਂ ਦੇ ਸਬੰਧ ਵਿੱਚ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰੇਗਾ। ਢੋਲ ਨਾਲ ਕੱਢੇ ਜਾਣ ਵਾਲੇ ਇਸ ਰੋਸ ਮਾਰਚ ਨੂੰ ਲੈ ਕੇ ਮੁਲਾਜ਼ਮ ਵਰਗ ਮੀਟਿੰਗਾਂ ਕਰਨ ਦੇ ਵਿੱਚ ਰੁੱਝ ਚੁੱਕਿਆ ਹੈ।
ਦਿਨ ਰਾਤ ਇਸ ਗੱਲ ਦੀ ਚਰਚਾ ਕੀਤੀ ਜਾ ਰਹੀ ਹੈ, ਕਿ ਢੋਲ ਮਾਰਚ ਕਿੱਥੋਂ ਅਤੇ ਕਿਵੇਂ ਕੱਢਿਆ ਜਾਣਾ ਹੈ। 'ਨਿਊਜ਼ਨੰਬਰ' ਦੇ ਨਾਲ ਢੋਲ ਖੜਕਾ ਕੇ, ਰੋਸ ਮਾਰਚ ਕਰਨ ਦੇ ਪ੍ਰੋਗਰਾਮ ਸਬੰਧੀ ਗੱਲਬਾਤ ਕਰਦਿਆਂ ਹੋਇਆ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਆਗੂਆਂ ਨੇ ਦੱਸਿਆ ਕਿ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਦਰਕਿਨਾਰ ਕਰਕੇ, ਮੁਲਾਜ਼ਮਾਂ ਨੂੰ ਰੋਹ ਮੁਜ਼ਾਹਰੇ ਕਰਨ ਲਈ ਮਜ਼ਬੂਰ ਕਰ ਰਹੀ ਹੈ। ਸਰਕਾਰ ਵਿਰੁੱਧ ਪਹਿਲੋਂ ਵੀ ਬਹੁਤ ਸਾਰੇ ਮੁਜ਼ਾਹਰੇ ਮੁਲਾਜ਼ਮ ਕਰ ਚੁੱਕੇ ਹਨ, ਪਰ ਸਰਕਾਰ ਦੀ ਸਿਹਤ 'ਤੇ ਕੋਈ ਅਸਰ ਨਹੀਂ।
ਆਗੂਆਂ ਦਾ ਕਹਿਣਾ ਹੈ ਕਿ, ਕਿਰਤ ਅਤੇ ਖੇਤੀ ਕਾਨੂੰਨਾਂ ਤੋਂ ਇਲਾਵਾ ਬਿਜਲੀ ਸੋਧ ਐਕਟ ਵਿੱਚ ਤਬਦੀਲੀਆਂ ਕਰਨ ਪਿੱਛੇ ਛੁਪੀ ਅਸਲੀਅਤ ਬਾਰੇ ਚਿਤੰਨ ਕਰਕੇ ਸਾਂਝੇ ਸੰਘਰਸ਼ਾਂ ਵਿੱਚ ਇਕਜੁਟ ਹੋ ਕੇ ਸਰਕਾਰਾਂ ਵੱਲੋਂ ਲਏ ਗਏ ਲੋਕ ਮਾਰੂ ਫ਼ੈਸਲਿਆਂ ਨੂੰ ਮੂੰਹ ਤੋੜਵਾਂ ਜਵਾਬ ਦੇਣ ਵਾਸਤੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵੱਲੋਂ 12 ਮਾਰਚ 2021 ਨੂੰ ਪਟਿਆਲੇ ਦੀ ਧਰਤੀ 'ਤੇ ਦਿੱਤੇ ਜਾ ਰਹੇ ਸੂਬਾ ਪੱਧਰੀ ਧਰਨੇ ਦੀ ਤਿਆਰੀ ਚੱਲ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ 4 ਮਾਰਚ ਨੂੰ ਢੋਲ ਵਜ੍ਹਾ ਕੇ ਮਾਰਚ ਕੱਢਿਆ ਜਾਵੇਗਾ।
ਪਨਬੱਸ ਮੁਲਾਜ਼ਮ ਯੂਨੀਅਨ ਦੇ ਸੂਬਾ ਆਗੂ ਰੇਸਮ ਸਿੰਘ ਗਿੱਲ ਦੀ ਮੰਨੀਏ ਤਾਂ, ਉਨ੍ਹਾਂ ਦਾ ਕਹਿਣਾ ਹੈ ਕਿ ਹੁਕਮਰਾਨਾਂ ਵੱਲੋਂ ਕੀਤੀ ਜਾ ਰਹੀ ਲੁੱਟ ਦੇ ਖ਼ਿਲਾਫ਼ ਉਨ੍ਹਾਂ ਦਾ ਇਹ ਪ੍ਰਦਰਸ਼ਨ 4 ਮਾਰਚ ਨੂੰ ਢੋਲ ਵਜ੍ਹਾ ਕੇ ਕੀਤਾ ਜਾਵੇਗਾ ਅਤੇ 12 ਮਾਰਚ ਨੂੰ ਮੁੱਖ ਮੰਤਰੀ ਪੰਜਾਬ ਦੇ ਸ਼ਹਿਰ ਪਟਿਆਲਾ ਵਿਖੇ ਸੂਬਾ ਪੱਧਰੀ ਧਰਨਾ ਦੇ ਕੇ, ਕਾਲੇ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਲੰਮੇ ਸਮੇਂ ਤੋਂ ਪ੍ਰਦਰਸ਼ਨ ਕਰ ਰਹੇ ਹਨ, ਪਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ।