ਜਦੋਂ ਗੋਰਿਆਂ ਨੇ ਭਾਰਤ 'ਤੇ ਕਬਜ਼ਾ ਕਰ ਲਿਆ ਸੀ ਤਾਂ, ਉਸ ਵੇਲੇ ਕਿਸੇ ਨੂੰ ਨਹੀਂ ਸੀ ਪਤਾ ਕਿ, ਸਾਡੇ ਭਾਰਤ ਦੇ ਨਾਲ ਕੀ ਕੁੱਝ ਹੋਣ ਵਾਲਾ ਹੈ। ਗੋਰਿਆਂ ਨੇ ਈਸਟ ਇੰਡੀਆ ਕੰਪਨੀ ਵਰਗੀਆਂ ਜਦੋਂ ਅਣਗਿਣਤ ਕੰਪਨੀਆਂ ਭਾਰਤ ਦੇ ਅੰਦਰ ਸਥਾਪਤ ਕੀਤੀਆਂ ਸਨ ਤਾਂ, ਕਿਸੇ ਨੂੰ ਇਹ ਵੀ ਥੌਹ ਪਤਾ ਨਹੀਂ ਸੀ ਕਿ, ਗੋਰੇ ਸਾਡੇ ਮੁਲਕ 'ਤੇ 200 ਸਾਲ ਤੱਕ ਰਾਜ ਕਰ ਜਾਣਦੇ। ਇਤਿਹਾਸਕਾਰ ਦੱਸਦੇ ਹਨ ਕਿ ਗੋਰੇ ਗੁਜਰਾਤ ਦੇ ਰਸਤਿਉਂ ਭਾਰਤ ਦੇ ਅੰਦਰ ਦਾਖ਼ਲ ਹੋਏ ਸਨ ਅਤੇ ਉਨ੍ਹਾਂ ਨੇ ਪੂਰੇ ਭਾਰਤ 'ਤੇ ਰਾਜ ਕਰਿਆ ਸੀ।
ਭਾਰਤ ਦਾ ਪੰਜਾਬ ਹੀ ਇੱਕ ਐਸਾ ਸੂਬਾ ਸੀ, ਜਿੱਥੇ ਸਭ ਤੋਂ ਵੱਧ ਗੋਰਿਆਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਗੋਰਿਆਂ ਨੇ ਜਿਸ ਪ੍ਰਕਾਰ ਦੇਸ਼ ਦੀ ਲੁੱਟ ਕੀਤੀ ਅਤੇ ਦੇਸ਼ ਦੇ ਅੰਦਰ ਆਪਣਾ ਦਾਬਾ ਜਾਰੀ ਰੱਖਿਆ, ਉਹਦੇ ਤੋਂ ਇੱਕ ਗੱਲ ਸਪੱਸ਼ਟ ਸੀ, ਕਿ ਗੋਰੇ ਮੁਲਕ ਦੇ ਲੋਕਾਂ ਨੂੰ ਕੁੱਟਣ ਮਾਰਨ ਤੋਂ ਇਲਾਵਾ ਭਾਰਤ ਛੱਡ ਕੇ ਜਾਣ ਵੇਲੇ ਅਜਿਹਾ ਤਾਨਾਸ਼ਾਹੀ ਰਾਜ ਸਥਾਪਿਤ ਕਰਕੇ ਜਾਣਗੇ, ਜਿਸ ਨਾਲ ਭਾਰਤੀਆਂ ਦੀ ਲੁੱਟ ਦਿਨ ਰਾਤ ਹੋਵੇਗਾ।
ਵੈਸੇ, ਭਾਰਤ 'ਤੇ ਹੁਣ ਤੱਕ ਜਿੰਨੀਆਂ ਵੀ ਸਰਕਾਰਾਂ ਨੇ ਗੋਰਿਆਂ ਦੇ ਮਗਰੋਂ ਰਾਜ ਕੀਤਾ ਹੈ, ਹਰ ਸਰਕਾਰ ਨੇ ਹੀ ਦੇਸ਼ ਵਾਸੀਆਂ ਦੀ ਲੁੱਟ ਕੀਤੀ ਹੈ। ਭਾਰਤ ਦੇ ਅੰਦਰ ਗੋਰੇ ਤਾਂ ਵੈਸੇ, ਕਈ ਕੰਪਨੀਆਂ, ਵਿਭਾਗ ਅਤੇ ਸੜਕਾਂ ਤੋਂ ਇਲਾਵਾ ਰੇਲਵੇ ਸਟੇਸ਼ਨ ਅਤੇ ਏਅਰਪੋਰਟ ਖੜ੍ਹੇ ਕਰਕੇ ਗਏ ਸਨ।
ਪਰ ਸਮੇਂ ਸਮੇਂ 'ਤੇ ਆਈਆਂ ਸਰਕਾਰਾਂ ਨੇ ਉਨ੍ਹਾਂ ਦਾ ਵਿਕਾਸ ਕਰਨ ਦੀ ਬਿਜਾਏ, ਭੋਗ ਪਾਉਣ ਦਾ ਹੀ ਕੰਮ ਕੀਤਾ ਹੈ। ਇੱਕ ਰਿਪੋਰਟ ਦੇ ਅਨੁਸਾਰ 2004 ਤੋਂ ਲੈ ਕੇ 2014 ਤੱਕ 10 ਸਾਲ ਲਗਾਤਾਰ ਕਾਂਗਰਸ ਨੇ ਭਾਰਤ 'ਤੇ ਰਾਜ ਕਰਿਆ ਅਤੇ ਕਾਂਗਰਸ ਦੇ ਰਾਜ ਵੇਲੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਸਨ।
ਰਿਪੋਰਟ ਕਹਿੰਦੀ ਹੈ, ਕਿ ਡਾਕਟਰ ਮਨਮੋਹਨ ਸਿੰਘ ਦੇ ਰਾਜ ਵਿੱਚ ਭਾਰਤ ਦੇ ਅੰਦਰੋਂ 3 ਸਰਕਾਰੀ ਕੰਪਨੀਆਂ ਦਾ ਹੀ ਨਿੱਜੀਕਰਨ ਹੋਣ ਦਿੱਤਾ, ਜਦੋਂਕਿ ਦਰਜਨ ਤੋਂ ਵੱਧ ਸਰਕਾਰੀ ਕੰਪਨੀਆਂ ਦਾ ਗਠਨ ਕੀਤਾ। ਰਿਪੋਰਟ ਦੇ ਵਿੱਚ ਇਹ ਵੀ ਦਾਅਵਾ ਕੀਤਾ ਗਿਆ, ਕਿ ਮੋਦੀ ਸਰਕਾਰ ਨੇ 2014 ਤੋਂ ਲੈ ਕੇ 2020 ਤੱਕ 50 ਤੋਂ ਵੱਧ ਸਰਕਾਰੀ ਕੰਪਨੀਆਂ ਅਤੇ ਵਿਭਾਗਾਂ ਦਾ ਨਿੱਜੀਕਰਨ ਕੀਤਾ ਹੈ, ਜਦੋਂਕਿ ਇੱਕ ਵੀ ਸਰਕਾਰੀ ਕੰਪਨੀ ਜਾਂ ਫਿਰ ਵਿਭਾਗ ਸਰਕਾਰ ਨੇ ਖੜ੍ਹਾ ਨਹੀਂ ਕੀਤਾ।
ਹੈਰਾਨੀ ਇਸ ਗੱਲ ਦੀ ਵੀ ਹੈ, ਕਿ ਹੁਣ ਬੈਂਕਾਂ ਨੂੰ ਵੀ ਸਰਕਾਰ ਨਿੱਜੀ ਹੱਥਾਂ ਦੇ ਵਿੱਚ ਦੇਣ ਦੀ ਤਿਆਰੀ ਵਿੱਚ ਰੁੱਝੀ ਹੋਈ ਹੈ ਅਤੇ ਸਰਕਾਰ ਨੇ 2021-22 ਦੇ ਬਜਟ ਵਿੱਚ ਚਾਰ ਸਰਕਾਰੀ ਬੈਂਕਾਂ ਦਾ ਨਿੱਜੀਕਰਨ ਕਰਨ ਦਾ ਫ਼ੈਸਲਾ ਕੀਤਾ ਹੈ। ਜਿਸ ਪ੍ਰਕਾਰ ਸਰਕਾਰੀ ਵਿਭਾਗਾਂ ਅਤੇ ਸਰਕਾਰੀ ਕੰਪਨੀਆਂ ਦਾ ਸਰਕਾਰ ਨਿੱਜੀਕਰਨ ਕਰਨ 'ਤੇ ਜ਼ੋਰ ਦੇ ਰਹੀ ਹੈ, ਇਸ ਤੋਂ ਇੰਝ ਲੱਗ ਰਿਹਾ ਹੈ ਕਿ ਭਾਰਤ 'ਤੇ ਫਿਰ ਗੋਰੇ ਰਾਜ ਕਰਨ ਲਈ ਆ ਜਾਣਗੇ।