ਕਿਤੇ ਕੋਰੋਨਾ ਦਾ 'ਵਾਇਰਸ' ਹਾਕਮ ਧਿਰ ਦੁਆਰਾ ਬਣਾਇਆ ਤਾਂ ਨਹੀਂ ਗਿਆ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Feb 28 2021 14:59
Reading time: 2 mins, 21 secs

ਕੋਰੋਨਾ ਵਾਇਰਸ ਦੀ ਭਾਰਤ ਦੇ ਅੰਦਰ ਐਂਟਰੀ ਦੇ ਕਾਰਨ, ਸਾਨੂੰ ਸਭ ਨੂੰ ਪਤਾ ਹੈ ਕਿ ਲੰਘਿਆ ਸਾਲ 2020 ਕਿਹੋ ਜਿਹਾ ਰਿਹਾ। ਪਰ ਇਸੇ ਸਾਲ ਵਿੱਚ ਹੀ ਮੋਦੀ ਸਰਕਾਰ ਨੇ ਐਨੇ ਜ਼ਿਆਦਾ ਕਾਨੂੰਨ ਪਾਸ ਕਰ ਦਿੱਤੇ ਅਤੇ ਕਈ ਕਾਨੂੰਨਾਂ ਦੇ ਵਿੱਚ ਸੋਧਾਂ ਕਰ ਦਿੱਤੀਆਂ, ਜਿਨ੍ਹਾਂ ਦੇ ਬਾਰੇ ਸਾਨੂੰ ਉਮੀਦ ਹੀ ਨਹੀਂ ਸੀ। ਇੱਕ ਪਾਸੇ ਤਾਂ ਭਾਰਤ ਦੀ ਸਾਰੀ ਅਵਾਮ ਘਰਾਂ ਦੇ ਅੰਦਰ ਤੜੀ ਪਈ ਸੀ, ਉੱਥੇ ਹੀ ਦੂਜੇ ਪਾਸੇ ਇਸੇ ਗੱਲ ਦਾ ਫ਼ਾਇਦਾ ਚੁੱਕਦੇ ਹੋਏ ਸਰਕਾਰ ਨੇ ਕਈ ਲੋਕ ਮਾਰੂ ਕਾਨੂੰਨਾਂ ਨੂੰ ਦੇਸ਼ ਦੇ ਅੰਦਰ ਲਿਆਂਦਾ। 

ਕੋਰੋਨਾ ਲਾਡਡਾਊਨ ਤੇ ਕਰਫ਼ਿਊ ਲੱਗਾ ਹੋਣ ਦੇ ਕਾਰਨ ਲੋਕ ਇਨ੍ਹਾਂ ਲੋਕ ਮਾਰੂ ਕਾਨੂੰਨਾਂ ਦਾ ਵਿਰੋਧ ਨਹੀਂ ਕਰ ਸਕੇ। ਲੰਘੇ ਸਾਲ ਸਤੰਬਰ ਮਹੀਨੇ ਵਿੱਚ ਜਦੋਂ ਖੇਤੀ ਕਾਨੂੰਨਾਂ ਦੇ ਵਿਰੁੱਧ ਕਿਸਾਨਾਂ ਨੇ ਅੰਦੋਲਨ ਨੂੰ ਤੇਜ਼ ਕੀਤਾ ਸੀ ਤਾਂ, ਉਸ ਵੇਲੇ ਕਿਸਾਨਾਂ ਨੇ ਕੋਰੋਨਾ ਵਾਇਰਸ ਨੂੰ ਇਸ ਤਰ੍ਹਾਂ ਪੈਰਾਂ ਹੇਠਾਂ ਮਧੋਲ ਦਿੱਤਾ ਸੀ, ਜਿਵੇਂ ਕੋਰੋਨਾ ਨਾ ਦਾ ਕੋਈ ਵਾਇਰਸ ਪੈਦਾ ਹੀ ਨਾ ਹੋਇਆ ਹੋਇਆ। ਸਾਡੇ ਦੇਸ਼ ਦੇ ਅੰਦਰ ਸਭ ਤੋਂ ਵੱਧ ਲੋਕ ਵੈਸੇ ਤਾਂ, ਭੁੱਖਮਰੀ ਅਤੇ ਬੇਰੁਜ਼ਗਾਰੀ ਤੋਂ ਇਲਾਵਾ ਕਰਜ਼ੇ ਤੋਂ ਤੰਗ ਆ ਕੇ ਮਰਦੇ ਹਨ। 

ਜਦੋਂਕਿ ਹਾਕਮ ਜਮਾਤ ਰੌਲਾ ਪਾ ਰਹੀ ਹੈ, ਕਿ ਲੋਕ ਕੋਰੋਨਾ ਦੇ ਨਾਲ ਜ਼ਿਆਦਾ ਮਰੇ। ਲੰਘੇ ਸਾਲ ਦੇ ਆਖ਼ਰ ਤੱਕ ਕਿਸਾਨਾਂ ਨੇ ਆਪਣਾ ਮੋਰਚਾ ਦਿੱਲੀ ਦੀਆਂ ਸਰਹੱਦਾਂ 'ਤੇ ਇਨ੍ਹਾਂ ਜ਼ਿਆਦਾ ਮਜ਼ਬੂਤ ਬਣਾ ਲਿਆ ਸੀ ਕਿ ਉਹਨੂੰ ਕੋਈ ਵੀ ਹਿਲਾ ਨਹੀਂ ਸੀ ਸਕਦਾ। ਪਰ ਹੁਕਮਰਾਨਾਂ ਨੇ ਚੱਲੀ ਕੋਝੀ ਚਾਲ ਤੋਂ ਕਿਸਾਨਾਂ ਦਾ ਮੋਰਚਾ 26 ਜਨਵਰੀ ਨੂੰ ਥੋੜ੍ਹਾ ਡਾਵਾਂਡੋਲ ਹੋ ਗਿਆ। ਕਿਸਾਨਾਂ ਨੇ ਫਿਰ ਵੀ ਕੋਸ਼ਿਸ਼ਾਂ ਕਰਕੇ ਆਪਣੇ ਮੋਰਚੇ ਨੂੰ ਬਚਾ ਲਿਆ।

ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਜਦੋਂ ਤੋਂ ਕਿਸਾਨਾਂ ਦਾ ਮੋਰਚਾ ਦਿੱਲੀ ਦੀਆਂ ਸਰਹੱਦਾਂ 'ਤੇ ਲੱਗਿਆ ਹੈ, ਉਦੋਂ ਤੋਂ ਇੱਕ ਵੀ ਕਿਸਾਨ ਕੋਰੋਨਾ ਵਾਇਰਸ ਦੇ ਨਾਲ ਨਹੀਂ ਮਰਿਆ, ਜਦੋਂਕਿ ਕਿਸਾਨ ਖ਼ੁਦਕੁਸ਼ੀਆਂ ਤੋਂ ਇਲਾਵਾ ਠੰਢ ਦੇ ਨਾਲ ਜ਼ਰੂਰ ਸ਼ਹੀਦ ਹੋਏ ਹਨ। ਕਿਸਾਨਾਂ ਦੇ ਮੋਰਚੇ ਨੂੰ ਖਦੇੜਨ ਦੇ ਵਾਸਤੇ ਹਾਕਮ ਧਿਰ ਦੇ ਵੱਲੋਂ ਨਵੀਂ ਚਾਲ ਚੱਲਦਿਆਂ ਹੋਇਆ ਹੁਣ ਫਿਰ ਤੋਂ ਕੋਰੋਨਾ ਦਾ ਬਹਾਨਾ ਬਣਾਇਆ ਜਾ ਰਿਹਾ ਹੈ। ਪਰ ਕਿਸਾਨ ਸਰਕਾਰ ਦੀ ਇਸ ਨਵੀਂ ਚਾਲ ਨੂੰ ਕਦੇ ਵੀ, ਕਿਸੇ ਵੀ ਕੀਮਤ 'ਤੇ ਕਾਮਯਾਬ ਨਹੀਂ ਹੋਣ ਦੇਣਗੇ। 

ਇੱਕ ਖ਼ਬਰ ਦੇ ਅਨੁਸਾਰ ਲੰਘੇ ਕੱਲ੍ਹ ਕੈਬਨਿਟ ਸਕੱਤਰ ਰਾਜੀਵ ਗੌਬਾ ਨੇ ਪੰਜਾਬ, ਤੇਲੰਗਾਨਾ, ਮਹਾਂਰਾਸ਼ਟਰ, ਛੱਤੀਸਗੜ੍ਹ, ਮੱਧ ਪ੍ਰਦੇਸ਼, ਗੁਜਰਾਤ, ਪੱਛਮੀ ਬੰਗਾਲ ਅਤੇ ਜੰਮੂ-ਕਸ਼ਮੀਰ ਦੇ ਮੁੱਖ ਸਕੱਤਰਾਂ ਨਾਲ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਸਬੰਧ ਵਿੱਚ ਸਮੀਖਿਆ ਕਰਨ ਲਈ ਇੱਕ ਉੱਚ ਪੱਧਰੀ ਬੈਠਕ ਕੀਤੀ ਅਤੇ ਕਿਹਾ ਕਿ, ਇਨ੍ਹਾਂ ਸੂਬਿਆਂ ਵਲੋਂ ਕੀਤੀ ਜਾ ਰਹੀ ਨਿਗਰਾਨੀ ਨੂੰ ਘੱਟ ਨਾ ਕਰਨ, ਕੋਵਿਡ-ਸਹੀ ਵਿਵਹਾਰ ਲਾਗੂ ਕਰਨ ਅਤੇ ਉਲੰਘਣਾ ਕਰਨ ਵਾਲਿਆਂ ਨਾਲ ਸਖਤੀ ਨਾਲ ਨਜਿੱਠਣ ਦੀ ਸਲਾਹ ਦਿੱਤੀ ਗਈ ਹੈ। 

ਵੈਸੇ, ਵੇਖਿਆ ਜਾਵੇ ਤਾਂ, ਜਦੋਂ ਬਿਹਾਰ ਦੇ ਅੰਦਰ ਚੋਣਾਂ ਹੁੰਦੀਆਂ ਹਨ ਤਾਂ, ਉਸ ਵੇਲੇ ਕੋਰੋਨਾ ਉੱਡ ਪੁੱਡ ਜਾਂਦਾ ਹੈ, ਜਦੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਫਿਰ ਹੋਰਨਾਂ ਲੀਡਰਾਂ ਦੀਆਂ  ਰੈਲੀਆਂ ਹੁੰਦੀਆਂ ਹਨ ਤਾਂ ਕੋਰੋਨਾ ਖੁੱਡ ਵਿੱਚ ਵੜ੍ਹ ਜਾਂਦਾ ਹੈ, ਪਰ ਅਫ਼ਸੋਸ ਜਦੋਂ ਅਵਾਮ ਹੱਕਾਂ ਦੇ ਲਈ ਸੜਕਾਂ 'ਤੇ ਉਤਰਦੀ ਹੈ ਅਤੇ ਆਪਣੇ ਹੱਕ ਮੰਗਦੀ ਹੈ ਤਾਂ, ਕੋਰੋਨਾ ਫਿਰ ਉੱਠ ਪੈਂਦਾ ਹੈ, ਅਜਿਹਾ ਕਿਉਂ? ਕਿਤੇ ਇਹ ਕੋਰੋਨਾ ਦਾ ਵਾਇਰਸ ਹਾਕਮ ਧਿਰ ਦੁਆਰਾ ਬਣਾਇਆ ਤਾਂ ਨਹੀਂ ਗਿਆ?