ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਇਸ ਵੇਲੇ ਅਵਾਮ ਅੱਜ ਸੜਕਾਂ 'ਤੇ ਹੈ। ਮੋਦੀ ਸਰਕਾਰ ਪਹਿਲੋਂ ਜਿੱਥੇ ਖੇਤੀ ਕਾਨੂੰਨਾਂ ਵਿੱਚ ਸੋਧ ਕਰਨ ਲਈ ਤਿਆਰ ਹੋਈ ਸੀ, ਉੱਥੇ ਹੀ ਜਨਵਰੀ ਦੇ ਆਖ਼ਰੀ ਹਫ਼ਤੇ ਕਿਸਾਨਾਂ ਦੇ ਨਾਲ ਸਰਕਾਰ ਦੁਆਰਾ ਕੀਤੀ ਗਈ ਮੀਟਿੰਗਾਂ ਦੇ ਵਿੱਚ ਸਰਕਾਰ ਤਰਫ਼ੋ ਆਏ ਮੰਤਰੀਆਂ ਨੇ ਕਿਸਾਨਾਂ ਨੂੰ ਕਿਹਾ ਕਿ, ਉਹ (ਸਰਕਾਰ) ਸਾਲ ਡੇਢ ਜਾਂ ਫਿਰ ਤਿੰਨ ਸਾਲ ਤੱਕ ਖੇਤੀ ਕਾਨੂੰਨਾਂ 'ਤੇ ਰੋਕ ਲਗਾ ਸਕਦੀ ਹੈ। ਕਿਸਾਨਾਂ ਨੇ ਜਿੱਥੇ ਸਰਕਾਰ ਦੇ ਇਸ ਪ੍ਰਸਤਾਵ ਨੂੰ ਠੁਕਰਾ ਦਿੱਤੇ ਹਨ।
ਉੱਥੇ ਹੀ ਕਿਸਾਨਾਂ ਨੇ ਮੋਰਚੇ ਨੂੰ ਹੋਰ ਤਿੱਖਾ ਕਰਨ ਦਾ ਐਲਾਨ ਕਰ ਦਿੱਤਾ ਹੋਇਆ ਹੈ। ਬੇਸ਼ੱਕ ਮੋਦੀ ਸਰਕਾਰ ਦੇ ਪ੍ਰਸਤਾਵ ਨੂੰ ਕਿਸਾਨਾਂ ਨੇ ਠੁਕਰਾ ਮਾਰਿਆ ਹੈ। ਕਿਸਾਨਾਂ ਦੀ ਇੱਕੋ ਹੀ ਮੰਗ ਹੈ ਕਿ ਖੇਤੀ ਕਾਨੂੰਨਾਂ ਨੂੰ ਸਰਕਾਰ ਰੱਦ ਕਰੇ ਅਤੇ ਸਾਰੀਆਂ ਫ਼ਸਲਾਂ 'ਤੇ ਘੱਟੋ ਘੱਟ ਸਮਰਥਨ ਮੁੱਲ ਸਬੰਧੀ ਗਰੰਟੀ ਕਾਨੂੰਨ ਬਣਾਇਆ ਜਾਵੇ। ਕਿਸਾਨਾਂ ਦੇ ਮੋਰਚੇ ਵਿੱਚ ਸ਼ੁਰੂ ਤੋਂ ਹੀ ਸ਼ਹੀਦਾਂ ਦੇ ਪਰਿਵਾਰ ਜੁੜੇ ਹੋਏ ਹਨ।
ਆਜ਼ਾਦੀ ਘੁਲਾਟੀਆਂ ਨੇ ਕਿਸਾਨਾਂ ਦੇ ਮੋਰਚੇ ਵਿੱਚ ਸ਼ਾਮਲ ਹੋ ਕੇ, ਕਿਸਾਨਾਂ ਦੇ ਮੋਰਚੇ ਨੂੰ ਜੋ ਰੰਗ ਦਿੱਤਾ ਹੈ, ਉਹਨੇ ਸਭਨਾਂ ਦੇ ਮਨਾਂ ਅੰਦਰ ਜੋਸ਼ ਭਰ ਦਿੱਤਾ ਹੋਇਆ ਹੈ। ਦੱਸ ਦਈਏ ਕਿ ਲੰਘੇ ਕੱਲ੍ਹ ਪੱਗੜੀ ਸੰਭਾਲ ਦਿਵਸ ਮੌਕੇ ਸ਼ਹੀਦ ਭਗਤ ਸਿੰਘ ਦੇ ਚਾਚਾ ਸ਼ਹੀਦ ਅਜੀਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ। ਪੰਗੜੀ ਸੰਭਾਲ ਜੱਟਾ ਅੰਦੋਲਨ ਦੀ ਅਗਵਾਈ ਅਜੀਤ ਸਿੰਘ ਹੁਰਾਂ ਨੇ ਕੀਤੀ ਸੀ। ਸ਼ਹੀਦ ਅਜੀਤ ਸਿੰਘ ਨੇ ਜਿੱਥੇ ਕਿਸਾਨੀ ਬਚਾਉਣ ਵਾਸਤੇ ਬ੍ਰਿਟਿਸ਼ ਹਕੂਮਤ ਦੇ ਵਿਰੁੱਧ ਲੰਮਾ ਸੰਘਰਸ਼ ਲੜਿਆ ਸੀ।
ਉੱਥੇ ਹੀ, ਇਸ ਵੇਲੇ ਕਿਸਾਨੀ ਸੰਘਰਸ਼ ਦੇ ਅੰਦਰ ਗਾਏ ਜਾ ਰਹੇ ਗੀਤਾਂ ਦੇ ਵਿੱਚ ਅਜੀਤ ਸਿੰਘ ਤੋਂ ਇਲਾਵਾ ਉਨ੍ਹਾਂ ਦੇ ਭਤੀਜੇ ਭਗਤ ਸਿੰਘ ਦਾ ਵਿਸ਼ੇਸ਼ ਜ਼ਿਕਰ ਹੋ ਰਿਹਾ ਹੈ। ਕੱਲ੍ਹ ਸਿੰਘੂ ਅਤੇ ਟਿਕਰੀ ਬਾਰਡਰ 'ਤੇ ਪਗੜੀ ਸੰਭਾਲ ਦਿਵਸ ਮਨਾਉਣ ਵਾਸਤੇ ਸ਼ਹੀਦ ਭਗਤ ਸਿੰਘ ਦੇ ਪਰਿਵਾਰ ਵਿੱਚੋਂ ਅਭੈ ਸਿੰਘ ਸੰਧੂ, ਤੇਜੀ ਸੰਧੂ, ਅਨੁਪ੍ਰਿਆ ਸੰਧੂ ਅਤੇ ਗੁਰਜੀਤ ਕੌਰ ਪਹੁੰਚੇ। ਜਿਨ੍ਹਾਂ ਨੇ ਮੋਦੀ ਸਰਕਾਰ ਨੂੰ ਲਲਕਾਰਦਿਆਂ ਹੋਇਆ ਕਿਹਾ ਕਿ, ਜਾਂ ਤਾਂ ਮੋਦੀ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਕਰ ਦੇਵੇ ਜਾਂ ਫਿਰ ਤਖ਼ਤ ਤੋਂ ਥੱਲੇ ਲਹਿ ਜਾਵੇ।
ਕਿਉਂਕਿ, ਕਿਸਾਨਾਂ ਅਤੇ ਅਵਾਮ ਨੂੰ ਅਜਿਹੀ ਸਰਕਾਰ ਦੀ ਲੋੜ ਨਹੀਂ, ਜਦੋਂ ਉਨ੍ਹਾਂ ਨੂੰ ਖ਼ਤਮ ਕਰਨ ਦਾ ਬੀੜਾ ਚੁੱਕੀ ਬੈਠੀ ਹੋਵੇ। ਇੱਕ ਖ਼ਬਰ ਦੇ ਅਨੁਸਾਰ, ਸ਼ਹੀਦ ਭਗਤ ਸਿੰਘ ਦੇ ਪਰਿਵਾਰ ਵਿੱਚੋਂ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਏ ਅਭੈ ਸਿੰਘ ਸੰਧੂ ਨੇ ਮੋਦੀ ਸਰਕਾਰ ਨੂੰ ਅਲਟੀਮੇਟਮ ਦਿੰਦੇ ਹੋਏ ਕਿਹਾ ਕਿ, ਸਰਕਾਰ ਕੋਲ ਇੱਕ ਮਹੀਨੇ ਦਾ ਸਮਾਂ ਹੈ, ਜੇਕਰ ਸਰਕਾਰ ਇੱਕ ਮਹੀਨੇ ਦੇ ਅੰਦਰ ਖੇਤੀ ਕਾਨੂੰਨ ਰੱਦ ਕਰਦੀ ਹੈ ਤਾਂ, ਠੀਕ ਹੈ ਨਹੀਂ ਤਾਂ 23 ਮਾਰਚ ਤੋਂ ਉਹ ਭੁੱਖ ਹੜਤਾਲ 'ਤੇ ਬੈਠ ਜਾਣਗੇ। ਦੱਸ ਦਈਏ ਕਿ ਅਭੈ ਸਿੰਘ ਸੰਧੂ ਹੁਰਾਂ ਦੀ ਇਸ ਲਲਕਾਰ ਤੋਂ ਸਰਕਾਰ ਡਰ ਚੁੱਕੀ ਹੈ ਅਤੇ ਸੋਚ ਰਹੀ ਹੈ ਕਿ ਆਖ਼ਰ ਕੀਤਾ ਕੀ ਜਾਵੇ?