ਕਿਸਾਨਾਂ ਅਤੇ ਨੌਜਵਾਨਾਂ ਦੇ ਨਾਂਅ ਕਿਉਂ ਨਹੀਂ ਹੋਈ ਮਨ ਕੀ ਬਾਤ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Feb 28 2021 15:00
Reading time: 2 mins, 0 secs

ਕਿਸਾਨ, ਮਜ਼ਦੂਰ ਅਤੇ ਆਮ ਲੋਕ ਇਸ ਵੇਲੇ ਦਿੱਲੀ ਦੀਆਂ ਸਰਹੱਦਾਂ 'ਤੇ ਬੈਠ ਕੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਦਿਆਂ ਹੋਇਆ ਮੰਗ ਕਰ ਰਹੇ ਹਨ ਕਿ ਖੇਤੀ ਕਾਨੂੰਨਾਂ ਨੂੰ ਮੋਦੀ ਸਰਕਾਰ ਰੱਦ ਕਰੇ। ਇਸੇ ਤਰ੍ਹਾਂ ਹੀ ਭਾਰਤ ਦੇਸ਼ ਦੇ ਬੇਰੁਜ਼ਗਾਰ ਨੌਜਵਾਨ ਵੀ ਟਵਿੱਟਰ ਤੋਂ ਲੈ ਕੇ ਸੜਕਾਂ 'ਤੇ ਆਪਣਾ ਮਾਰਚ ਕਰਦੇ ਹੋਏ ਇਹ ਮੰਗ ਕਰ ਰਹੇ ਹਨ ਕਿ, ਮੋਦੀ ਰੋਜ਼ਗਾਰ ਦਿਓ, ਮੋਦੀ ਜੌਬ ਦਿਓ, ਪਰ ਇਨ੍ਹਾਂ ਬੇਰੁਜ਼ਗਾਰਾਂ ਦੀ ਕੋਈ ਵੀ ਗੱਲ ਨਹੀਂ ਸੁਣ ਰਿਹਾ। ਇੱਕ ਦੁੱਕਾ ਟੀਵੀ ਚੈਨਲ ਇਨ੍ਹਾਂ ਬੇਰੁਜ਼ਗਾਰਾਂ ਦੀ ਆਵਾਜ਼ ਚੁੱਕ ਰਹੇ ਹਨ। 

ਜਦੋਂਕਿ, 2 ਕਰੋੜ ਪ੍ਰਤੀ ਸਾਲ ਨੌਕਰੀਆਂ ਦੇਣ ਵਾਲਾ ਪ੍ਰਧਾਨ ਮੰਤਰੀ ਚੁੱਪੀ ਤਾਣੀ ਬੈਠੀ ਹੈ। ਮਹੀਨੇ ਦੇ ਆਖ਼ਰੀ ਹਫ਼ਤੇ ਦੇ ਐਤਵਾਰ ਨਰਿੰਦਰ ਮੋਦੀ ਦੁਆਰਾ ਮਨ ਕੀ ਬਾਤ ਪ੍ਰੋਗਰਾਮ ਕੀਤਾ ਜਾਂਦਾ ਹੈ। ਅੱਜ ਵੀ ਫ਼ਰਵਰੀ ਮਹੀਨੇ ਦੇ ਆਖ਼ਰੀ ਹਫ਼ਤੇ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ-2021 ਦਾ ਦੂਜਾ ਐਪੀਸੋਡ ਮਨ ਕੀ ਬਾਤ ਕੀਤਾ ਗਿਆ ਅਤੇ ਦੇਸ਼ ਦੀ ਜਨਤਾ ਨੂੰ ਸੰਬੋਧਨ ਕੀਤਾ ਗਿਆ। ਮੋਦੀ ਆਪਣੀ ਮਨ ਕੀ ਬਾਤ ਵਿੱਚ ਅੱਜ ਫਿਰ ਤੋਂ ਕਈ ਪੁਰਾਣੀਆਂ ਗੱਲਾਂ ਦਾ ਜ਼ਿਕਰ ਕਰਦੇ ਆਏ। 

ਪਰ, ਜਿਹੜੇ ਲੋਕ ਇਸ ਵੇਲੇ ਸੜਕਾਂ 'ਤੇ ਹਨ, ਉਨ੍ਹਾਂ ਦੇ ਬਾਰੇ ਵਿੱਚ ਮੋਦੀ ਇੱਕ ਸ਼ਬਦ ਵੀ ਨਾ ਬੋਲ ਸਕੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਮਨ ਕੀ ਬਾਤ ਦਾ ਮਹੀਨਾਵਾਰੀ ਰੇਡੀਓ ਪ੍ਰੋਗਰਾਮ ਦਾ ਅੱਜ ਇਹ 74ਵਾਂ ਐਪੀਸੋਡ ਸੀ। ਦੱਸਣਾ ਬਣਦਾ ਹੈ, ਕਿ ਆਪਣੀ ਮਨ ਕੀ ਬਾਤ ਦੇ ਵਿੱਚ ਪੀਐੱਮ ਮੋਦੀ ਕਿਸਾਨਾਂ ਨੂੰ ਵਿਸਾਰ ਗਏ, ਉੱਥੇ ਹੀ ਬੇਰੁਜ਼ਗਾਰ ਨੌਜਵਾਨਾਂ ਦੇ ਬਾਰੇ ਇੱਕ ਸ਼ਬਦ ਵੀ ਨਾ ਬੋਲ ਸਕੇ, ਸਗੋਂ ਨੌਜਵਾਨਾਂ ਨੂੰ ਕੁੱਝ ਅਵੱਲੀਆ ਹੀ ਗੱਲਾਂ ਕਹਿੰਦੇ ਨਜ਼ਰੀ ਆਏ।

ਮੋਦੀ ਨੇ ਨੌਜਵਾਨਾਂ ਨੂੰ ਨੌਕਰੀ ਦੇਣ ਤੋਂ ਕੋਰੀ ਨਾਂਹ ਕਰਦਿਆ ਹੋਇਆ ਕਿਹਾ ਕਿ, ਅਸੀਂ ਆਪਣੇ ਸੁਪਨਿਆਂ ਲਈ ਕਿਸੇ ਦੂਸਰੇ 'ਤੇ ਨਿਰਭਰ ਰਹੀਏ, ਇਹ ਬਿਲਕੁਲ ਠੀਕ ਨਹੀਂ ਹੈ। ਜੋ ਜੈਸਾ ਹੈ ਉਵੇਂ ਹੀ ਚੱਲਦਾ ਰਹੇ, ਰਵਿਦਾਸ ਜੀ ਕਦੀ ਵੀ ਇਸ ਦੇ ਹੱਕ ਵਿਚ ਨਹੀਂ ਸਨ। ਅੱਜ ਅਸੀਂ ਦੇਖਦੇ ਹਾਂ ਕਿ ਦੇਸ਼ ਦਾ ਯੁਵਾ ਵੀ ਇਸ ਸੋਚ ਦੇ ਹੱਕ ਵਿਚ ਬਿਲਕੁਲ ਨਹੀਂ ਹੈ। ਇਸੇ ਤਰ੍ਹਾਂ ਹੀ ਆਪਣੀ ਮਨ ਕੀ ਬਾਤ ਦੇ ਵਿੱਚ ਨਰਿੰਦਰ ਮੋਦੀ ਸ਼ਹੀਦਾਂ ਦਾ ਵੀ ਜ਼ਿਕਰ ਕਰਨਾ ਭੁੱਲ ਗਏ। ਦਰਅਸਲ, ਲੰਘੇ ਕੱਲ੍ਹ ਸਾਡੇ ਮਹਾਨ ਸ਼ਹੀਦ ਚੰਦਰ ਸ਼ੇਖ਼ਰ ਆਜ਼ਾਦ ਦਾ ਸ਼ਹੀਦੀ ਦਿਹਾੜਾ ਸੀ।

ਪੂਰੇ ਮੁਲਕ ਦੇ ਅੰਦਰ ਇਨਕਲਾਬੀ ਧਿਰਾਂ ਦੇ ਵੱਲੋਂ ਸ਼ਹੀਦ ਚੰਦਰ ਸ਼ੇਅਰ ਆਜ਼ਾਦ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਅਤੇ ਹੱਕ ਸੱਚ ਦੀ ਆਵਾਜ਼ ਬੁਲੰਦ ਕਰਨ ਦੀ ਗੱਲ ਕੀਤੀ ਗਈ, ਪਰ ਨਰਿੰਦਰ ਮੋਦੀ ਅੱਜ ਆਪਣੀ ਮਨ ਕੀ ਬਾਤ ਵਿੱਚ ਸ਼ਹੀਦ ਚੰਦਰ ਸ਼ੇਖ਼ਰ ਆਜ਼ਾਦ ਨੂੰ ਯਾਦ ਨਾ ਕਰ ਸਕੇ। ਪ੍ਰਧਾਨ ਮੰਤਰੀ ਦੁਆਰਾ ਇੱਕ ਕੌਮੀ ਸ਼ਹੀਦ ਨੂੰ ਇਸ ਤਰ੍ਹਾਂ ਭੁੱਲ ਜਾਣਾ, ਇਹ ਸਾਬਤ ਕਰਦਾ ਹੈ ਕਿ ਸਰਕਾਰ ਸ਼ਹੀਦਾਂ ਦੀ ਸੋਚ ਤੋਂ ਇਲਾਵਾ ਇਨ੍ਹਾਂ ਦਾ ਨਾਂਅ ਹੀ ਦੇਸ਼ ਦੇ ਅੰਦਰੋਂ ਖ਼ਤਮ ਕਰਨਾ ਚਾਹੁੰਦੀ ਹੈ।