'ਟੂਲਕਿੱਟ ਤੋਂ, ਪੁਲਵਾਮਾ ਹਮਲੇ ਦੀ ਜਾਂਚ ਦਾ ਕੱਚ ਸੱਚ'!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Feb 24 2021 16:33
Reading time: 2 mins, 36 secs

ਵਾਤਾਵਰਨ ਪ੍ਰੇਮੀ ਦਿਸ਼ਾ ਰਵੀ ਦੀ ਗ੍ਰਿਫਤਾਰੀ ਤੋਂ ਬਾਅਦ ਟੂਲਕਿੱਟ ਨੂੰ ਇਸ ਪ੍ਰਕਾਰ ਬ੍ਰੇਕਿੰਗ ਹੈੱਡਲਾਈਨ ਦੇ ਨਾਲ ਗੋਦੀ ਮੀਡੀਆ ਨੇ ਚਲਾਇਆ, ਜਿਵੇਂ ਟੂਲਕਿੱਟ ਬਰੂਦ ਹੋਵੇ। ਦਿਸ਼ਾ ਰਵੀ ਨੇ ਕਿਸਾਨ ਮੋਰਚੇ ਦੀ ਹਮਾਇਤ ਕੀਤੀ ਅਤੇ ਉਸ ਨੇ ਆਪਣੇ ਹੋਰਨਾਂ ਸਾਥੀਆਂ ਨੂੰ ਕਿਸਾਨ ਅੰਦੋਲਨ ਦੇ ਨਾਲ ਜੁੜਣ ਦੀ ਅਪੀਲ ਕੀਤੀ। ਦਿਸ਼ਾ ਰਵੀ, ਵਾਤਾਵਰਨ ਪ੍ਰੇਮੀ ਗ੍ਰੇਟਾ ਥਨਬਰਗ ਦੀ ਮੁਹਿੰਮ ਦੇ ਨਾਲ ਜੁੜੀ ਹੋਈ ਹੈ ਅਤੇ ਹੁਣ ਤੱਕ ਭਾਰਤ ਦੇ ਅੰਦਰ ਅਨੇਕਾਂ ਹੀ ਲੋਕ ਹਿੱਤ ਕਾਰਜ ਕਰ ਚੁੱਕੀ ਹੈ। ਜਿਹੜੀ ਟੂਲਕਿੱਟ ਦੀ ਗੱਲ ਹੁਣ ਹੋ ਰਹੀ ਹੈ। 

ਜੇਕਰ ਇਹੀ ਟੂਲਕਿੱਟ ਦੀ ਗੱਲ, ਪੁਲਵਾਮਾ ਹਮਲੇ ਸਮੇਂ ਕੀਤੀ ਜਾਂਦੀ ਤਾਂ, ਹੁਣ ਤੱਕ ਅਨੇਕਾਂ ਲੋਕ ਹੀ ਜੇਲ੍ਹਾਂ ਦੇ ਅੰਦਰ ਬੰਦ ਹੋਣੇ ਸਨ। ਦਿਸ਼ਾ ਰਵੀ ਦੀ ਟੂਲਕਿੱਟ ਨੂੰ ਦਿੱਲੀ ਪੁਲਿਸ ਲੋਕ ਵਿਰੋਧੀ ਅਤੇ ਦੇਸ਼ ਵਿਰੋਧੀ ਦੱਸ ਰਹੀ ਹੈ, ਜਦੋਂਕਿ ਟੂਲਕਿੱਟ ਦੇ ਵਿੱਚ ਲੋਕ ਵਿਰੋਧੀ ਜਾਂ ਫਿਰ ਦੇਸ਼ ਵਿਰੋਧੀ ਕੀ ਸੀ, ਉਸ ਦੇ ਬਾਰੇ ਵਿੱਚ ਦਿੱਲੀ ਪੁਲਿਸ ਸਪੱਸ਼ਟ ਤੌਰ 'ਤੇ ਦੱਸ ਨਹੀਂ ਪਾ ਰਹੀ। ਅਸਲ ਵਿੱਚ ਟੂਲਕਿੱਟ ਦੇ ਵਿੱਚ ਸ਼ਾਂਤਮਈ ਪ੍ਰਦਰਸ਼ਨ ਕਰਨ ਤੋਂ ਇਲਾਵਾ ਕਿਸਾਨਾਂ ਦੀ ਹਮਾਇਤ ਕਰਨ ਸਬੰਧੀ ਹੀ ਲਿਖਿਆ ਗਿਆ ਸੀ।

ਜਦੋਂਕਿ ਪੁਲਿਸ ਨੇ ਟੂਲਕਿੱਟ ਨੂੰ ਇੰਝ ਪੇਸ਼ ਮੀਡੀਆ ਸਾਹਮਣੇ ਕੀਤਾ ਹੈ, ਜਿਵੇਂ ਦਿਸ਼ਾ ਰਵੀ ਦੀ 'ਉਹ ਟੂਲਕਿੱਟ' ਨਾ ਹੋਵੇ, ਬਲਕਿ ਕੋਈ ਆਰ.ਡੀ.ਐਕਸ. ਹੀ ਹੋਵੇ। ਖ਼ੈਰ, ਪੁਲਵਾਮਾ ਦੇ ਅੰਦਰ 14 ਫਰਵਰੀ 2019 ਨੂੰ ਇੱਕ ਅੱਤਵਾਦੀ ਹਮਲਾ ਹੋਇਆ ਸੀ। ਉਕਤ ਅੱਤਵਾਦੀ ਹਮਲੇ ਦੇ ਵਿੱਚ ਸੀਆਰਪੀਐਫ਼ ਦੇ ਕਰੀਬ 40 ਜਵਾਨ ਸ਼ਹੀਦ ਹੋ ਗਏ ਸਨ। 40 ਸ਼ਹੀਦ ਹੋਏ ਜਵਾਨਾਂ ਦੀ ਮੌਤ 'ਤੇ ਗੋਦੀ ਮੀਡੀਆ ਨੇ ਜਿੱਥੇ ਵੱਖੋਂ ਵੱਖਰੇ ਤਰਕ ਦਿੱਤੇ ਸਨ, ਉੱਥੇ ਹੀ ਪੁਲਵਾਮਾ ਹਮਲੇ ਦੀ ਜਾਂਚ ਸਬੰਧੀ ਵੀ ਆਦੇਸ਼ ਜਾਰੀ ਹੋਏ ਸਨ। 

ਪੁਲਵਾਮਾ ਹਮਲੇ ਦੀ ਜਾਂਚ ਪਿਛਲੇ 2 ਸਾਲਾਂ ਦੇ ਵਿੱਚ ਕਿੰਨੀ ਕੁ ਹੋਈ ਹੈ ਅਤੇ ਕਿੱਥੇ ਕੁ ਜਾਂਚ ਦਾ ਦਾਇਰਾ ਪਹੁੰਚਿਆ ਹੈ, ਇਹਦੇ ਬਾਰੇ ਵਿੱਚ ਕੋਈ ਵੀ ਸਪੱਸ਼ਟ ਨਹੀਂ ਦੱਸ ਸਕਿਆ। ਇੱਥੋਂ ਤੱਕ ਕਿ ਕੇਂਦਰੀ ਜਾਂਚ ਏਜੰਸੀਆਂ ਵੀ ਇਸ ਪੁਲਵਾਮਾ ਹਮਲੇ ਤੋਂ ਮਗਰੋਂ ਚੁੱਪੀ ਤਾਣੀ ਬੈਠੀਆਂ ਹਨ ਅਤੇ ਪਤਾ ਨਹੀਂ ਲਗਾ ਸਕੀਆਂ, ਕਿ ਆਖ਼ਰ 40 ਜਵਾਨਾਂ ਨੂੰ ਸ਼ਹੀਦ ਕਰਨ ਲਈ ਕਿਸ ਨੇ ਕਿਸ ਨੂੰ ਸੁਪਾਰੀ ਦਿੱਤੀ ਸੀ? ਪੁਲਵਾਮਾ ਵਿੱਚ ਹੋਏ ਅੱਤਵਾਦੀ ਹਮਲੇ ਨੇ ਬੇਸ਼ੱਕ ਭਾਰਤ ਹਿਲਾ ਕੇ ਰੱਖ'ਤਾ ਸੀ, ਪਰ ਹੁਕਮਰਾਨਾਂ ਨੂੰ ਤਾਂ ਵੋਟਾਂ ਦੀ ਅੱਗ ਲੱਗੀ ਸੀ। 

ਪੁਲਵਾਮਾ ਹਮਲੇ ਬਾਅਦ ਹੀ, ਭਾਰਤ ਦੇ ਅੰਦਰ ਲੋਕ ਸਭਾ ਚੋਣਾਂ ਹੋਣੀਆਂ ਸਨ। ਸ਼ਹੀਦਾਂ ਦੇ ਨਾਂਅ 'ਤੇ ਹੁਕਮਰਾਨਾਂ ਨੇ ਵੋਟਾਂ ਮੰਗੀਆਂ ਅਤੇ ਦੁਬਾਰਾ ਸੱਤਾ ਹਾਸਲ ਕੀਤੀ, ਪਰ ਇਸ ਦੇ ਬਾਵਜੂਦ ਵੀ ਪੁਲਵਾਮਾ ਹਮਲੇ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਇਨਸਾਫ਼ ਨਹੀਂ ਮਿਲ ਸਕਿਆ। ਹਮਲੇ ਦੇ ਬਾਰੇ ਵਿੱਚ ਤਾਂ ਹੁਕਮਰਾਨ ਅਤੇ ਖ਼ੁਫੀਆ ਤੰਤਰ ਦੋ ਸਾਲ ਬੀਤ ਜਾਣ ਦੇ ਬਾਅਦ ਵੀ ਇਹ ਪਤਾ ਨਹੀਂ ਲਗਾ ਸਕਿਆ, ਕਿ ਹਮਲਾ ਕਿਵੇਂ ਹੋਇਆ? 

ਵੈਸੇ, ਇੰਨਾ ਕੁ ਹੀ ਹੁਕਮਰਾਨ ਜਵਾਬ ਦਿੰਦੇ ਨਜ਼ਰੀ ਆਉਂਦੇ ਹਨ, ਕਿ ਇੱਕ ਬਰੂਦ ਦੇ ਨਾਲ ਭਰੀ ਨੇ ਗੱਡੀ ਨੇ, ਜਵਾਨਾਂ ਦੀ ਗੱਡੀ ਨਾਲ ਟੱਕਰ ਮਾਰੀ ਸੀ, ਜਿਸ ਦੇ ਨਾਲ 40 ਜਵਾਨ ਸ਼ਹੀਦ ਹੋ ਗਏ ਸਨ। ਪਰ ਸਵਾਲ ਫਿਰ ਤੋਂ ਉਹ ਹੀ ਹੈ, ਕਿ ਆਖ਼ਰ ਬਰੂਦ ਦੇ ਨਾਲ ਭਰੀ ਗੱਡੀ ਕਿੱਥੋਂ ਆਈ? ਕੌਣ ਲੈ ਕੇ ਆਇਆ? ਕਿਸ ਦਾ ਇਸ ਹਮਲੇ ਪਿੱਛੇ ਹੱਥ ਸੀ? ਜਿਸ ਹਮਲੇ ਵਿੱਚ 40 ਜਵਾਨ ਸ਼ਹੀਦ ਹੋਏ, ਉਹਦੇ ਬਾਰੇ ਵਿੱਚ ਤਾਂ ਖ਼ੁਫੀਆ ਤੰਤਰ ਅਤੇ ਹੁਕਮਰਾਨ ਇਹ ਪਤਾ ਨਹੀਂ ਲਗਾ ਸਕੇ, ਕਿ ਹਮਲਾ ਕਰਨ ਵਾਲੇ ਸੀ ਕੌਣ?

ਪਰ, ਹੁਕਮਰਾਨ ਅਤੇ ਖ਼ੁਫ਼ੀਆ ਤੰਤਰ ਹੁਣ ਬੇ-ਦੋਸ਼ੀ ਦਿਸ਼ਾ ਰਵੀ, ਜਿਸ ਨੇ ਅੰਨਦਾਤੇ ਦੇ ਹੱਕ ਵਿੱਚ ਨਾਅਰਾ ਲਗਾਇਆ ਹੈ, ਉਹਦੀ ਟੂਲਕਿੱਟ ਜ਼ਰੂਰੀ ਫਰੋਲੀ ਜਾ ਰਹੀ ਹੈ ਤਾਂ, ਜੋ ਬਰੂਦ ਪਤਾ ਲੱਗ ਸਕੇ, ਜਦੋਂਕਿ ਦਿਸ਼ਾ ਰਵੀ ਦੇ ਨਾਅਰੇ ਨਾਲ ਕੋਈ ਹਿੰਸਾ ਜਾਂ ਫਿਰ ਗੁੰਡਾਗਰਦੀ ਨਹੀਂ ਹੋਈ।