ਕਿਸਾਨ ਅੰਦੋਲਨ: ਤੇਰੀ ਸੰਘੀ ਸਾਡਾ ਨਹੁੰ ਹੋਊ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Feb 24 2021 16:42
Reading time: 2 mins, 9 secs

ਦਿੱਲੀ ਦੀਆਂ ਸਰਹੱਦਾਂ 'ਤੇ ਪਿਛਲੇ ਕਰੀਬ 3 ਮਹੀਨਿਆਂ ਤੋਂ ਲਗਾਤਾਰ ਕਿਸਾਨਾਂ, ਮਜ਼ਦੂਰਾਂ ਅਤੇ ਆਮ ਲੋਕਾਂ ਦਾ ਧਰਨਾ ਖੇਤੀ ਕਾਨੂੰਨਾਂ ਦੇ ਵਿਰੁੱਧ ਜਾਰੀ ਹੈ। ਕਿਸਾਨਾਂ ਦੀ ਮੁੱਖ ਮੰਗ ਹੈ ਕਿ ਖੇਤੀ ਕਾਨੂੰਨਾਂ ਨੂੰ ਸਰਕਾਰ ਰੱਦ ਕਰੇ, ਪਰ ਸਰਕਾਰ ਦਾ ਰਵੱਈਆ ਹੁਣ ਤੱਕ ਹੈਂਕੜਬਾਜ਼ ਵਾਲਾ ਹੀ ਰਿਹਾ ਹੈ। ਸਰਕਾਰ ਜਿੱਥੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਤਿਆਰ ਨਹੀਂ ਹੈ, ਉੱਥੇ ਹੀ ਲਗਾਤਾਰ ਕਿਸਾਨਾਂ ਨੂੰ ਗੁੰਮਰਾਹ ਕਰਨ ਵਾਲੇ ਭਾਸ਼ਣ ਵੀ ਦੇ ਰਹੀ ਹੈ। ਕਿਸਾਨ ਹੁਣ ਸਿਆਣੇ ਹੋ ਚੁੱਕੇ ਹਨ ਅਤੇ ਆਪਣੇ ਹੱਕਾਂ ਲਈ ਮੈਦਾਨ ਵਿੱਚ ਆ ਚੁੱਕੇ ਹਨ। 

ਇੱਕ ਕਿਸਾਨ ਆਗੂ ਨੇ ਪਿਛਲੇ ਦਿਨੀਂ ਕਿਹਾ ਕਿ ਜਦੋਂ ਤੱਕ ਖੇਤੀ ਕਾਨੂੰਨਾਂ ਨੂੰ ਮੋਦੀ ਸਰਕਾਰ ਰੱਦ ਨਹੀਂ ਕਰਦੀ, ਉਦੋਂ ਤੱਕ ਘਰਾਂ ਨੂੰ ਵਾਪਸੀ ਨਹੀਂ ਕੀਤੀ ਜਾਵੇਗੀ। ਹੁਕਮਰਾਨ ਇਸ ਵੇਲੇ ਜਿੱਥੇ ਕਿਸਾਨਾਂ ਦੇ ਅੰਦੋਲਨ ਤੋਂ ਡਰਿਆ ਪਿਆ ਹੈ, ਉੱਥੇ ਹੀ ਬੌਖ਼ਲਾਹਟ ਦੇ ਵਿੱਚ ਆ ਕੇ, ਵੰਨ ਸੁਵੰਨੇ ਬਿਆਨ ਦੇ ਰਿਹਾ ਹੈ। ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦੇ ਬਿਆਨ ਦੀ ਹਰ ਥਾਂ ਆਲੋਚਨਾਂ ਹੋ ਰਹੀ ਹੈ, ਕਿਉਂਕਿ ਤੋਮਰ ਨੇ ਕਿਸਾਨਾਂ ਨੂੰ ਕਿਹਾ ਕਿ ਭੀੜ ਕਦੇ ਵੀ ਕਾਨੂੰਨਾਂ ਰੱਦ ਨਹੀਂ ਕਰਵਾ ਸਕਦੀ, ਜਦੋਂਕਿ, ਕਿਸਾਨਾਂ ਦਾ ਕਹਿਣਾ ਹੈ ਕਿ ਭੀੜ ਤਖ਼ਤਾ ਵੀ ਪਲਟ ਦਿੰਦੀ ਹੈ। 

ਸਰਕਾਰ ਦੇ ਕਿਸਾਨ ਵਿਰੋਧੀ ਪ੍ਰਚਾਰ ਤੋਂ ਤੰਗ ਆਏ ਇੱਕ ਕਿਸਾਨ ਨੇ ਆਖਿਆ ਕਿ, ਸਰਕਾਰ ਦੀ ਸੰਘੀ 'ਤੇ ਕਿਸਾਨਾਂ ਦਾ ਨਹੁੰ ਆ ਚੁੱਕਿਆ ਹੈ, ਜਿਸ ਦੇ ਕਾਰਨ ਡਰੀ ਹੋਈ ਸਰਕਾਰ ਕੁੱਝ ਵੀ ਬੋਲੀ ਜਾ ਰਹੀ ਹੈ। ਕਿਸਾਨ ਨੇ ਕਿਹਾ ਕਿ, ਜੇਕਰ ਇਸੇ ਤਰਾਂ ਹੀ ਸਰਕਾਰ ਦਾ ਰਵੱਈਆ ਰਿਹਾ ਤਾਂ, ਫਿਰ ''ਤੇਰੀ ਹਾਕਮਾ ਸੰਘੀ ਹੋਵੇਗੀ ਅਤੇ ਸਾਡਾ ਨਹੁੰ ਹੋਵੇਗਾ।'' ਦੱਸ ਦਈਏ ਕਿ, ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨੋ ਕਾਲੇ ਕਾਨੂੰਨ ਰੱਦ ਕਰਵਾਉਣ ਦੀ ਮੰਗ ਕਿਸਾਨਾਂ ਦੇ ਵੱਲੋਂ ਸ਼ਾਂਤਮਈ ਤਰੀਕੇ ਦੇ ਨਾਲ ਦਿੱਲੀ ਦੀਆਂ ਸਰਹੱਦਾਂ 'ਤੇ ਬੈਠ ਕੇ ਕੀਤੀ ਜਾ ਰਹੀ ਹੈ। 

ਦੂਜੇ ਪਾਸੇ, ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਅਜਿਹਾ ਬਿਆਨ ਪਿਛਲੇ ਦਿਨੀਂ ਦਿੱਤਾ, ਜਿਸ ਤੋਂ ਬਾਅਦ ਹਕੂਮਤ ਏਨਾ ਜ਼ਿਆਦਾ ਡਰ ਗਈ ਹੈ, ਕਿ ਉਹਨੂੰ ਸੁੱਝ ਨਹੀਂ ਰਿਹਾ ਕਿ ਕਿਸਾਨਾਂ ਬਾਰੇ ਕਿਹੜਾ ਬਿਆਨ ਦਿੱਤਾ ਜਾਵੇਗਾ। ਦਰਅਸਲ, ਖੇਤੀ ਮੰਤਰੀ ਤੋਮਰ ਦੇ ਬਿਆਨ ਦਾ ਜਵਾਬ ਦਿੰਦੇ ਹੋਹੇ ਰਾਕੇਸ਼ ਟਿਕੈਤ ਨੇ ਕਿਹਾ ਕਿ ''ਸਿਆਸਤਦਾਨ ਕਹਿ ਰਹੇ ਹਨ ਕਿ ਭੀੜ ਇਕੱਠੀ ਹੋਣ ਨਾਲ ਖੇਤੀਬਾੜੀ ਕਾਨੂੰਨਾਂ ਨੂੰ ਵਾਪਿਸ ਨਹੀਂ ਲਿਆ ਜਾ ਸਕਦਾ। ਜਦੋਂ ਕਿ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਭੀੜ ਵਿੱਚ ਸੱਤਾ ਬਦਲਣ ਦੀ ਤਾਕਤ ਹੈ। 

ਇਹ ਵੱਖਰੀ ਗੱਲ ਹੈ ਕਿ ਕਿਸਾਨਾਂ ਨੇ ਸਿਰਫ਼ ਕਾਨੂੰਨ ਵਾਪਿਸ ਲੈਣ ਦੀ ਗੱਲ ਕਹੀ ਹੈ, ਸੱਤਾ ਵਾਪਿਸ ਲੈਣ ਦੀ ਨਹੀਂ।'' ਰਾਕੇਸ਼ ਟਿਕੈਤ ਨੇ ਇਹ ਵੀ ਕਿਹਾ ਕਿ, ਜਿਸ ਤਰੀਕੇ ਦੇ ਨਾਲ ਕਿਸਾਨਾਂ ਦੀਆਂ ਮੰਗਾਂ ਨੂੰ ਨਾ ਮੰਗ ਕੇ, ਕਿਸਾਨ ਵਿਰੋਧੀ ਹੋਣ ਦਾ ਸਬੂਤ ਦੇ ਰਹੀ ਹੈ, ਉਹਦੇ ਤੋਂ ਬਾਅਦ ਹੁਣ ਸੰਯੁਕਤ ਕਿਸਾਨ ਮੋਰਚੇ ਨੇ ਵੀ ਐਲਾਨ ਕਰ ਦਿੱਤਾ ਹੋਇਆ ਹੈ, ਕਿ ਜਦੋਂ ਤੱਕ ਖੇਤੀ ਕਾਨੂੰਨਾਂ ਨੂੰ ਮੋਦੀ ਸਰਕਾਰ ਰੱਦ ਨਹੀਂ ਕਰਦੀ, ਉਦੋਂ ਤੱਕ ਮੋਰਚਾ ਸਮਾਪਤ ਨਹੀਂ ਕੀਤਾ ਜਾਵੇਗਾ ਅਤੇ ਕੋਈ ਵੀ ਕਿਸਾਨ ਉਦੋਂ ਤੱਕ ਘਰਾਂ ਨੂੰ ਵਾਪਸ ਨਹੀਂ ਜਾਵੇਗਾ।