ਭਾਜਪਾ ਲੀਡਰਾਂ ਅਤੇ ਵਰਕਰਾਂ ਦੇ ਸਮਾਜਿਕ ਬਾਈਕਾਟ ਨਾਲ ਕੀ ਹੋਵੇਗਾ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Feb 22 2021 13:46
Reading time: 1 min, 37 secs

ਪੰਜਾਬ ਸਮੇਤ ਦੇਸ਼ ਭਰ ਦੇ ਅੰਦਰ ਵੱਖ ਵੱਖ ਥਾਵਾਂ 'ਤੇ ਕਿਸਾਨਾਂ ਦੁਆਰਾ ਮਹਾਂ ਰੈਲੀਆਂ, ਮਹਾਂ ਪੰਚਾਇਤਾਂ ਤੋਂ ਇਲਾਵਾ ਖੇਤੀ ਕਾਨੂੰਨਾਂ ਦੇ ਵਿਰੁੱਧ ਮੋਰਚੇ ਹੋਰ ਤੇਜ਼ ਕਰਨ ਸਬੰਧੀ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ। ਪੰਜਾਬ ਦੇ ਅੰਦਰ ਇਸ ਵੇਲੇ ਹੋ ਰਹੀਆਂ ਮਹਾਂ ਰੈਲੀਆਂ ਅਤੇ ਮਹਾਂ ਪੰਚਾਇਤਾਂ ਨੂੰ ਲੈ ਕੇ ਬਹੁਤ ਵੱਡਾ ਭਰਵਾਂ ਹੁੰਗਾਰਾ ਪੰਜਾਬ ਵਾਸੀਆਂ ਦਾ ਵੀ ਮਿਲ ਰਿਹਾ ਹੈ। ਦਿੱਲੀ ਦੀਆਂ ਸਰਹੱਦਾਂ 'ਤੇ ਖੇਤੀ ਕਾਨੂੰਨਾਂ ਦੇ ਵਿਰੁੱਧ ਚੱਲ ਰਹੇ ਮੋਰਚੇ ਨੂੰ ਇਨ੍ਹਾਂ ਮਹਾਂ ਪੰਚਾਇਤਾਂ ਅਤੇ ਮਹਾਂ ਰੈਲੀਆਂ ਜ਼ਰੀਏ ਹੋਰ ਬਲ ਮਿਲ ਰਿਹਾ ਹੈ। 

ਜਦੋਂਕਿ ਕੇਂਦਰ ਸਰਕਾਰ ਕਿਸਾਨਾਂ ਦੇ ਇਸ ਸਖ਼ਤ ਫ਼ੈਸਲਿਆਂ ਤੋਂ ਡਰ ਚੁੱਕੀ ਹੈ। ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ਤੋਂ ਦੁਖੀ ਕਿਸਾਨਾਂ ਨੇ ਹੁਣ ਨਵੀਂ ਰਣਨੀਤੀ ਤਿਆਰ ਕਰ ਲਈ ਹੈ ਅਤੇ ਖੇਤੀ ਕਾਨੂੰਨਾਂ ਦੇ ਵਿਰੁੱਧ ਜਿੱਥੇ ਪ੍ਰਦਰਸ਼ਨ ਨੂੰ ਹੋਰ ਤੇਜ਼ ਕਰਨ ਦਾ ਐਲਾਨ ਕਰ ਦਿੱਤਾ ਹੋਇਆ ਹੈ, ਉੱਥੇ ਹੀ ਕਿਸਾਨਾਂ ਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੱਕ ਮੋਰਚਾ ਜਾਰੀ ਰੱਖਣ ਦਾ ਐਲਾਨ ਕਰ ਦਿੱਤਾ ਹੈ। ਵੈਸੇ, ਇਸ ਵੇਲੇ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲਦੇ ਮੋਰਚੇ ਬਾਰੇ ਕੇਂਦਰ ਸਰਕਾਰ ਦੀ ਰਵੱਈਏ ਤੋਂ ਕਿਸਾਨ ਬੇਹੱਦ ਦੁਖੀ ਵਿਖਾਈ ਦੇ ਰਹੇ ਹਨ। 

ਕਿਸਾਨਾਂ ਨੇ ਸ਼ਰੇਆਮ ਇਹ ਵੀ ਕਹਿ ਦਿੱਤਾ ਹੋਇਆ ਹੈ, ਇਸ ਦਾ ਖਮਿਆਜਾ ਭਾਰਤੀ ਜਨਤਾ ਪਾਰਟੀ ਦੇ ਸਮੂਹ ਲੀਡਰਾਂ ਤੋਂ ਇਲਾਵਾ ਵਰਕਰਾਂ ਨੂੰ ਭਗਤਣਾ ਪੈ ਰਿਹਾ ਹੈ। ਬਰਨਾਲੇ ਕੀਤੀ ਗਈ ਕਿਸਾਨ ਮਹਾਂ ਰੈਲੀ ਵਿੱਚ ਪੁੱਜੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਕੇਂਦਰ ਸਰਕਾਰ ਨੂੰ ਜਿੱਥੇ ਵੰਗਾਰਿਆ, ਉੱਥੇ ਹੀ ਭਾਜਪਾ ਦੇ ਸਮੂਹ ਲੀਡਰਾਂ ਤੋਂ ਇਲਾਵਾ ਵਰਕਰਾਂ ਦਾ ਸਮਾਜਿਕ ਬਾਈਕਾਟ ਕਰਨ ਦਾ ਵੀ ਐਲਾਨ ਕੀਤਾ। ਇਸ ਤੋਂ ਇਲਾਵਾ ਕਿਸਾਨਾਂ ਨੇ ਹੱਥ ਖੜ੍ਹੇ ਕਰਕੇ ਰੁਲਦੂ ਸਿੰਘ ਦੇ ਇਸ ਐਲਾਨ ਦਾ ਸਵਾਗਤ ਕੀਤਾ। 

ਦੂਜੇ ਪਾਸੇ ਇਸੇ ਰੈਲੀ ਵਿੱਚ ਪੁੱਜੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਿੱਥੇ ਕੋਸਿਆ, ਉੱਥੇ ਹੀ ਕਿਹਾ ਕਿ ਨਰਿੰਦਰ ਮੋਦੀ ਜਿਨ੍ਹਾਂ ਭਾਰਤੀਆਂ ਦੇ ਕੋਲੋਂ ਵੋਟਾਂ ਲੈ ਕੇ ਪ੍ਰਧਾਨ ਮੰਤਰੀ ਬਣੇ ਹਨ, ਉਨ੍ਹਾਂ ਨੂੰ ਹੀ ਅੰਦੋਲਨਜੀਵੀ ਅਤੇ ਪਰਜੀਵੀ ਕਹਿ ਰਹੇ ਹਨ। ਰਾਜੇਵਾਲ ਨੇ ਪ੍ਰਧਾਨ ਮੰਤਰੀ ਨੂੰ ਸਖ਼ਤ ਤਾੜਣਾ ਕੀਤੀ, ਕਿ ਅਸੀਂ ਸਮੂਹ ਭਾਜਪਾ ਦਾ ਬਾਈਕਾਟ ਕਰਦੇ ਹਾਂ ਅਤੇ ਮੋਦੀ ਜਿਹੜਾ ਕਿ, ਕਿਸਾਨਾਂ ਨੂੰ ਪਰਜੀਵੀ ਕਹਿੰਦਾ ਹੈ, ਉਹਨੂੰ ਕਿਸਾਨਾਂ ਦੁਆਰਾ ਉਗਾਇਆ ਗਿਆ, ਅੰਨ ਨਹੀਂ ਖਾਣਾ ਚਾਹੀਦਾ।