ਕੋਰੋਨਾ ਵਾਇਰਸ ਜਦੋਂ ਸਾਡੇ ਮੁਲਕ ਦੇ ਅੰਦਰ ਆਇਆ ਤਾਂ, ਉਸ ਵੇਲੇ ਅਸੀਂ ਸਾਰਿਆਂ ਨੇ ਹੀ ਵੇਖਿਆ ਕਿ ਕਿੰਨਾ ਲੋਕਾਂ ਦਾ ਵਿਕਾਸ ਹਾਕਮ ਧਿਰ ਦੇ ਵੱਲੋਂ ਕੀਤਾ ਗਿਆ ਅਤੇ ਕਿੰਨਾ ਨੂੰ ਜਿਉਂਦੇ ਮਰਨ ਲਈ ਮਜ਼ਬੂਰ ਕੀਤਾ ਗਿਆ। ਗ਼ਰੀਬ ਲੋਕ ਕੋਰੋਨਾ ਦੇ ਬੇਲੋੜੇ ਲਾਕਡਾਊਨ ਅਤੇ ਕਰਫ਼ਿਊ ਦੇ ਦੌਰਾਨ ਮਾਰੇ ਜਾਂਦੇ ਰਹੇ, ਪਰ ਹੁਕਮਰਾਨ ਸਿਰਫ਼ ਤੇ ਸਿਰਫ਼ ਕੋਰੋਨਾ ਦੇ ਨਾਲ ਮਰਨ ਵਾਲਿਆਂ ਦੇ ਹੀ ਅੰਕੜੇ ਜਾਰੀ ਕਰਨ ਦੇ ਵਿੱਚ ਵਿਅਸਤ ਰਹੇ।
ਕੋਰੋਨਾ ਵਾਇਰਸ, ਜਿਸ ਪ੍ਰਕਾਰ ਦੁਨੀਆ ਦੇ ਵਿੱਚ ਦਹਿਸ਼ਤ ਮਚਾ ਗਿਆ, ਉਸ ਤੋਂ ਕਿਤੇ ਵੱਧ ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਨੇ ਦਹਿਸ਼ਤ ਮਚਾਈ ਅਤੇ ਅਵਾਮ ਦੇ ਹੱਕਾਂ ਨੂੰ ਕੁਚਲ ਕੇ ਉਨ੍ਹਾਂ ਨੂੰ ਭੁੱਖੇ ਮਰਨ ਲਈ ਮਜ਼ਬੂਰ ਕਰ ਦਿੱਤਾ। ਸਬ ਕਾ ਸਾਥ, ਸਬ ਕਾ ਵਿਕਾਸ ਕਰਵਾਉਣ ਦਾ ਵਾਅਦਾ ਕਰਨ ਵਾਲਾ ਨਰਿੰਦਰ ਮੋਦੀ ਖ਼ੁਦ ਆਪਣੇ ਕਾਰਪੋਰੇਟ ਸਾਥੀਆਂ ਦਾ ਹੀ ਵਿਕਾਸ ਕਰਦਾ ਨਜ਼ਰੀ ਆਇਆ।
ਆਲੋਚਕ ਕਹਿੰਦੇ ਹਨ ਕਿ, ਹੁਣ ਵੀ ਸਰਕਾਰ ਦੁਆਰਾ ਸਿਰਫ਼ ਤੇ ਸਿਰਫ਼ ਕਾਰਪੋਰੇਟ ਘਰਾਣਿਆਂ ਦਾ ਹੀ ਵਿਕਾਸ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿੱਚ ਭਾਰਤ ਦੇ ਅੰਦਰ 3500 ਕਰੋੜ ਰੁਪਏ ਦੀ ਸਰਦਾਰ ਵੱਲਭ ਭਾਈ ਪਟੇਲ ਦੀ ਮੂਰਤੀ ਬਣਾ ਕੇ, ਵਿਕਾਸ ਦਾ ਨਾਅਰਾ ਮੋਦੀ ਸਰਕਾਰ ਲਗਾ ਰਹੀ ਹੈ, ਜਦੋਂਕਿ ਜੇਕਰ ਇਹੀ 3500 ਕਰੋੜ ਰੁਪਇਆ ਭਾਰਤ ਦੀ ਅਵਾਮ ਵਿੱਚ ਵੰਡਿਆਂ ਜਾਂਦਾ ਤਾਂ ਅੱਜ ਅਵਾਮ ਵੀ ਖ਼ੁਸ਼ ਹੁੰਦੀ ਅਤੇ ਮੋਦੀ ਦੇ ਗੁਣਗਾਣ ਕਰਦੀ ਹੁੰਦੀ।
ਕੋਰੋਨਾ ਵਾਇਰਸ ਦੀ ਦਹਿਸ਼ਤ ਵਿੱਚ ਗ਼ਰੀਬ ਤਾਂ ਹੋਰ ਗ਼ਰੀਬ ਹੋ ਹੀ ਗਏ, ਬਲਕਿ ਅਮੀਰਾਂ ਦੇ ਅੱਛੇ ਦਿਨ ਆ ਗਏ। ਗ਼ਰੀਬ ਰੋਟੀ ਨੂੰ ਤਰਸਦੇ ਰਹੇ, ਜਦੋਂਕਿ ਅਮੀਰ ਹੋਰ ਜ਼ਿਆਦਾ ਅਮੀਰ ਹੁੰਦੇ ਗਏ। ਭਾਰਤ ਦੇ ਦੋ ਚਾਰ ਵੱਡੇ ਕਾਰਪੋਰੇਟ ਘਰਾਣੇ ਕੋਰੋਨਾ ਵਾਇਰਸ ਦੌਰਾਨ ਲਗਾਈ ਗਈ ਬੇਲੋੜੀ ਤਾਲਾਬੰਦੀ ਅਤੇ ਕਰਫ਼ਿਊ ਦੇ ਦੌਰਾਨ 40 ਫ਼ੀਸਦ ਤੋਂ ਵੱਧ ਅਮੀਰ ਹੋ ਗਏ, ਜਦੋਂਕਿ ਇੱਕ ਅੰਦਾਜ਼ੇ ਦੇ ਮੁਤਾਬਿਕ, ਭਾਰਤ ਵਿਚਲੇ 80 ਪ੍ਰਤੀਸ਼ਤ ਲੋਕ ਗ਼ਰੀਬੀ ਰੇਖਾਂ ਤੋਂ ਥੱਲੇ ਆ ਗਏ।