ਸਰਕਾਰ ਕਿਉਂ ਕਰ ਰਹੀ ਐ ਰਾਮਦੇਵ ਦੀ 'ਕੋਰੋਨਿਲ' ਦੀ ਹਮਾਇਤ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Feb 26 2021 14:01
Reading time: 1 min, 53 secs

ਕੋਰੋਨਾ ਦੀ ਆੜ ਵਿੱਚ ਮੋਦੀ ਸਰਕਾਰ ਨੇ ਲੋਕ ਮਾਰੂ ਅਣਗਿਣਤ ਕਾਨੂੰਨ ਪਾਸ ਕੀਤੇ। ਇਨ੍ਹਾਂ ਕਾਨੂੰਨਾਂ ਦਾ ਹੁਣ ਤੱਕ ਦੱਬ ਕੇ ਵਿਰੋਧ ਹੋ ਰਿਹੈ। ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਲੋਕ ਮਾਰੂ ਕਾਨੂੰਨਾਂ ਦੇ ਵਿਰੁੱਧ ਚੱਲਦੇ ਸੰਘਰਸ਼ ਦੇ ਵੱਲ ਧਿਆਨ ਨਾ ਦੇ ਕੇ, ਹਾਕਮ ਜਮਾਤ ਇਸ ਵੇਲੇ ਕੋਰੋਨਾ ਦੀ ਦਵਾਈ ਵਰਤਾਉਣ ਦੇ ਵਿੱਚ ਮਸਤ ਹੋਈ ਬੈਠੀ ਹੈ। ਕਿਸਾਨਾਂ ਦੇ ਅੰਦੋਲਨ ਨੇ ਕੋਰੋਨੇ ਦਾ ਭੋਗ ਪਾ ਦਿੱਤਾ, ਪਰ ਇਸ ਵੇਲੇ ਰਾਮਦੇਵ ਆਪਣੀ ਪਤੰਜਲੀ ਹੱਟੀ ਨੂੰ ਅਗਾਂਹ ਤੋਰਨ ਲਈ, ਨਵਾਂ ਡਰਾਮਾ ਛੇੜ ਕੇ ਬਹਿ ਗਿਆ ਹੈ। 

ਭਾਰਤ ਵਿੱਚ ਵਧਦੀ ਗ਼ਰੀਬੀ ਨੂੰ ਖ਼ਤਮ ਕਰਨ ਦੇ ਲਈ ਹਾਕਮ ਧਿਰ ਕੋਈ ਕੋਸ਼ਿਸ਼ਾਂ ਤਾਂ ਨਹੀਂ ਕਰ ਰਹੀ, ਪਰ ਗ਼ਰੀਬਾਂ ਨੂੰ ਮਾਰਨ ਦੇ ਲਈ ਨਵੀਆਂ ਨਵੀਆਂ ਸਕੀਮਾਂ ਤੋਰ ਰਹੀ ਹੈ। ਗ਼ਰੀਬ ਬੰਦੇ ਨੂੰ ਰੋਟੀ ਦੀ ਲੋੜ ਹੈ। ਗ਼ਰੀਬ ਨੂੰ ਕੱਪੜਾ ਚਾਹੀਦਾ ਹੈ, ਗ਼ਰੀਬਾਂ ਨੂੰ ਮਕਾਨ ਚਾਹੀਦਾ, ਪਰ ਹਕੂਮਤ ਉਹਨੂੰ ਇਹ ਸਭ ਕੁੱਝ ਦੇਣ ਦੀ ਬਿਜਾਏ, ਕੋਰੋਨਾ ਵੈਕਸੀਨ ਵਰਤਾਉਣ ਦੇ ਵਿੱਚ ਜ਼ੋਰ ਦੇ ਰਹੀ ਹੈ। ਕੋਰੋਨਾ ਦੀ ਦਵਾਈ ਪਿਛਲੇ ਦਿਨੀਂ ਰਾਮਦੇਵ ਨੇ ਲਾਂਚ ਕਰ ਦਿੱਤੀ। 

ਪਹਿਲੀ ਦਵਾਈ ਜੋ ਕੋਰੋਨਿਲ ਰਾਮਦੇਵ ਨੇ ਲਾਂਚ ਕੀਤੀ ਸੀ, ਉਹਦਾ ਬਾਹਲਾ ਸਿਆਪਾ ਪਿਆ ਸੀ। ਰਾਮਦੇਵ ਵਿਵਾਦਾਂ ਦੇ ਵਿੱਚ ਆਇਆ ਸੀ। ਰਾਮਦੇਵ ਦੀ ਦਵਾਈ ਦੀ ਮਸ਼ਹੂਰੀ ਜਾਂ ਫਿਰ ਖ਼ਬਰ ਬਹੁਤੇ ਚੈਨਲਾਂ ਨੇ ਵਿਖਾਉਣੀ ਬੰਦ ਕਰ ਦਿੱਤੀ ਸੀ, ਜਦੋਂਕਿ ਗੋਦੀ ਮੀਡੀਆ ਨੇ ਰਾਮਦੇਵ ਦੀ ਫੁੱਲ ਇਸ਼ਤਿਆਰਬਾਜ਼ੀ ਚਲਾਈ ਸੀ। ਇੱਕਾ ਦੁੱਕਾ ਚੈਨਲਾਂ ਨੂੰ ਛੱਡ ਕੇ, ਬਾਕੀ ਸਾਰੇ ਚੈਨਲ ਵਿਕਾਉ ਤਾਂ ਹੋ ਹੀ ਚੁੱਕੇ ਹਨ, ਨਾਲ ਹੀ ਚਾਟੂਕਾਰ ਪੱਤਰਕਾਰ ਇਸ ਵੇਲੇ ਰਾਮਦੇਵ ਵਰਗੇ ਠੱਗਾਂ ਅਤੇ ਲੁਟੇਰਿਆਂ ਦੀਆਂ ਡਿਬੇਟਾਂ ਵਿਖਾਉਣ ਦੇ ਵਿੱਚ ਲੱਗੇ ਹੋਏ ਹਨ। 

ਜਿਹੜਾ ਕਿ ਯੋਗ ਗੁਰੂ ਤੋਂ ਇਸ ਵੇਲੇ ਵਪਾਰ ਗੁਰੂ ਬਣ ਚੁੱਕਿਆ ਹੈ। ਦੱਸਣਾ ਬਣਦਾ ਹੈ, ਕਿ ਲੰਘੇ ਸਾਲ ਰਾਮਦੇਵ ਦੀ ਪਤੰਜਲੀ ਹੱਟੀ ਨੇ 'ਕੋਰੋਨਿਲ' ਨੂੰ ਕੋਵਿਡ-19 ਦੀ ਦਵਾਈ ਦੇ ਰੂਪ ਵਿੱਚ ਲਾਂਚ ਕੀਤਾ ਸੀ, ਜੋ ਕਿ ਵਿਵਾਦਾਂ ਦੇ ਵਿੱਚ ਰਹੀ ਸੀ। ਹੁਣ ਇੱਕ ਵਾਰ ਮੁੜ ਤੋਂ ਪਤੰਜਲੀ ਯੋਗੀਪਿੱਠ ਦੇ ਬਾਬਾ ਰਾਮਦੇਵ ਨੇ 'ਕੋਰੋਨਿਲ' ਨੂੰ ਕੋਵਿਡ-19 ਦੀ ਦਵਾਈ ਦੇ ਰੂਪ ਵਿੱਚ ਲਾਂਚ ਕੀਤਾ ਹੈ। 

ਹੈਰਾਨੀ ਇਸ ਗੱਲ ਦੀ ਹੈ ਕਿ ਸਰਕਾਰ ਦਾ ਕੰਮ ਹੁੰਦੈ ਕਿ ਸਰਕਾਰੀ ਦਵਾਈਆਂ ਨੂੰ ਲਾਂਚ ਕਰਨਾ, ਨਾ ਕਿ ਕਿਸੇ ਪ੍ਰਾਈਵੇਟ ਕੰਪਨੀ ਦੀ ਦਵਾਈ ਨੂੰ ਲਾਂਚ ਕਰਨਾ। ਇਸ ਵੇਲੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਰਾਮਦੇਵ ਦੀ ਕੋਰੋਨਿਲ 'ਤੇ ਸਵਾਲ ਖੜ੍ਹੇ ਕੀਤੇ ਹਨ ਅਤੇ ਸਰਕਾਰ ਨੂੰ ਵੀ ਘੇਰਿਆ ਹੈ, ਪਰ ਹੁਣ ਤੱਕ ਸਰਕਾਰ ਦੁਆਰਾ ਜਾਂ ਫਿਰ ਰਾਮਦੇਵ ਦੁਆਰਾ ਕੋਈ ਵੀ ਸਪੱਸ਼ਟੀਕਰਨ ਆਈਐਮਐਸ ਨੂੰ ਨਹੀਂ ਦਿੱਤਾ ਗਿਆ। ਇਸ ਤੋਂ ਇੱਕ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਰਾਮਦੇਵ ਦੀ 'ਕੋਰੋਨਿਲ' ਦੀ ਹਮਾਇਤ ਸਰਕਾਰ ਕਰ ਰਹੀ ਹੈ।