ਜਿਉਂਦੇ ਬੰਦੇ ਦੇ ਨਾਂਅ 'ਤੇ ਰੱਖ'ਤਾ ਕ੍ਰਿਕਟ ਸਟੇਡੀਅਮ ਦਾ ਨਾਂਅ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Feb 25 2021 16:35
Reading time: 1 min, 57 secs

ਕੱਲ੍ਹ ਅਹਿਮਦਾਬਾਦ ਵਿੱਚ ਵਿਸ਼ਵ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਦਾ ਉਦਘਾਟਨ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਤੋਂ ਇਲਾਵਾ ਗ੍ਰਹਿ ਮੰਤਰੀ ਅਮਿਤ ਸ਼ਾਹ ਦੁਆਰਾ ਕੀਤਾ ਗਿਆ। ਬੇਸ਼ੱਕ ਹੋਰਨਾਂ ਸਟੇਡੀਅਮ ਦੀ ਤਰ੍ਹਾਂ ਕੱਲ੍ਹ ਅਹਿਮਦਾਬਾਦ ਵਿੱਚ ਵਿਸ਼ਵ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਦਾ ਉਦਘਾਟਨ ਹੋਇਆ, ਪਰ ਉਦਘਾਟਨ ਤੋਂ ਕੁੱਝ ਸਮੇਂ ਮਗਰੋਂ ਹੀ ਇਹ ਕ੍ਰਿਕਟ ਸਟੇਡੀਅਮ ਅਜਿਹੇ ਵਿਵਾਦ ਵਿੱਚ ਘਿਰ ਗਿਆ ਕਿ, ਦੁਨੀਆ ਦੇ ਕਈ ਬੁੱਧੀਜੀਵੀਆਂ ਤੋਂ ਇਲਾਵਾ ਭਾਰਤ ਵਿਚਲੀਆਂ ਵਿਰੋਧੀ ਧਿਰਾਂ ਨੇ ਵੱਖੋ ਵੱਖਰੇ ਸਵਾਲ ਖੜੇ ਕਰ ਦਿੱਤੇ। 

ਦਰਅਸਲ, ਹੋਇਆ ਇੰਝ ਕਿ, ਅਹਿਮਦਾਬਾਦ ਵਿੱਚ ਵਿਸ਼ਵ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਦਾ ਨਾਂਅ ਪਹਿਲੋਂ ਸਰਦਾਰ ਪਟੇਲ ਸੀ, ਪਰ ਇਸ ਸਟੇਡੀਅਮ ਦਾ ਨਾਂਅ ਲੰਘੇ ਕੱਲ੍ਹ ਬਦਲ ਕੇ, ਨਰਿੰਦਰ ਮੋਦੀ ਸਟੇਡੀਅਮ ਰੱਖ ਦਿੱਤਾ ਗਿਆ। ਜਿਸ ਤੋਂ ਬਾਅਦ ਇਹ ਵਿਵਾਦ ਖੜ੍ਹਾ ਹੋ ਗਿਆ ਕਿ ਮੋਦੀ ਨੇ ਅਜਿਹਾ ਕਿਹੜਾ ਓਹ ਮਹਾਨ ਕਾਰਜ ਜਾਂ ਫਿਰ ਮਹਾਨ ਗੇਮ ਖੇਡੀ ਹੈ, ਕਿ ਉਹਦੇ ਨਾਂਅ 'ਤੇ ਸਟੇਡੀਅਮ ਵੀ ਬਣਨ ਲੱਗ ਪਏ ਹਨ। 

ਇੱਕ ਬੁੱਧੀਜੀਵੀ ਨੇ ਆਖਿਆ ਕਿ, ਜਿਉਂਦੇ ਬੰਦਿਆਂ ਦੇ ਨਾਂਅ 'ਤੇ ਕਦੇ ਕੋਈ ਸਟੇਡੀਅਮ, ਸੜਕ ਜਾਂ ਫਿਰ ਵਿਦਿਆਲੇ ਦਾ ਨਾਂਅ ਨਹੀਂ ਰੱਖਣਾ ਚਾਹੀਦਾ। ਨਰਿੰਦਰ ਮੋਦੀ ਜਿਉਂਦੇ ਹਨ ਅਤੇ ਉਹ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਹਨ, ਇਸ ਲਈ ਅਜਿਹਾ ਬਿਲਕੁਲ ਨਹੀਂ ਹੋਣਾ ਚਾਹੀਦਾ ਕਿ, ਉਨ੍ਹਾਂ ਦੇ ਜਿਉਂਦੇ ਜੀਅ ਹੀ, ਉਨ੍ਹਾਂ ਦੇ ਨਾਂਅ 'ਤੇ ਸਟੇਡੀਅਮ ਉਸਾਰਿਆ ਜਾਵੇ। ਬੁੱਧੀਜੀਵੀ ਆਪਣੀ ਪੋਸਟ ਦੇ ਵਿੱਚ ਇਹ ਵੀ ਲਿਖਦੇ ਹਨ ਕਿ, ਪਟੇਲ ਤੋਂ ਨਰਿੰਦਰ ਮੋਦੀ ਸਟੇਡੀਅਮ ਦਾ ਨਾਂਅ ਬਦਲ ਦੇਣਾ ਹੀ, ਦੁਖਦਾਈ ਨਹੀਂ, ਬਲਕਿ ਬਹੁਤ ਗ਼ਲਤ ਸੰਦੇਸ਼ ਵੀ ਹੈ। 

ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਦੀ ਮੰਨੀਏ ਤਾਂ, ਉਹ ਹਮੇਸ਼ਾ ਹੀ ਭਾਜਪਾ ਨੂੰ ਨਿਸ਼ਾਨੇ 'ਤੇ ਲੈਂਦੇ ਰਹਿੰਦੇ ਹਨ ਅਤੇ ਇਸ ਵਾਰ ਉਨ੍ਹਾਂ ਨੇ ਫਿਰ ਤੋਂ ਅਹਿਮਦਾਬਾਦ ਵਿੱਚ ਵਿਸ਼ਵ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਦਾ ਨਾਂਅ ਪਹਿਲਾਂ ਸਰਦਾਰ ਪਟੇਲ ਸਟੇਡੀਅਮ ਸੀ, ਜਿਸ ਨੂੰ ਬਦਲ ਕੇ ਹੁਣ 'ਨਰਿੰਦਰ ਮੋਦੀ ਸਟੇਡੀਅਮ' ਦਾ ਨਾਂ ਦਿੱਤਾ ਗਿਆ, ਉਸ 'ਤੇ ਟਿੱਪਣੀ ਕਰਦਿਆਂ ਹੋਇਆ, ਦੋ ਸ਼ਬਦ ਇਹ ਲਿਖੇ ਹਨ ਕਿ 'ਹਮ ਦੋ ਹਮਾਰੇ ਦੋ'। 
ਰਾਹੁਲ ਗਾਂਧੀ ਨੇ ਟਵੀਟ ਕੀਤਾ, ਸਟੇਡੀਅਮ ਦੀ 'ਖੂਬਸੂਰਤ, ਕਿਵੇਂ ਸੱਚ ਖੁਦ ਬਖੁਦ ਬਾਹਰ ਆਉਂਦਾ ਹੈ। ਨਰਿੰਦਰ ਮੋਦੀ ਸਟੇਡੀਅਮ-ਅਡਾਨੀ ਐਂਡ-ਰਿਲਾਇੰਸ ਐਂਡ, ਉੱਤੋਂ ਜੇਅ ਸ਼ਾਹ ਦੀ ਪ੍ਰਧਾਨਗੀ।' 

ਰਾਹੁਲ ਗਾਂਧੀ ਕਹਿੰਦੇ ਹਨ ਕਿ ਪਹਿਲੋਂ ਪਹਿਲੋਂ ਤਾਂ ਇਹ ਗੱਲਾਂ ਹੀ ਹੁੰਦੀਆਂ ਸਨ ਕਿ, 'ਹਮ ਦੋ ਹਮਾਰੇ ਦੋ' ਹਨ, ਪਰ ਹੁਣ ਤਾਂ ਇਹ ਸੱਚ ਵੀ ਸਾਹਮਣੇ ਆ ਚੁੱਕਿਆ ਹੈ। ਉਨ੍ਹਾਂ ਵਿਅੰਗਮਈ ਤਰੀਕੇ ਦੇ ਨਾਲ ਗੱਲ ਕਹਿੰਦਿਆਂ ਆਖਿਆ ਕਿ, ਕ੍ਰਿਕਟ ਸਟੇਡੀਅਮ ਨੂੰ ਪਹਿਲੋਂ ਤਾਂ 'ਨਰਿੰਦਰ ਮੋਦੀ ਸਟੇਡੀਅਮ' ਦਾ ਨਾਂਅ ਦਿੱਤਾ ਗਿਆ ਹੈ ਅਤੇ ਉਸ ਤੋਂ ਬਾਅਦ ਸਟੇਡੀਅਮ ਦੇ ਬਾਹਰੋਂ ਅਤੇ ਅੰਦਰੋਂ ਕਾਰਪੋਰੇਟ ਘਰਾਣੇ (ਅੰਬਾਨੀ ਤੇ ਅੰਡਾਨੀ) ਤੋਂ ਇਲਾਵਾ ਕ੍ਰਿਕਟ ਪ੍ਰਸਾਸ਼ਨ ਦੇ ਢੌਂਗ ਨਾਲ ਢੱਕ ਦਿੱਤਾ ਗਿਆ ਹੈ।