ਕੀ ਗੁਟਕਾ ਸਾਹਿਬ 'ਤੇ ਹੱਥ ਰੱਖ ਕੇ ਸਹੁੰ ਖਾਣ ਵਾਲਾ 'ਰਾਜਾ' ਕਰਜ਼ੇ ਮਾਫ਼ ਕਰਨ ਤੋਂ ਮੁੱਕਰ ਗਿਆ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Feb 22 2021 13:42
Reading time: 2 mins, 10 secs

2017 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਸਮੂਹ ਕਿਸਾਨਾਂ ਦੇ ਨਾਲ ਵਾਅਦਾ ਕੀਤਾ ਸੀ ਕਿ ਜੇਕਰ ਉਨ੍ਹਾਂ ਦੀ ਸਰਕਾਰ ਸੱਤਾ ਦੇ ਵਿੱਚ ਆ ਜਾਂਦੀ ਹੈ ਤਾਂ, ਸਭ ਤੋਂ ਪਹਿਲੋਂ ਕਿਸਾਨਾ ਦਾ ਸਮੂਹ ਕਰਜ਼ਾ ਮੁਆਫ਼ ਕੀਤਾ ਜਾਵੇਗਾ ਅਤੇ ਬਾਅਦ ਵਿੱਚ ਹੀ ਵਿਕਾਸ ਦਾ ਕੋਈ ਹੋਰ ਕਾਰਜ਼ ਛੇੜਿਆ ਜਾਵੇਗਾ। ਕੈਪਟਨ ਅਮਰਿੰਦਰ ਸਿੰਘ ਦਾ ਵਾਅਦਾ ਵਫ਼ਾ ਹੋਇਆ ਹੈ, ਜਾਂ ਨਹੀਂ ਇਹਦੇ ਬਾਰੇ ਤਾਂ ਅਸੀਂ ਸਭ ਜਾਣਦੇ ਹੀ ਹਾਂ, ਪਰ ਕੀ ਕੈਪਟਨ ਆਪਣੇ ਕੀਤੇ ਵਾਅਦੇ ਤੋਂ ਮੁੱਕਰ ਗਿਆ ਹੈ? 

ਇਹ ਸਵਾਲ ਇਸ ਲਈ ਕਰਨਾ ਬਣਦਾ ਹੈ, ਕਿਉਂਕਿ ਵਾਰ ਵਾਰ ਵਿਰੋਧੀ ਧਿਰ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਇਹ ਦੋਸ਼ ਲਗਾ ਰਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੁਆਰਾ ਜੋ ਵਾਅਦੇ ਕਿਸਾਨਾਂ, ਨੌਜਵਾਨਾਂ ਤੋਂ ਇਲਾਵਾ ਪੰਜਾਬ ਵਾਸੀਆਂ ਦੇ ਨਾਲ ਸੱਤਾ ਵਿੱਚ ਆਉਣ ਤੋਂ ਪਹਿਲੋਂ ਕੀਤੇ ਸਨ, ਉਨ੍ਹਾਂ ਵਾਅਦਿਆਂ ਵਿੱਚੋਂ ਸਰਕਾਰ ਨੇ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ, ਜਿਸ ਦੇ ਕਾਰਨ ਪੰਜਾਬ ਦਾ ਹਰ ਵਰਗ ਕੈਪਟਨ ਹਕੂਮਤ ਤੋਂ ਅੱਜ ਤੰਗ ਆਇਆ ਪਿਆ ਹੈ ਅਤੇ ਤਖ਼ਤਾ ਪਲਟਣ ਦੇ ਵਾਸਤੇ ਤਿਆਰ ਹੈ। 

ਦੱਸਣਾ ਬਣਦਾ ਹੈ ਕਿ, ਪੰਜਾਬ ਦੇ ਕੁੱਝ ਕੁ ਕਿਸਾਨਾਂ ਦਾ ਹੀ ਕੈਪਟਨ ਸਰਕਾਰ ਨੇ 2 ਲੱਖ ਰੁਪਏ ਕਰਜ਼ਾ ਮੁਆਫ਼ ਕੀਤਾ ਹੈ, ਜਦੋਂਕਿ ਪੰਜਾਬ ਦੇ ਬਹੁਤੇ ਕਿਸਾਨ ਹਾਲੇ ਵੀ ਕਰਜ਼ਾਈ ਹਨ। ਕਿਸਾਨ ਖ਼ੁਦਕੁਸ਼ੀਆਂ ਦਾ ਰਸਤਾ ਅਖ਼ਤਿਆਰ ਕਰ ਰਹੇ ਹਨ, ਪਰ ਸਰਕਾਰ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਤੋਂ ਭੱਜ ਰਹੀ ਹੈ। ਲੰਘੇ ਦਿਨੀਂ ਦਸੂਹਾ ਦੇ ਪਿੰਡ ਮਹੱਦੀਪੁਰ ਦੇ ਕਿਸਾਨ ਪਿਤਾ ਜਗਤਾਰ ਸਿੰਘ (70) ਅਤੇ ਪੁੱਤਰ ਕਿਰਪਾਲ ਸਿੰਘ (45) ਵੱਲੋਂ ਖੇਤੀ ਕਾਨੂੰਨਾਂ ਤੇ ਸਿਰ ਚੜ੍ਹੇ ਕਰਜ਼ੇ ਤੋਂ ਦੁਖ ਹੋ ਕੇ ਜ਼ਹਿਰੀਲੀ ਚੀਜ਼ ਖਾ ਕੇ ਜੀਵਨ ਲੀਲ੍ਹਾ ਸਮਾਪਤ ਕਰ ਲਈ ਗਈ ਸੀ। 

ਖ਼ੁਦਕੁਸ਼ੀ ਕਰਨ ਵਾਲੇ ਕਿਸਾਨਾਂ ਨੇ ਖ਼ੁਦਕੁਸ਼ੀ ਪੱਤਰ ਵਿੱਚ ਆਪਣੀ ਮੌਤ ਲਈ ਜ਼ਿੰਮੇਵਾਰ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਦੱਸਿਆ ਸੀ। ਇਸੇ ਤਰ੍ਹਾਂ ਲੰਘੇ ਕੱਲ੍ਹ ਇਹ ਵੀ ਖ਼ਬਰ ਸੁਣਨ ਨੂੰ ਮਿਲੀ ਕਿ, ਜ਼ਿਲ੍ਹਾ ਤਰਨਤਾਰਨ ਅਧੀਨ ਪੈਂਦੇ ਪਿੰਡ ਗੁੱਜਰਪੁਰਾ ਦੇ ਰਹਿਣ ਵਾਲੇ ਕਿਸਾਨ ਕਿਸਾਨ ਜਰਨੈਲ ਸਿੰਘ (45 ਸਾਲ) ਪੁੱਤਰ ਦਲਬੀਰ ਸਿੰਘ, ਜਿਸ ਦੇ ਸਿਰ ਬੈਂਕ ਅਤੇ ਹੋਰਾਂ ਦਾ ਕਰੀਬ 17 ਲੱਖ ਦਾ ਕਰਜ਼ਾ ਸੀ ਅਤੇ ਆਰਥਿਕ ਪੱਖੋਂ ਕਮਜੋਰ ਹੋਣ ਕਰਕੇ ਪ੍ਰੇਸ਼ਾਨ ਰਹਿੰਦਾ ਸੀ। ਇਸੇ ਪ੍ਰੇਸ਼ਾਨੀ ਕਾਰਨ ਉਹਨੇ ਖ਼ੁਦਕੁਸ਼ੀ ਕਰ ਲਈ, ਮ੍ਰਿਤਕ ਦੇ ਤਿੰਨ ਬੱਚੇ ਹਨ। 

ਦੂਜੇ ਪਾਸੇ, ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਅਤੇ ਲੋਕ ਸਭਾ ਹਲਕਾ ਫ਼ਿਰੋਜ਼ਪੁਰ ਦੇ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਦਾ ਦੋਸ਼ ਹੈ ਕਿ ਸੱਤਾ ਵਿੱਚ ਆਉਣ ਤੋਂ ਪਹਿਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ 'ਤੇ ਹੱਥ ਰੱਖ ਕੇ ਸਹੁੰ ਖਾਧੀ ਸੀ, ਕਿ ਪੰਜਾਬ ਦੇ ਸਾਰੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕੀਤੇ ਜਾਣਗੇ, ਪਰ ਕੈਪਟਨ ਆਪਣੇ ਕੀਤੇ ਵਾਅਦੇ ਉੱਤੇ ਪੂਰੇ ਨਹੀਂ ਉੱਤਰੇ। ਇਸ ਕਾਰਨ ਪੰਜਾਬ ਦੇ ਅੰਦਰ ਕਿਸਾਨਾਂ ਨੂੰ ਖ਼ੁਦਕੁਸ਼ੀਆਂ ਕਰਨੀਆਂ ਪੈ ਰਹੀਆਂ ਹਨ। ਵੇਖਣਾ ਹੁਣ ਇਹ ਹੋਵੇਗਾ ਕਿ ਕੈਪਟਨ ਹਕੂਮਤ ਦਾ ਇੱਕ ਸਾਲ ਦਾ ਕਾਰਜਕਾਲ ਰਹਿ ਗਿਆ ਹੈ, ਕੀ ਕੈਪਟਨ ਆਖ਼ਰੀ ਸਾਲ ਵਿੱਚ ਪੰਜਾਬ ਦੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਦੇ ਹਨ ਜਾਂ ਨਹੀਂ?